- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸੁੰਦਰ ਲਿਖਾਈ ਅਤੇ ਅੱਖਰਕਾਰੀ ਵਰਕਸ਼ਾਪ

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਦੇ ਪੰਜਾਬੀ ਵਿਭਾਗ ਵੱਲੋਂ ਗੁਰੂ ਕਾਸ਼ੀ ਸਾਹਿਤ ਅਕਾਦਮੀ ਤਲਵੰਡੀ ਸਾਬੋ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਅਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਤੇ ਲਿਪੀ ਸੁੰਦਰਤਾ ਦੇ ਉਤਸ਼ਾਹ ਲਈ ਇਕ ਸੁੰਦਰ ਲਿਖਾਈ ਤੇ ਵਿਸ਼ੇਸ਼ ਅੱਖਰਕਾਰੀ ਵਰਕਸ਼ਾਪ ਕਰਵਾਈ। ਇਸ ਵਰਕਸ਼ਾਪ ਲਈ ਅੱਖਰਕਾਰੀ ਦੇ ਪ੍ਰਸਿੱਧ ਵਿਦਵਾਨ ਅਤੇ ਲੇਖਕ ਜਗਤਾਰ ਸਿੰਘ ਸੋਖੀ ਵਿਸ਼ੇਸ਼ ਰੂਪ ’ਚ ਵਿਦਿਆਰਥੀਆਂ ਦੇ ਰੂਬਰੂ ਹੋਏ। ਗੁਰੂ ਕਾਸ਼ੀ ਸਾਹਿਤ ਅਕਾਦਮੀ ਦੇ ਉਚੇਚੇ ਸਹਿਯੋਗ ਨਾਲ ਲਗਾਈ ਗਈ ਇਸ ਵਰਕਸ਼ਾਪ ਦੀ ਸ਼ੁਰੂਆਤ ਵਿੱਚ ਸਾਹਿਤ ਸਭਾ ਦੇ ਚੇਅਰਮੈਨ ਪ੍ਰਿੰਸੀਪਲ ਬਲਵੀਰ ਸਿੰਘ ਸਨੇਹੀ ਵਲੋਂ ਮੁੱਖ ਮਹਿਮਾਨ ਜਗਤਾਰ ਸਿੰਘ ਸੋਖੀ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਪੰਜਾਬੀ ਮਾਂ ਬੋਲੀ ਅਤੇ ਗੁਰਮੁਖੀ ਲਿਪੀ ਦੀ ਵਿਲੱਖਣਤਾ ਅਤੇ ਮਹੱਤਤਾ ਉੱਤੇ ਚਾਨਣਾ ਪਾਉਂਦਿਆਂ ਕਿਹਾ ਕਿ ਮਾਤ ਭਾਸ਼ਾ ਹੀ ਸ਼ਖ਼ਸੀਅਤ ਉਸਾਰੀ ਲਈ ਲਾਜ਼ਮੀ ਹੁੰਦੀ ਹੈ। ਪੰਜਾਬੀ ਮਾਂ ਬੋਲੀ ’ਚ ਹੀ ਸਾਡਾ ਸਭਿਆਚਾਰ ਅਤੇ ਵਿਰਾਸਤ ਸ਼ਾਮਲ ਹੈ ਅਤੇ ਸਾਡਾ ਵਿਰਸਾ ਹੀ ਸਾਡੀ ਪਹਿਚਾਣ ਹੁੰਦਾ ਹੈ।
ਸੋਖ ਨੇ ਵਿਦਿਆਰਥਣਾਂ ਨੂੰ ਅੱਖਰਕਾਰੀ ਦੀ ਬੁਨਿਆਦੀ ਜਾਣਕਾਰੀ ਦਿੰਦਿਆਂ ਅੱਖਰਾਂ ਦੀ ਬਣਤਰ, ਲਕੀਰਾਂ ਦੀ ਸਹੀ ਮੋੜ-ਤੋੜ ਅਤੇ ਲਿਖਤ ਦੀ ਸੁੰਦਰਤਾ ਬਾਰੇ ਪ੍ਰਯੋਗਾਤਮਕ ਸਿਖਲਾਈ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਅੱਖਰਕਾਰੀ ਸਿਰਫ਼ ਲਿਖਣ ਦੀ ਕਲਾ ਨਹੀਂ, ਸਗੋਂ ਇਹ ਸਾਡੀ ਸਭਿਆਚਾਰਕ ਪਛਾਣ ਤੇ ਰੂਹਾਨੀ ਵਿਰਾਸਤ ਨਾਲ ਜੁੜੀ ਹੋਈ ਹੈ। ਵਰਕਸ਼ਾਪ ਦੌਰਾਨ ਲਗਭਗ 70 ਵਿਦਿਆਰਥੀਆਂ ਨੇ ਇਸ ਵਰਕਸ਼ਾਪ ਨੂੰ ਬਹੁਤ ਹੀ ਉਤਸੁਕਤਾ ਅਤੇ ਉਤਸ਼ਾਹ ਨਾਲ ਮਾਣਿਆ ਅਤੇ ਵੱਖ-ਵੱਖ ਸ਼ਬਦਾਂ ਅਤੇ ਵਾਕਾਂ ਦੀ ਸੁੰਦਰ ਲਿਖਤ ਤਿਆਰ ਕੀਤੀ।
ਇਸ ਸਮੇਂ ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੇ ਅੱਖਰਕਾਰੀ ਨਾਲ ਸਬੰਧਤ ਪ੍ਰਸ਼ਨ ਪੁੱਛ ਕੇ ਆਪਣੇ ਸਵਾਲਾਂ ਦੀ ਤ੍ਰਿਪਤੀ ਕੀਤੀ ਅਤੇ ਉਹਨਾਂ ਵਲੋਂ ਸੁੰਦਰ ਲਿਖਾਈ ਵਿੱਚ ਭਾਗ ਲੈਕੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਵਿਭਾਗ ਮੁਖੀ ਡਾ.ਅਮਨਪਾਲ ਕੌਰ ਨੇ ਜਗਤਾਰ ਸੋਖੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਸਰਗਰਮੀਆਂ ਨਾਲ ਵਿਦਿਆਰਥੀਆਂ ਵਿੱਚ ਮਾਂ ਬੋਲੀ ਪ੍ਰਤੀ ਸਨੇਹ ਅਤੇ ਰਚਨਾਤਮਕਤਾ ਦਾ ਵਿਕਾਸ ਹੁੰਦਾ ਹੈ।
ਅੱਖਰਕਾਰੀ ਦੇ ਨਿਯਮਾਂ ਤੋਂ ਅਸੀਂ ਅਕਸਰ ਅਵੇਸਲੇ ਰਹਿੰਦੇ ਹਾਂ ਅਤੇ ਵਿਦਿਆਰਥੀਆਂ ਵਿੱਚ ਇਸ ਦੇ ਨਿਯਮਾਂ ਦੀ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ। ਇਸ ਤਹਿਤ ਅੱਜ ਦੀ ਇਹ ਵਰਕਸ਼ਾਪ ਨਿਸ਼ਚੇ ਹੀ ਵਿਦਿਆਰਥੀਆਂ ਲਈ ਸਹਾਈ ਹੋਵੇਗੀ। ਕਾਲਜ ਪ੍ਰਿੰਸੀਪਲ ਡਾ ਨਰਿੰਦਰ ਸਿੰਘ ਵਲੋਂ ਪੰਜਾਬੀ ਵਿਭਾਗ ਨੂੰ ਇਸ ਵਰਕਸ਼ਾਪ ਦੀ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਵਿਦਿਆਰਥੀਆਂ ਲਈ ਇਸ ਤਰ੍ਹਾਂ ਦੇ ਉਪਰਾਲਿਆਂ ਦੀ ਆਸ ਪ੍ਰਗਟਾਈ। ਸਮਾਗਮ ਦੇ ਅੰਤ ‘ਤੇ ਜਗਤਾਰ ਸਿੰਘ ਸੋਖੀ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਅਤੇ ਸੁੰਦਰ ਲਿਖਾਈ ਵਿੱਚ ਭਾਗ ਲੈਕੇ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।