- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਠਿੰਡਾ ਵਿੱਚ ਮੌਸਮ ਨੇ ਬਦਲਿਆ ਮਿਜ਼ਾਜ: ਮੀਂਹ ਤੇ ਬੱਦਲਵਾਈ ਨਾਲ ਵਧੀ ਠੰਢ, ਕਣਕ ਦੀ ਫਸਲ ਨੂੰ ਲੈ ਕੇ ਕਿਸਾਨ ਚਿੰਤਤ

-ਅਗਲੇ ਚਾਰ ਪੰਜ ਦਿਨ ਤੇਜ਼ ਹਵਾਵਾਂ ਨਾਲ ਹਲਕਾ ਮੀਂਹ ਪੈਣ ਦੀ ਸੰਭਾਵਨਾ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਵਿਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਦੇ ਮਿਜ਼ਾਜ ਵਿੱਚ ਲਗਾਤਾਰ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਪੱਛਮੀ ਵਿਘਨ ਦੇ ਪ੍ਰਭਾਵ ਕਾਰਨ ਅਸਮਾਨ ’ਚ ਘਣੇ ਬੱਦਲ ਛਾਏ ਰਹੇ ਅਤੇ ਹਲਕੇ ਮੀਂਹ ਨਾਲ ਤਾਪਮਾਨ ਵਿੱਚ ਕਮੀ ਦਰਜ ਕੀਤੀ ਹੈ। ਇਸ ਕਾਰਨ ਇਕ ਵਾਰ ਫਿਰ ਠੰਢ ਦਾ ਅਹਿਸਾਸ ਵਧ ਗਿਆ ਹੈ। ਲੋਕਾਂ ਨੇ ਮੁੜ ਗਰਮ ਕੱਪੜੇ ਪਹਿਨਣੇ ਸ਼ੁਰੂ ਕਰ ਦਿੱਤੇ ਹਨ, ਜਦਕਿ ਕਿਸਾਨਾਂ ਦੀ ਚਿੰਤਾ ਵੀ ਵਧ ਗਈ ਹੈ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ 18 ਮਾਰਚ ਨੂੰ ਵੱਧ ਤੋਂ ਵੱਧ ਤਾਪਮਾਨ 23.5 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 14.2 ਡਿਗਰੀ ਦਰਜ ਕੀਤਾ ਗਿਆ। 19 ਮਾਰਚ ਨੂੰ 6 ਮਿਲੀਮੀਟਰ ਵਰਖਾ ਹੋਣ ਨਾਲ ਵੱਧ ਤੋਂ ਵੱਧ ਤਾਪਮਾਨ ਘਟ ਕੇ 19 ਡਿਗਰੀ ਰਹਿ ਗਿਆ, ਜਦਕਿ ਘੱਟ ਤੋਂ ਘੱਟ ਤਾਪਮਾਨ 15 ਡਿਗਰੀ ਦਰਜ ਹੋਇਆ। ਇਸ ਦਿਨ ਨਮੀ ਦਾ ਪੱਧਰ 92 ਫੀਸਦੀ ਤਕ ਪਹੁੰਚ ਗਿਆ ਤੇ ਧੁੱਪ ਨਹੀਂ ਨਿਕਲੀ। 20 ਮਾਰਚ ਨੂੰ ਵੀ ਅਸਮਾਨ ਵਿਚ ਬੱਦਲ ਛਾਏ ਰਹੇ। ਇਸ ਦਿਨ ਵੱਧ ਤੋਂ ਵੱਧ ਤਾਪਮਾਨ 19.8 ਡਿਗਰੀ ਤੇ ਘੱਟ ਤੋਂ ਘੱਟ 13.5 ਡਿਗਰੀ ਦਰਜ ਕੀਤਾ। ਨਮੀ ਦਾ ਪੱਧਰ 98 ਫੀਸਦੀ ਤਕ ਪਹੁੰਚਣ ਕਾਰਨ ਵਾਤਾਵਰਨ ਵਿੱਚ ਠੰਢਕ ਬਣੀ ਰਹੀ। ਹਾਲਾਂਕਿ ਵਰਖਾ ਨਹੀਂ ਹੋਈ, ਪਰ ਧੁੱਪ ਨਹੀਂ ਨਿਕਲੀ। 