- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਹੁਕਮਾਂ ਨੂੰ ਛਿੱਕੇ ਟੰਗ ਪਤੰਗਬਾਜ਼ੀ ਲਈ ਸ਼ਰੇਆਮ ਵੱਡੀ ਪੱਧਰ ’ਤੇ ਵਰਤੀ ਗਈ ਚਾਇਨਾ ਡੋਰ

-ਉਤਸ਼ਾਹ ਨਾਲ ਮਨਾਈ ਬਸੰਤ ਪੰਚਮੀ, ਮੀਂਹ ਤੇ ਤੇਜ਼ ਹਵਾਵਾਂ ਦੇ ਬਾਵਜੂਦ ਨਹੀਂ ਥੰਮਿ੍ਹਆ ਪਤੰਗਬਾਜ਼ੀ ਦਾ ਜੋਸ਼
ਗੁਰਤੇ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸ਼ੁੱਕਰਵਾਰ ਨੂੰ ਬਠਿੰਡਾ ਸ਼ਹਿਰ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਪੂਰੇ ਉਤਸ਼ਾਹ ਤੇ ਰੰਗਾਰੰਗ ਮਾਹੌਲ ਵਿੱਚ ਮਨਾਇਆ ਗਿਆ। ਮੌਸਮ ਦੀਆਂ ਅੱਖ-ਮਿਚੌਲੀਆਂ, ਸਵੇਰੇ ਪਏ ਹਲਕੇ ਮੀਂਹ, ਤੇਜ਼ ਹਵਾਵਾਂ ਅਤੇ ਕਈ ਇਲਾਕਿਆਂ ਵਿਚ ਘੰਟਿਆਂ ਤਕ ਬਿਜਲੀ ਬੰਦ ਰਹਿਣ ਦੇ ਬਾਵਜੂਦ ਸ਼ਹਿਰ ਵਾਸੀਆਂ ਦੇ ਜੋਸ਼ ’ਚ ਕੋਈ ਘਾਟ ਨਹੀਂ ਆਈ। ਸਵੇਰੇ ਤੋਂ ਲੈ ਕੇ ਸ਼ਾਮ ਤੱਕ ਸ਼ਹਿਰ ਦੀਆਂ ਛੱਤਾਂ ਉੱਤੇ ਪਤੰਗਬਾਜ਼ੀ ਦੇ ਮਨਮੋਹਕ ਦ੍ਰਿਸ਼ ਵੇਖਣ ਨੂੰ ਮਿਲੇ ਅਤੇ ਡੀਜੇ ਦੀਆਂ ਧੁਨਾਂ ’ਤੇ ਲੋਕ ਝੂਮਦੇ ਨਜ਼ਰ ਆਏ। ਦੂਜੇ ਪਾਸੇ ਸਰਕਾਰੀ ਹੁਕਮਾਂ ਨੂੰ ਛਿੱਕੇ ਟੰਗ ਕੇ ਪਤੰਗਬਾਜੀ਼ ਲਈ ਸ਼ਰੇਆਮ ਚਾਈਨਾ ਡੋਰ ਦੀ ਵਰਤੋਂ ਕੀਤੀ ਗਈ। ਸਵੇਰੇ ਸਮੇਂ ਆਕਾਸ਼ ਵਿੱਚ ਘਣੇ ਬੱਦਲ ਛਾਏ ਰਹੇ ਅਤੇ ਹਲਕੀ ਬੂੰਦਾਬਾਂਦੀ ਨੇ ਕੁਝ ਸਮੇਂ ਲਈ ਲੋਕਾਂ ਦੀ ਚਿੰਤਾ ਵਧਾ ਦਿੱਤੀ, ਪਰ ਦੁਪਹਿਰ ਤੋਂ ਬਾਅਦ ਮੌਸਮ ਨੇ ਕਰਵਟ ਲਈ। ਬੱਦਲ ਛੱਟ ਗਏ ਅਤੇ ਤਿੱਖੀ ਧੁੱਪ ਨਿਕਲ ਆਈ, ਜਿਸ ਨਾਲ ਪਤੰਗਬਾਜ਼ਾਂ ਦਾ ਉਤਸ਼ਾਹ ਦੋਗੁਣਾ ਹੋ ਗਿਆ। ਮੌਸਮ ਅਨੁਕੂਲ ਹੋਣ ਨਾਲ ਹੀ ਸ਼ਹਿਰ ਦੇ ਲਗਭਗ ਹਰ ਇਲਾਕੇ ਵਿੱਚ ਲੋਕ ਆਪਣੇ ਘਰਾਂ ਦੀਆਂ ਛੱਤਾਂ ’ਤੇ ਚੜ੍ਹ ਗਏ ਅਤੇ ਰੰਗ-ਬਿਰੰਗੀਆਂ ਪਤੰਗਾਂ ਨਾਲ ਅਸਮਾਨ ਨੂੰ ਸਜਾ ਦਿੱਤਾ।
-ਬਾਕਸ-
-ਛੱਤਾਂ ’ਤੇ ਲੱਗੇ ਡੀਜਿਆਂ ਗੂੰਜੇ ਫ਼ਿਲਮੀ ਤੇ ਪੰਜਾਬੀ ਗੀਤ
