ਪੰਜਾਬ ’ਚ ਨਸ਼ਿਆਂ ਨੂੰ ਠੱਲ੍ਹ ਪਾਉਣ ’ਚ ਸਰਕਾਰ ਫੇਲ੍ਹ : ਅਸ਼ਵਨੀ ਸ਼ਰਮਾ
ਪੰਜਾਬ ਵਿਚ ਨਸ਼ੇ ‘ਤੇ ਪੂਰੀ ਤਰ੍ਹਾਂ ਫੇਲ੍ਹ ਮਾਨ ਸਰਕਾਰ, ਚਾਰ ਸਾਲਾਂ ਵਿਚ ਹਾਲਾਤ ਬਦ ਤੋਂ ਬਦਤਰ, ਭਾਜਪਾ ਦਾ ਸਿੱਧਾ ਹਮਲਾ”
Publish Date: Wed, 11 Feb 2026 05:52 PM (IST)
Updated Date: Thu, 12 Feb 2026 04:03 AM (IST)

-ਚਾਰ ਸਾਲ ’ਚ ਹਾਲਾਤ ਬਦ ਤੋਂ ਬਦਤਰ, ਅਸਲ ਅੰਕੜੇ ਛੁਪਾਉਣ ਦਾ ਦੋਸ਼” ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਇਕ ਮਹੀਨੇ ਵਿਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਵਾਅਦੇ ਨਾਲ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੇ ਚਾਰ ਸਾਲਾਂ ਦੌਰਾਨ ਨਸ਼ਾ ਖਤਮ ਕਰਨ ਲਈ 6 ਡੈੱਡਲਾਈਨਾਂ ਦਿੱਤੀਆਂ ਜਾ ਚੁੱਕੀਆਂ ਹਨ, ਪਰ ਸੱਚ ਇਹ ਹੈ ਕਿ ਪੰਜਾਬ ਵਿਚ ਨਸ਼ੇ ਦੀ ਸਥਿਤੀ ਪਹਿਲਾਂ ਨਾਲੋਂ ਵੀ ਵੱਧ ਖਰਾਬ ਹੋ ਗਈ ਹੈ। ਜ਼ਮੀਨੀ ਹਕੀਕਤ ਇਹ ਹੈ ਕਿ ਹਰ ਰੋਜ਼ ਨਸ਼ੇ ਕਾਰਨ ਨੌਜਵਾਨਾਂ ਦੀ ਮੌਤ ਹੋ ਰਹੀ ਹੈ, “ਚਿੱਟਾ ਇੱਥੇ ਮਿਲਦਾ ਹੈ” ਦੇ ਬੋਰਡ ਲੱਗ ਰਹੇ ਹਨ ਅਤੇ ਡਰੱਗਜ਼ ਦੀ ਹੋਮ ਡਿਲਿਵਰੀ ਹੋ ਰਹੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਬਠਿੰਡਾ ’ਚ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੇ 46 ਮਹੀਨਿਆਂ ਦੇ ਸ਼ਾਸਨ ਦੌਰਾਨ ਨਸ਼ੇ ਕਾਰਨ 15000 ਤੋਂ 16000 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। “ਸਿਰਫ਼ ਦਸਵਾਂ ਹਿੱਸਾ ਸਾਹਮਣੇ ਆ ਪਾਉਂਦਾ ਹੈ, ਕਿਉਂਕਿ ਬਹੁਤ ਸਾਰੇ ਪਰਿਵਾਰ ਸਮਾਜਿਕ ਇੱਜ਼ਤ ਕਾਰਨ ਮੌਤ ਦਾ ਡਾਟਾ ਨਹੀਂ ਦਿੰਦੇ ਅਤੇ ਪੁਲਿਸ ਵੱਲੋਂ ਵੀ ਅਕਸਰ ਐਫ਼ਆਈਆਰ ਦਰਜ ਨਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਨੇ ਮਾਨ ਸਰਕਾਰ ‘ਤੇ ਨਸ਼ੇ ਦੇ ਖ਼ਿਲਾਫ ਗੰਭੀਰਤਾ ਨਾ ਦਿਖਾਉਣ, ਆਏ ਚਾਰ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ’ਤੇ ਕੋਈ ਪ੍ਰੋਗਰਾਮ ਨਾ ਕਰਨਾ ਤੇ ਵਿਗਿਆਪਨ ਨਾ ਜਾਰੀ ਕਰਨ ਦੇ ਦੋਸ਼ ਲਾਏ। ਸ਼ਰਮਾ ਨੇ ਦੱਸਿਆ ਕਿ ਪੰਜਾਬ ’ਚ ਨਸ਼ਾ ਹੁਣ ਸਿਰਫ਼ ਨੌਜਵਾਨਾਂ ਤੱਕ ਸੀਮਤ ਨਹੀਂ, ਸਗੋਂ 10–12 ਸਾਲ ਦੇ ਬੱਚੇ, ਕੁੜੀਆਂ ਤੇ ਗਰਭਵਤੀਆਂ ਵੀ ਇਸ ਦੀ ਲਪੇਟ ’ਚ ਹਨ। ਨਸ਼ੇੜੀ ਪਰਿਵਾਰਕ ਮੈਂਬਰਾਂ ਨੂੰ ਮਾਰਦੇ ਹਨ ਤੇ ਦੁੱਧ ਪੀਣ ਵਾਲੇ ਬੱਚਿਆਂ ਤੱਕ ਨੂੰ ਨੁਕਸਾਨ ਪਹੁੰਚਾ ਰਹੇ ਹਨ। ਇਸ ਸਬੰਧੀ ਸ਼ਰਮਾ ਨੇ ਸਵਾਲ ਚੁੱਕਦਿਆਂ ਕਿਹਾ ਕਿ “ਇਕ ਮਾਂ ਦੇ 6 ਪੁੱਤਰ ਨਸ਼ੇ ਦੀ ਭੇਟ ਚੜ੍ਹ ਗਏ, ਇਹ ਮਾਨ ਸਰਕਾਰ ਨੂੰ ਕਿਉਂ ਨਹੀਂ ਦਿਖਾਈ ਦਿੰਦਾ।’’ ਉਨ੍ਹਾਂ ਦੱਸਿਆ ਕਿ ਚਿੱਟੇ ਦੀ ਹੋਮ ਡਿਲੀਵਰੀ ਖੁੱਲ੍ਹੇ ਆਮ ਹੋ ਗਈ ਹੈ ਤੇ ਨਸ਼ਾ ਤਸਕਰ ਪੁਲਿਸ ਤੋਂ ਬੇਖੌਫ ਹੋ ਕੇ ਘਰਾਂ ‘ਤੇ ਹਮਲੇ ਅਤੇ ਪਰਿਵਾਰਕ ਹੱਤਿਆਵਾਂ ਕਰ ਰਹੇ ਹਨ। ਅਖੀਰ ਵਿਚ ਭਾਜਪਾ ਨੇ ਮੁੱਖ ਮੰਤਰੀ ਵੱਲੋਂ ਨਸ਼ੇ ਦੀ ਵਧਦੀ ਸਮੱਸਿਆ ਅਤੇ ਨੌਜਵਾਨਾਂ ਦੀ ਮੌਤਾਂ ਲਈ ਸਪੱਸ਼ਟ ਜਵਾਬ ਮੰਗਿਆ। ਸ਼ਰਮਾ ਨੇ ਪੁੱਛਿਆ ਕਿ ਜੇ ਪਹਿਲਾਂ ਸਰਕਾਰਾਂ ਨਸ਼ਾ ਵਿਕਵਾਉਂਦੀਆਂ ਸਨ, ਤਾਂ ਹੁਣ ਕੀ ਮਾਨ ਸਰਕਾਰ ਅਤੇ ਆਪ ਨੇਤਾ ਨਸ਼ਾ ਵਿਕਵਾਉਣ ਅਤੇ ਮੌਤਾਂ ਲਈ ਜ਼ਿੰਮੇਵਾਰ ਨਹੀਂ?।