- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੀਂਹ, ਗੜੇ ਅਤੇ ਤੇਜ਼ ਹਵਾਵਾਂ ਨੇ ਅੰਨਦਾਤਾ ਫ਼ਿਕਰਾਂ 'ਚ ਪਾਇਆ

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ
ਮਾਰਚ ਮਹੀਨੇ ਦੇ ਅਖੀਰਲੇ ਦਿਨਾਂ ਵਿਚ ਮੌਸਮ ਨੇ ਅਚਾਨਕ ਪਾਸਾ ਬਦਲ ਲਿਆ ਹੈ। ਜਿਸ ਕਾਰਨ ਪੰਜਾਬ ਸਮੇਤ ਉੱਤਰ ਭਾਰਤ ਦੇ ਕਿਸਾਨਾਂ ਵਿਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਤੇਜ਼ ਗਰਮੀ ਤੋਂ ਬਾਅਦ ਹੁਣ ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਮੀਂਹ, ਗੜੇ ਪੈਣ ਕਾਰਨ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਹਾੜ੍ਹੀ ਦੀ ਮੁੱਖ ਫ਼ਸਲ ਕਣਕ ਇਸ ਸਮੇਂ ਪਕਾਅ ਦੇ ਆਖਰੀ ਪੜਾਅ 'ਤੇ ਹੈ ਅਤੇ ਵਾਢੀ ਦੇ ਦਿਨ ਬਿਲਕੁਲ ਨੇੜੇ ਹਨ। ਅਜਿਹੇ ਵੇਲੇ ਮੌਸਮ ਵਿਚ ਆਈ ਤਬਦੀਲੀ ਨੇ ਅੰਨਦਾਤਾ ਨੂੰ ਫਿਕਰਾਂ ਵਿੱਚ ਡੁੱਬੋ ਦਿੱਤਾ ਹੈ। ਪਿਛਲੇ ਦੋ ਦਿਨਾਂ ਤੋਂ ਵਿਗੜੇ ਮੌਸਮ ਦੇ ਮਿਜ਼ਾਜ ਨੇ ਕਿਸਾਨਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਤੜਕਸਾਰ ਹੋਈ ਹਲਕੀ ਬਾਰਸ਼ ਅਤੇ ਤੇਜ਼ ਹਵਾਵਾਂ ਨਾਲ ਗੜੇ ਵੀ ਪਏ ਹਨ। ਜਿਸ ਨਾਲ ਖੇਤਾਂ ਵਿਚ ਖੜ੍ਹੀ ਫਸਲ ਲਈ ਖਤਰਾ ਪੈਦਾ ਹੋ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਮੌਸਮ ਉਸ ਸਮੇਂ ਬਦਲਿਆ ਹੈ ਜਦੋਂ ਕਣਕ ਪੂਰੀ ਤਰ੍ਹਾਂ ਪੱਕ ਕੇ ਤਿਆਰ ਖੜ੍ਹੀ ਹੈ। ਜੇਕਰ ਇਸ ਦੌਰਾਨ ਤੇਜ਼ ਹਵਾਵਾਂ ਜਾਂ ਝੱਖੜ ਚੱਲਦੇ ਹਨ ਤਾਂ ਕਣਕ ਦੇ ਡਿੱਗਣ ਦਾ ਖਤਰਾ ਵੱਧ ਜਾਂਦਾ ਹੈ, ਜਿਸ ਨਾਲ ਉਤਪਾਦਨ ਤੇ ਗੁਣਵੱਤਾ ਦੋਵੇਂ ਪ੍ਰਭਾਵਿਤ ਹੋ ਸਕਦੇ ਹਨ।ਖੇਤੀ ਮਾਹਿਰਾਂ ਦੇ ਅਨੁਸਾਰ ਇਸ ਸਮੇਂ ਦਿਨ ਵਿਚ ਧੁੱਪ ਅਤੇ ਰਾਤ ਨੂੰ ਸਾਫ਼ ਮੌਸਮ ਕਣਕ ਦੀ ਕਟਾਈ ਅਤੇ ਵਢਾਈ ਲਈ ਬਹੁਤ ਜ਼ਰੂਰੀ ਹੁੰਦਾ ਹੈ ਪਰ ਮੌਜੂਦਾ ਹਾਲਾਤ ਇਸ ਦੇ ਉਲਟ ਹਨ, ਜਿਸ ਨਾਲ ਕਿਸਾਨਾਂ ਦੀਆਂ ਉਮੀਦਾਂ 'ਤੇ ਪਾਣੀ ਫਿਰਨ ਦਾ ਡਰ ਬਣ ਗਿਆ ਹੈ।
-ਬਾਕਸ-
-ਖੇਤੀਬਾੜੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਸਲਾਹ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਅਗਲੇ ਦੋ ਦਿਨਾਂ ਦੌਰਾਨ ਹਲਕੀ ਅਤੇ ਦਰਮਿਆਨੀ ਬਾਰਸ਼ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਮਾਹਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਇਸ ਦੌਰਾਨ ਸਬਜ਼ੀਆਂ ਅਤੇ ਹਰੇ-ਚਾਰੇ ਵਾਲੀਆਂ ਫ਼ਸਲਾਂ ‘ਤੇ ਨਾ ਤਾਂ ਸਪਰੇਅ ਕੀਤਾ ਜਾਵੇ ਅਤੇ ਨਾ ਹੀ ਸਿੰਚਾਈ ਕੀਤੀ ਜਾਵੇ। ਇਸ ਤੋਂ ਇਲਾਵਾ ਕੱਟੀਆਂ ਹੋਈਆਂ ਫ਼ਸਲਾਂ ਨੂੰ ਸੁਰੱਖਿਅਤ ਥਾਵਾਂ 'ਤੇ ਰੱਖਣ ਦੀ ਹਦਾਇਤ ਦਿੱਤੀ ਗਈ ਹੈ। ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਅਧਿਕਾਰੀਆਂ ਨੇ ਵੀ ਮਾਲਵਾ ਖੇਤਰ ਵਿਚ ਅਗਲੇ ਦੋ ਦਿਨ ਮੌਸਮ ਦੇ ਖਰਾਬ ਰਹਿਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਮੀਂਹ ਕੁਝ ਹੱਦ ਤਕ ਫ਼ਸਲ ਲਈ ਲਾਭਦਾਇਕ ਹੋ ਸਕਦਾ ਹੈ, ਉੱਥੇ ਹੀ ਤੇਜ਼ ਹਵਾਵਾਂ ਕਣਕ ਨੂੰ ਜ਼ਮੀਨ ‘ਤੇ ਵਿਛਾ ਸਕਦੀਆਂ ਹਨ, ਜਿਸ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ। ਤੂਫ਼ਾਨ ਅਤੇ ਤੇਜ਼ ਹਵਾਵਾਂ ਦਾ ਅਲਰਟ ਮੌਸਮ ਵਿਭਾਗ ਅਨੁਸਾਰ ਅਗਲੇ ਚਾਰ ਦਿਨਾਂ ਤਕ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਮੌਸਮ ਅਸਥਿਰ ਰਹਿ ਸਕਦਾ ਹੈ। ਕਈ ਥਾਵਾਂ ‘ਤੇ ਗਰਜ-ਤੂਫ਼ਾਨ ਦੇ ਨਾਲ ਮੀਂਹ ਅਤੇ ਕੁਝ ਇਲਾਕਿਆਂ ਵਿਚ ਗੜੇ ਪੈਣ ਦੀ ਵੀ ਸੰਭਾਵਨਾ ਹੈ। ਹਵਾਵਾਂ ਦੀ ਰਫ਼ਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਸੰਭਾਵਨਾ ਹੈ, ਜੋ ਕਈ ਵਾਰ 50 ਕਿਲੋਮੀਟਰ ਪ੍ਰਤੀ ਘੰਟਾ ਤਕ ਵੀ ਪਹੁੰਚ ਸਕਦੀ ਹੈ। ਮੌਸਮ ਦੇ ਇਸ ਬਦਲੇ ਮਿਜ਼ਾਜ ਨੇ ਕਿਸਾਨਾਂ ਦੀਆਂ ਧੜਕਣਾਂ ਤੇਜ਼ ਕਰ ਦਿੱਤੀਆਂ ਹਨ। ਹੁਣ ਸਭ ਦੀਆਂ ਨਿਗਾਹਾਂ ਆਉਣ ਵਾਲੇ ਦਿਨਾਂ ਦੇ ਮੌਸਮ ‘ਤੇ ਟਿਕੀਆਂ ਹੋਈਆਂ ਹਨ ਕਿ ਕਿਤੇ ਇਹ ਬਦਲਾਅ ਉਨ੍ਹਾਂ ਦੀ ਸਾਲ ਭਰ ਦੀ ਮਿਹਨਤ ‘ਤੇ ਪਾਣੀ ਨਾ ਫੇਰ ਦੇਵੇ।