- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੜੇਮਾਰੀ ਨਾਲ ਜ਼ਿਲ੍ਹੇ ਵਿੱਚ 10 ਹਜ਼ਾਰ ਏਕੜ ਤੋਂ ਵੱਧ ਫਸਲ ਤਬਾਹ ਹੋਣ ਦਾ ਖਦਸ਼ਾ

-ਵਿਭਾਗ ਵੱਲੋਂ ਗਿਰਦਵਾਰੀ ਸ਼ੁਰੂ, ਕਿਸਾਨ ਕਣਕ ਦੀ ਵਾਢੀ ਲਈ ਕਾਹਲੇ, ਅੱਜ ਵੀ ਝੱਖੜ ਸਮੇਤ ਹੋ ਸਕਦੀ ਹੈ ਗੜੇਮਾਰੀ
14) ਜ਼ਿਲ੍ਹੇ ਅੰਦਰ ਗੜੇਮਾਰੀ ਕਰਨ ਤਬਾਹ ਹੋਈ ਫਸਲ ਵਿਖਾਉਦਾ ਹੋਇਆ ਕਿਸਾਨ।
15) ਕੋਠੇ ਸੰਧਵਾਂ ’ਚ ਕਣਕ ਦੀ ਖ਼ਰਾਬ ਹੋਈ ਫਸਲ ਸਬੰਧੀ ਜਾਣਕਾਰੀ ਦਿੰਦੇ ਪੀੜਤ ਕਿਸਾਨ।
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਵਿੱਚ ਹਾਲ ਹੀ ਵਿੱਚ ਹੋਈ ਗੜੇਮਾਰੀ ਨੇ ਕਿਸਾਨਾਂ ਨੂੰ ਵੱਡਾ ਝਟਕਾ ਦਿੱਤਾ ਹੈ। ਮੁੱਢਲੇ ਅੰਦਾਜ਼ਿਆਂ ਮੁਤਾਬਕ ਜ਼ਿਲ੍ਹੇ ਅੰਦਰ ਕਰੀਬ 10 ਹਜ਼ਾਰ ਏਕੜ ਤੋਂ ਵੱਧ ਫਸਲ ਤਬਾਹ ਹੋਈ ਹੈ, ਜਿਸ ਵਿੱਚ ਗੋਨਿਆਣਾ, ਬਾਲਿਆਂਵਾਲੀ ਅਤੇ ਸੰਗਤ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਦਿਖਾਈ ਦੇ ਰਹੇ ਹਨ। ਇਨ੍ਹਾਂ ਖੇਤਰਾਂ ਵਿੱਚ ਕਈ ਥਾਵਾਂ ’ਤੇ 100 ਫੀਸਦੀ ਤਕ ਨੁਕਸਾਨ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਗੋਨਿਆਣਾ ਖੇਤਰ ਵਿੱਚ ਲਗਭਗ 4000 ਏਕੜ, ਬਾਲਿਆਂਵਾਲੀ ਖੇਤਰ ਵਿੱਚ ਕਰੀਬ 2000 ਏਕੜ ਤੇ ਸੰਗਤ ਖੇਤਰ ਵਿੱਚ ਵੀ ਤਕਰੀਬਨ 3500 ਏਕੜ ਫਸਲ ਤਬਾਹ ਹੋਣ ਦਾ ਖਦਸ਼ਾ ਹੈ। ਹਾਲਾਂਕਿ ਅਧਿਕਾਰਤ ਅੰਕੜੇ ਗਿਰਦਾਵਰੀ ਤੋਂ ਬਾਅਦ ਹੀ ਸਪੱਸ਼ਟ ਹੋਣਗੇ, ਪਰ ਮੌਜੂਦਾ ਹਾਲਾਤ ਕਿਸਾਨਾਂ ਲਈ ਬਹੁਤ ਹੀ ਚਿੰਤਾਜਨਕ ਹਨ। ਗੜੇਮਾਰੀ ਦਾ ਸਭ ਤੋਂ ਵੱਧ ਅਸਰ ਪੱਕ ਚੁੱਕੀ ਕਣਕ ਦੀ ਫਸਲ ’ਤੇ ਪਿਆ ਹੈ। ਕਈ ਕਿਸਾਨਾਂ ਨੇ ਦੱਸਿਆ ਕਿ ਉਹ ਵਾਢੀ ਦੀ ਤਿਆਰੀ ਕਰ ਚੁੱਕੇ ਸਨ ਅਤੇ ਕੁਝ ਨੇ ਤਾਂ ਦੂਜੇ ਹੀ ਦਿਨ ਕਟਾਈ ਸ਼ੁਰੂ ਕਰਨੀ ਸੀ, ਪਰ ਇਕ ਦਿਨ ਪਹਿਲਾਂ ਆਏ ਇਸ ਕੁਦਰਤੀ ਕਹਿਰ ਨੇ ਸਾਰੀਆਂ ਉਮੀਦਾਂ ਤੋੜ ਦਿੱਤੀਆਂ। ਖੇਤਾਂ ਵਿੱਚ ਖੜੀ ਕਣਕ ਪੂਰੀ ਤਰ੍ਹਾਂ ਢਹਿ ਗਈ ਹੈ ਅਤੇ ਦਾਣਾ ਵੀ ਬੱਲੀਆਂ ਵਿੱਚੋਂ ਬਾਹਰ ਡਿੱਗ ਪਿਆ।
ਇਸ ਤੋਂ ਇਲਾਵਾ ਸਬਜ਼ੀਆਂ ਤੇ ਹਰੇ ਚਾਰੇ ਦੀਆਂ ਫਸਲਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਖਾਸ ਕਰਕੇ ਸਬਜ਼ੀ ਉਗਾਉਣ ਵਾਲੇ ਕਿਸਾਨਾਂ ਲਈ ਇਹ ਵੱਡੀ ਆਰਥਿਕ ਚੋਟ ਸਾਬਤ ਹੋ ਸਕਦੀ ਹੈ, ਕਿਉਂਕਿ ਉਨ੍ਹਾਂ ਦੀ ਆਮਦਨ ਦਾ ਮੁੱਖ ਸਰੋਤ ਇਹੀ ਫਸਲਾਂ ਹੁੰਦੀਆਂ ਹਨ। ਹਰੇ ਚਾਰੇ ਦੇ ਨੁਕਸਾਨ ਨਾਲ ਪਸ਼ੂਪਾਲਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪ੍ਰਭਾਵਿਤ ਕਿਸਾਨਾਂ ਨੇ ਸਰਕਾਰ ਤੋਂ ਤੁਰੰਤ ਮਦਦ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਮੌਸਮ ਦੀ ਮਾਰ ਕਾਰਨ ਖੇਤੀਬਾੜੀ ਘਾਟੇ ਵਿੱਚ ਚੱਲ ਰਹੀ ਹੈ ਅਤੇ ਹੁਣ ਇਸ ਤਰ੍ਹਾਂ ਦੀ ਗੜੇਮਾਰੀ ਨੇ ਉਨ੍ਹਾਂ ਦੀ ਆਰਥਿਕ ਹਾਲਤ ਹੋਰ ਵੀ ਖਰਾਬ ਕਰ ਦਿੱਤੀ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਗਿਰਦਾਵਰੀ ਕਰਵਾ ਕੇ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਘਰਾਂ ਦਾ ਗੁਜ਼ਾਰਾ ਕਰ ਸਕਣ। ਦੂਜੇ ਪਾਸੇ ਖੇਤੀਬਾੜੀ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਵੀ ਹਾਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨੁਕਸਾਨ ਦਾ ਅੰਦਾਜ਼ਾ ਲਗਾਉਣ ਲਈ ਜਲਦੀ ਹੀ ਟੀਮਾਂ ਮੌਕੇ ’ਤੇ ਭੇਜੀਆਂ ਜਾਣਗੀਆਂ ਅਤੇ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਕੁੱਲ ਮਿਲਾ ਕੇ ਗੜੇਮਾਰੀ ਨੇ ਜ਼ਿਲ੍ਹੇ ਵਿੱਚ ਵੱਡੀ ਤਬਾਹੀ ਮਚਾਈ ਹੈ, ਜਿਸ ਨਾਲ ਕਿਸਾਨਾਂ ਦੀ ਮਿਹਨਤ ਪਲਾਂ ਵਿੱਚ ਮਿਟ ਗਈ। ਹੁਣ ਸਭ ਦੀਆਂ ਨਿਗਾਹਾਂ ਸਰਕਾਰੀ ਮਦਦ ’ਤੇ ਟਿਕੀਆਂ ਹਨ, ਜੋ ਇਸ ਮੁਸ਼ਕਲ ਵੇਲੇ ਵਿਚ ਕਿਸਾਨਾਂ ਲਈ ਰਾਹਤ ਦਾ ਸਬਬ ਬਣ ਸਕਦੀ ਹੈ।
ਇਹ ਪਹਿਲੀ ਵਾਰ ਹੈ ਕਿ ਅਪ੍ਰੈਲ ਮਹੀਨੇ ਵਿਚ ਮੌਸਮ ਐਨਾ ਠੰਢਾ ਚੱਲ ਰਿਹਾ ਹੈ। ਦਿਨ ਦਾ ਘੱਟ ਤੋਂ ਘੱਟ ਤਾਪਮਾਨ 14 ਡਿਗਰੀ ਦੇ ਆਲੇ-ਦੁਆਲੇ ਚੱਲ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਪੱਛਮੀ ਗੜਬੜੀ ਕਾਰਨ ਅਜਿਹਾ ਮੌਸਮ ਬਣਿਆ ਹੈ। ਵਿਭਾਗ ਅਨੁਸਾਰ ਪੱਛਮੀ ਗੜਬੜੀ ਦੇ ਨਾਲ ਨਾਲ ਸਮੁੰਦਰ ਤੋਂ ਨਵੀਂ ਮਿਲ ਗਈ ਹੈ ਜਿਸ ਕਾਰਨ ਅਜਿਹਾ ਹੋ ਰਿਹਾ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਮਾਰਚ ਵਿੱਚ ਤਾਪਮਾਨ ਜ਼ਿਆਦਾ ਰਿਹਾ, ਜਿਸ ਕਾਰਨ ਇਹ ਹਾਲਾਤ ਪੈਦਾ ਹੋਏ ਹਨ। ਮੌਸਮ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਬੁੱਧਵਾਰ 8 ਅਪ੍ਰੈਲ ਨੂੰ ਪੰਜਾਬ ਅੰਦਰ ਝੱਖੜ ਤੇ ਗੜੇਮਾਰੀ ਹੋ ਸਕਦੀ ਹੈ। ਇਸ ਤੋਂ ਬਾਅਦ ਮੌਸਮ ਕੁਝ ਸਾਫ ਹੋਵੇਗਾ। ਮੰਗਲਵਾਰ ਨੂੰ ਆਸਮਾਨ ’ਤੇ ਸੰਘਣੀ ਬੱਦਲਬਾਈ ਛਾਈ ਰਹੀ ਅਤੇ ਤੇਜ ਹਵਾਵਾਂ ਚੱਲਦੀਆਂ ਰਹੀਆਂ, ਜਿਸ ਕਾਰਨ ਕਿਸਾਨ ਚਿੰਤਤ ਨਜ਼ਰ ਆਏ। ਮੰਗਲਵਾਰ ਨੂੰ ਘੱਟ ਤੋਂ ਘੱਟ ਤਾਪਮਾਨ 14.5 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 31.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।