21 ਮਾਰਚ ਨੂੰ ਮੌਸਮ ਵਿੱਚ ਹਲਕਾ ਬਦਲਾਅ ਵੇਖਣ ਨੂੰ ਮਿਲਿਆ। ਵੱਧ ਤੋਂ ਵੱਧ ਤਾਪਮਾਨ ਵੱਧ ਕੇ 26.5 ਡਿਗਰੀ ਤਕ ਪਹੁੰਚ ਗਿਆ, ਜਦਕਿ ਘੱਟ ਤੋਂ ਘੱਟ ਤਾਪਮਾਨ 11 ਡਿਗਰੀ ਦਰਜ ਕੀਤਾ ਗਿਆ। ਸਵੇਰੇ ਅਤੇ ਰਾਤ ਦੇ ਸਮੇਂ ਠੰਢ ਦਾ ਅਸਰ ਜ਼ਿਆਦਾ ਮਹਿਸੂਸ ਕੀਤਾ ਗਿਆ, ਜਦਕਿ ਦਿਨ ’ਚ ਹਲਕੀ ਧੁੱਪ ਨਾਲ ਕੁਝ ਰਾਹਤ ਮਿਲੀ। ਮੌਸਮ ਵਿਗਿਆਨੀਆਂ ਦੇ ਅਨੁਸਾਰ ਬੱਦਲਾਂ ਅਤੇ ਵਰਖਾ ਕਾਰਨ ਤਾਪਮਾਨ ਵਿੱਚ ਉਤਾਰ-ਚੜ੍ਹਾਅ ਬਣਿਆ ਹੋਇਆ ਹੈ। ਆਉਣ ਵਾਲੇ ਇਕ-ਦੋ ਦਿਨਾਂ ਵਿੱਚ ਮੁੜ ਵਰਖਾ ਦੀ ਸੰਭਾਵਨਾ ਜਤਾਈ ਗਈ ਹੈ, ਜਿਸ ਨਾਲ ਮੌਸਮ ਠੰਢਾ ਰਹਿ ਸਕਦਾ ਹੈ। ਇਸ ਬਦਲਦੇ ਮੌਸਮ ਦਾ ਸਭ ਤੋਂ ਵੱਧ ਅਸਰ ਕਿਸਾਨਾਂ ‘ਤੇ ਪੈ ਰਿਹਾ ਹੈ। ਖੇਤਾਂ ਵਿੱਚ ਖੜ੍ਹੀ ਕਣਕ ਦੀ ਫ਼ਸਲ ‘ਤੇ ਇਸ ਮੌਸਮ ਦੇ ਮਾਰੂ ਅਸਰ ਦੀ ਸੰਭਾਵਨਾ ਹੈ। ਵੱਧ ਨਮੀ ਅਤੇ ਬੱਦਲਾਂ ਕਾਰਨ ਫ਼ਸਲ ਦੇ ਪੱਕਣ ਦੀ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ, ਜਿਸ ਕਾਰਨ ਕਿਸਾਨ ਚਿੰਤਤ ਹਨ। ਡਾਕਟਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਬਦਲਦੇ ਮੌਸਮ ਵਿੱਚ ਸਾਵਧਾਨ ਰਹਿਣ, ਖ਼ਾਸ ਕਰਕੇ ਬੱਚਿਆਂ ਅਤੇ ਬੁਜ਼ੁਰਗਾਂ ਦੀ ਸੰਭਾਲ ਕਰਨੀ ਜ਼ਰੂਰੀ ਹੈ। ਮੌਸਮ ਵਿਭਾਗ ਅਨੁਸਾਰ 25 ਮਾਰਚ ਤਕ ਜ਼ਿਲ੍ਹੇ ਅੰਦਰ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੇ ਨਾਲ-ਨਾਲ ਹਵਾਵਾਂ ਚੱਲ ਸਕਦੀਆਂ ਹਨ। ਕੁੱਝ ਥਾਵਾਂ ‘ਤੇ ਆਸਮਾਨੀ ਬਿਜਲੀ ਡਿੱਗ ਸਕਦੀ ਹੈ। ਅਗਲੇ ਦਿਨਾਂ ਵਿਚ ਵੱਧ ਤੋਂ ਵੱਧ ਤਾਪਮਾਨ 21 ਤੋਂ 27 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ ਤਾਪਮਾਨ 13 ਤੋਂ 16 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਇਸ ਦੌਰਾਨ 6 ਤੋਂ 10 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ ਹਵਾ ਚੱਲਣ ਦਾ ਅਨੁਮਾਨ ਹੈ। ਖੇਤੀ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੁੱਝ ਦਿਨ ਫਸਲਾਂ ਨੂੰ ਪਾਣੀ ਨਾਂ ਦੇਣ ਕਿਉਂਕਿ ਜੇਕਰ ਤੇਜ ਹਵਾ ਚੱਲਦੀ ਹੈ ਤਾਂ ਫਸਲ ਧਰਤੀ ’ਤੇ ਡਿੱਗ ਸਕਦੀ ਹੈ।