ਜਾਇਦਾਦ ਦੇ ਝਗੜੇ ਕਾਰਨ ਮਾਂ ’ਤੇ ਚੜ੍ਹਾਇਆ ਟਰੈਕਟਰ, ਵੀਡੀਓ ਵਾਇਰਲ
ਜਾਇਦਾਦ ਦੇ ਝਗੜੇ ਕਾਰਨ ਮਾਂ ’ਤੇ ਚੜ੍ਹਾਇਆ ਟਰੈਕਟਰ , ਸੋਸ਼ਲ ਮੀਡੀਆਂ 'ਤੇ ਵਾਇਰਲ ਹੋਈ ਵੀਡੀਓ
Publish Date: Wed, 08 Apr 2026 06:04 PM (IST)
Updated Date: Thu, 09 Apr 2026 04:05 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਦੇ ਪਿੰਡ ਮਹਿਮਾ ਸਰਜਾ ’ਚ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਾਇਦਾਦ ਦੇ ਝਗੜੇ ਕਾਰਨ ਇਕ ਪੁੱਤਰ ਨੇ ਆਪਣੀ ਬਜ਼ੁਰਗ ਮਾਂ ’ਤੇ ਟਰੈਕਟਰ ਚੜ੍ਹਾ ਦਿੱਤਾ। ਇਸ ਤੋਂ ਬਾਅਦ ਦੋਸ਼ੀ ਨੇ ਬਜ਼ੁਰਗ ਔਰਤ ਨੂੰ ਸੜਕ 'ਤੇ ਘਸੀਟ ਕੇ ਪਾਸੇ ਕਰ ਦਿੱਤਾ। ਇਹ ਸਾਰੀ ਘਟਨਾ ਗਲੀ ਵਿਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਹੈ ਤੇ ਇਹ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਾਣਕਾਰੀ ਅਨੁਸਾਰ ਨਸੀਬ ਕੌਰ ਅਤੇ ਉਸਦੇ ਪੁੱਤਰ ਕੁਲਦੀਪ ਸਿੰਘ ਵਿਚਕਾਰ ਜਾਇਦਾਦ ਅਤੇ ਮਸ਼ੀਨਰੀ ਦੀ ਵੰਡ ਸਬੰਧੀ ਲੰਬੇ ਸਮੇਂ ਤੋਂ ਝਗੜਾ ਚਲ ਰਿਹਾ ਸੀ। ਸੋਮਵਾਰ ਨੂੰ ਜਦੋਂ ਕੁਲਦੀਪ ਸਿੰਘ ਟਰੈਕਟਰ ਲੈ ਕੇ ਆ ਰਿਹਾ ਸੀ ਤਾਂ ਨਸੀਬ ਕੌਰ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਹ ਵਿਰੋਧ ਕਰਨ ਲਈ ਟਰੈਕਟਰ ਦੇ ਸਾਹਮਣੇ ਲੇਟ ਗਈ। ਸੀਸੀਟੀਵੀ ਫੁਟੇਜ ’ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਉਕਤ ਵਿਅਕਤੀ ਨੇ ਟਰੈਕਟਰ ਨਹੀਂ ਰੋਕਿਆ ਤੇ ਟਰੈਕਟਰ ਆਪਣੀ ਮਾਂ ਉੱਪਰ ਚੜ੍ਹਾ ਦਿੱਤਾ। ਖੁਸ਼ਕਿਸਮਤੀ ਨਾਲ ਬਜ਼ੁਰਗ ਔਰਤ ਬਚ ਗਈ, ਪਰ ਉਸਨੂੰ ਸੱਟਾਂ ਲੱਗੀਆਂ। ਘਟਨਾ ਤੋਂ ਬਾਅਦ ਵੀ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਰਾਹਗੀਰਾਂ ਨੇ ਤੁਰੰਤ ਜ਼ਖਮੀ ਔਰਤ ਨੂੰ ਗੋਨਿਆਣਾ ਦੇ ਸਿਵਲ ਹਸਪਤਾਲ ਪਹੁੰਚਾਇਆ। ਡਾਕਟਰਾਂ ਅਨੁਸਾਰ ਬਜ਼ੁਰਗ ਔਰਤ ਦੇ ਸਰੀਰ ਦੇ ਕਈ ਹਿੱਸਿਆਂ ਵਿਚ ਅੰਦਰੂਨੀ ਸੱਟਾਂ ਲੱਗੀਆਂ ਹਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਹਰਕਤ ’ਚ ਆਈ ਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਭੁੱਚੋ ਦੇ ਡੀਐੱਸਪੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸੀਸੀਟੀਵੀ ਫੁਟੇਜ ਜ਼ਬਤ ਕਰ ਲਈ ਹੈ ਤੇ ਇਸਨੂੰ ਜਾਂਚ ’ਚ ਮੁੱਖ ਸਬੂਤ ਵਜੋਂ ਸ਼ਾਮਲ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ ਅਤੇ ਇਸ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਪੀੜਤਾ ਦੇ ਬਿਆਨ ਦਰਜ ਕਰਨ ਤੋਂ ਬਾਅਦ ਦੋਸ਼ੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਨੇ ਨਾ ਸਿਰਫ਼ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਹੈ ਸਗੋਂ ਸਮਾਜ ਵਿਚ ਵਧ ਰਹੇ ਪਰਿਵਾਰਕ ਝਗੜਿਆਂ ਦੀ ਖ਼ਤਰਨਾਕ ਤਸਵੀਰ ਨੂੰ ਵੀ ਉਜਾਗਰ ਕੀਤਾ ਹੈ। ਦੂਜੇ ਪਾਸੇ ਕੁਲਦੀਪ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਦੀ ਜਾਇਦਾਦ ਦੀ ਵੰਡ ਨੂੰ ਲੈ ਕੇ ਲਿਖਤ ਹੋਈ ਹੈ ਪਰ ਹੁਣ ਉਸਦੀ ਮਾਤਾ ਉਸਨੂੰ ਤੂੜੀ ਬਣਾਉਣ ਵਾਲੀ ਮਸ਼ੀਨ ਨਹੀਂ ਚਲਾਉਣ ਦੇ ਰਹੀ। ਜਦੋਂ ਊੁਹ ਟਰੈਕਟਰ ਲੈ ਕੇ ਲੰਘ ਰਿਹਾ ਸੀ ਤਾਂ ਉਸਦੀ ਮਾਂ ਸਾਹਮਣੇ ਲੇਟ ਗਈ।