ਪੰਜਾਬ ’ਚ ‘ਆਪ’ ਦੀ ਸਰਕਾਰ ਦੌਰਾਨ ਰਿਸ਼ਵਤਖ਼ੋਰੀ ਘਟੀ : ਸੰਧਵਾਂ
ਪੰਜਾਬ ਵਿੱਚ ਆਪ ਸਰਕਾਰ ਬਣਨ ਬਾਅਦ ਰਿਸ਼ਵਤ ਖੋਰੀ ਘਟੀ: ਕੁਲਤਾਰ ਸਿੰਘ ਸੰਧਵਾਂ
Publish Date: Sat, 17 Jan 2026 05:32 PM (IST)
Updated Date: Sun, 18 Jan 2026 04:10 AM (IST)
-ਸਪੀਕਰ ਨੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਜਲਦ ਹੱਲ ਕਰਨ ਦਾ ਦਿੱਤਾ ਭਰੋਸਾ
ਹਰਪ੍ਰੀਤ ਸਿੰਘ ਮਦੇਸ਼ਾ, ਪੰਜਾਬੀ ਜਾਗਰਣ, ਨਥਾਣਾ
ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਪੰਜਾਬ ਵਿੱਚ ਰਿਸ਼ਵਤ ਵੱਡੇ ਪੱਧਰ ’ਤੇ ਘੱਟ ਹੋਈ ਹੈ। ਸਰਕਾਰ ਰਿਸ਼ਵਤ ਖੋਰਾ ਦੇ ਖ਼ਿਲਾਫ ਜ਼ੀਰੋ ਟੋਲਰੈਂਸ ਨੀਤੀ ਅਪਨਾ ਰਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਨੇੜਲੇ ਪਿੰਡ ਪੂਹਲਾ ਵਿਖੇ ਪੱਤਰਕਾਰ ਸੁਖਨੈਬ ਸਿੰਘ ਸਿੱਧੂ ਇੰਡੀਅਨ ਜਰਨਲਿਸਟ ਯੂਨੀਅਨ ਦੇ ਨੈਸ਼ਨਲ ਕੌਂਸਲ ਮੈਂਬਰ ਦੇ ਗ੍ਰਹਿ ਵਿਖੇ ਇਕ ਨਿੱਜੀ ਮਿਲਣੀ ਦੌਰਾਨ ਕੀਤਾ। ਸੰਧਵਾ ਨੇ ਆਖਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਰਿਸ਼ਵਤ ਖੋਰੀ ਦੇ ਵਿਰੁੱਧ ਮੁਹਿੰਮ ਸਖਤੀ ਨਾਲ ਚੱਲ ਰਹੀ ਹੈ, ਜਿਸ ਦੇ ਬਹੁਤ ਸਲਾਹੁਣਯੋਗ ਨਤੀਜੇ ਵੀ ਸਾਹਮਣੇ ਆਏ ਹਨ।
ਉਨ੍ਹਾਂ ਤਹਿਸੀਲਾਂ ਵਿਚ ਚਲਦੇ ਭ੍ਰਿਸ਼ਟਾਚਾਰ ਨੂੰ ਵੱਡੇ ਪੱਧਰ ’ਤੇ ਨੱਥ ਪਾਈ ਹੈ। ਹੁਣ ਰਜਿਸਟਰੀਆਂ ਆਨਲਾਈਨ ਹੋਣ ਨਾਲ ਬਹੁਤ ਸਾਰਾ ਕੰਮ ਪਾਰਦਰਸ਼ੀ ਹੋਣ ਲੱਗਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਜੇ ਕੋਈ ਤਰੁਟੀਆਂ ਹਨ ਤਾਂ ਉਹ ਵੀ ਦੂਰ ਕਰ ਲਈਆਂ ਜਾਣਗੀਆਂ। ਇਸ ਮੌਕੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਆਗੂਆਂ ਪਰਵਿੰਦਰ ਸਿੰਘ ਜੌੜਾ, ਗੁਰਦਰਸ਼ਨ ਸਿੰਘ ਲੁੱਧੜ, ਚਰਨਜੀਤ ਸਿੰਘ ਚੰਨਾ, ਮਨਿੰਦਰ ਸਿੰਘ ਸਿੱਧੂ ਅਤੇ ਰਾਜਵਿੰਦਰ ਸਿੰਘ ਰੰਗੀਲਾ ਵੱਲੋਂ ਪੰਜਾਬ ਸਰਕਾਰ ਦੁਆਰਾ ਪੱਤਰਕਾਰਾਂ ਖਿਲਾਫ ਦਰਜ ਕੀਤੇ ਕੇਸਾਂ ਨੂੰ ਰੱਦ ਕਰਨ ਸਬੰਧੀ ਇਕ ਮੰਗ ਪੱਤਰ ਦਿੱਤਾ। ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਪਰਵਿੰਦਰ ਸਿੰਘ ਜੌੜਾ ਨੇ ਸਪੀਕਰ ਦੇ ਧਿਆਨ ਵਿੱਚ ਲਿਆਂਦਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਵੀ ਪੱਤਰਕਾਰਾਂ ਖਿਲਾਫ ਇੰਨ੍ਹੇ ਮਾਮਲੇ ਦਰਜ ਨਹੀਂ ਹੋਏ, ਜਿੰਨ੍ਹੇ ਹੁਣ ਹੋ ਰਹੇ ਹਨ। ਕਿਉਂਕਿ ਪੱਤਰਕਾਰ ਜਿੱਥੇ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹਨ ਉੱਥੇ ਸਮੇਂ ਸਮੇਂ ਤੇ ਆਲੋਚਨਾ ਵੀ ਕਰਦੇ ਰਹਿੰਦੇ ਹਨ। ਇਸ ਕਰਕੇ ਮੁਕੱਦਮੇ ਪੱਤਰਕਾਰਾਂ ਉੱਪਰ ਕਰਨੇ ਜਾਇਜ਼ ਨਹੀਂ, ਜਿਸ ਬਾਰੇ ਸੰਧਵਾਂ ਨੇ ਭਰੋਸਾ ਦਿੱਤਾ ਕਿ ਉਹ ਇਨ੍ਹਾਂ ਮਾਮਲਿਆਂ ਦਾ ਪਤਾ ਕਰਵਾ ਕੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਕੋਸ਼ਿਸ਼ ਕਰਨਗੇ। ਪਿੰਡ ਪੂਹਲਾ ਦੀ ਸਰਪੰਚ ਸੁਮਨਪ੍ਰੀਤ ਕੌਰ ਨੇ ਪਿੰਡ ਦੇ ਛੱਪੜਾਂ ਦੇ ਵਿੱਚੋਂ ਗੰਦੇ ਪਾਣੀ ਦੇ ਨਿਕਾਸ ਵਾਸਤੇ ਸੀਚੇਵਾਲ ਮਾਡਲ ਅਤੇ ਨਹਿਰੀ ਕੋਠੀ ਦਾ ਪ੍ਰਬੰਧ ਗ੍ਰਾਮ ਪੰਚਾਇਤ ਨੂੰ ਦੇਣ ਦੀ ਮੰਗ ਕੀਤੀ, ਜਿਸ ਬਾਰੇ ਬੋਲਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਜਾਣਕਾਰੀ ਦਿੱਤੀ ਕਿ ਇਨ੍ਹਾਂ ਦੋਵੇਂ ਮਾਮਲਿਆਂ ਦੀ ਪ੍ਰਪੋਜਲ ਬਣਾ ਕੇ ਭੇਜੀ ਜਾਵੇ, ਤਾਂ ਜੋ ਅਗਲੀ ਕਾਰਵਾਈ ਕੀਤੀ ਜਾ ਸਕੇ।