ਬਸੰਤ ਪੰਚਮੀ ਦੇ ਮੌਕੇ ’ਤੇ ਸ਼ਹਿਰ ਦੀਆਂ ਕਈ ਛੱਤਾਂ ’ਤੇ ਪੂਰੇ ਡੀਜੇ ਸਿਸਟਮ ਲਗਾਏ ਗਏ ਸਨ। ਫਿਲਮੀ ਗੀਤਾਂ ਦੇ ਨਾਲ-ਨਾਲ ਪੰਜਾਬੀ ਬੀਟਸ ’ਤੇ ਨੌਜਵਾਨ ਖ਼ਾਸੇ ਉਤਸ਼ਾਹੀ ਦਿੱਖੇ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਹਰ ਵਰਗ ਦੇ ਲੋਕ ਪਤੰਗਬਾਜ਼ੀ ਦਾ ਆਨੰਦ ਲੈਂਦੇ ਨਜ਼ਰ ਆਏ। ਕਈ ਥਾਵਾਂ ’ਤੇ ਪਰਿਵਾਰਕ ਤੌਰ ’ਤੇ ਇਕੱਠੇ ਹੋ ਕੇ ਛੱਤਾਂ ’ਤੇ ਤਿਉਹਾਰ ਮਨਾਇਆ ਗਿਆ, ਜਿਸ ਨਾਲ ਮਾਹੌਲ ਪੂਰੀ ਤਰ੍ਹਾਂ ਖੁਸ਼ੀ ਵਾਲਾ ਰਿਹਾ। ਸ਼ਹਿਰ ਭਰ ਵਿਚ ਪਤੰਗਾਂ ਦੇ ਸ਼ੌਕੀਨਾਂ ਵੱਲੋਂ ਖੂਬ ਪਤੰਗਾਂ ਉਡਾਈਆਂ ਗਈਆਂ ਅਤੇ ‘ਆਈ ਬੋ’, ਦੀਆਂ ਆਵਾਜ਼ਾਂ ਗੂੰਜਦੀਆਂ ਰਹੀਆਂ। ਲੜਕਿਆਂ ਦੇ ਨਾਲ-ਨਾਲ ਲੜਕੀਆਂ ਨੇ ਵੀ ਪੂਰੇ ਜੋਸ਼ ਨਾਲ ਪਤੰਗਬਾਜ਼ੀ |ਚ ਹਿੱਸਾ ਲਿਆ। ਲੋਕ ਇਕ-ਦੂਜੇ ਨੂੰ ਬਸੰਤ ਪੰਚਮੀ ਦੀਆਂ ਵਧਾਈਆਂ ਦਿੰਦੇ ਦਿੱਖੇ। ਛੱਤਾਂ ’ਤੇ ਲੋਕਾਂ ਦੀ ਭੀੜ ਵੀ ਸਪਸ਼ਟ ਨਜ਼ਰ ਆਈ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ ’ਤੇ ਪਾਬੰਦੀ ਲਗਾਈ ਹੋਈ ਸੀ, ਫਿਰ ਵੀ ਕੁਝ ਥਾਵਾਂ ’ਤੇ ਚਾਈਨਾ ਡੋਰ ਦੀ ਵਰਤੋਂ ਵੇਖਣ ਨੂੰ ਮਿਲੀ। ਇਕ ਦੂਜੇ ਦੀ ਪਤੰਗ ਕੱਟਣ ਦੀ ਹੋੜ ਵੀ ਖੂਬ ਰਹੀ। ਜ਼ਿਆਦਾਤਰ ਸ਼ਹਿਰ ਵਾਸੀ ਪੀਲੇ ਰੰਗ ਦੇ ਕੱਪੜੇ ਪਹਿਨੇ ਨਜ਼ਰ ਆਏ। ਆਕਾਸ਼ ਵਿਚ ਸੈਂਕੜੇ ਪਤੰਗਾਂ ਉੱਡਦੀਆਂ ਦਿਖਾਈ ਦਿੱਤੀਆਂ, ਜਦਕਿ ਪਤੰਗ ਲੁੱਟਣ ਵਾਲਿਆਂ ਦੀ ਵੀ ਕੋਈ ਘਾਟ ਨਹੀਂ ਸੀ।
-ਬਾਕਸ-
-ਪਤੰਗਾਂ ਦੇ ਨਾਲ ਗੁਬਾਰੇ ਵੀ ਖ਼ੂਬ ਵਿਕੇ
ਬਸੰਤ ਪੰਚਮੀ ਦੇ ਮੌਕੇ ’ਤੇ ਪਤੰਗਾਂ ਦੀਆਂ ਦੁਕਾਨਾਂ ’ਤੇ ਗਾਹਕਾਂ ਦੀ ਭੀੜ ਉਸੇ ਤਰ੍ਹਾਂ ਵੇਖਣ ਨੂੰ ਮਿਲੀ ਜਿਵੇਂ ਦੀਵਾਲੀ ਸਮੇਂ ਮਿਠਾਈ ਅਤੇ ਪਟਾਖਿਆਂ ਦੀਆਂ ਦੁਕਾਨਾਂ ’ਤੇ ਹੁੰਦੀ ਹੈ। ਲੋਕਾਂ ਨੇ ਵੱਡੀ ਗਿਣਤੀ ਵਿੱਚ ਪਤੰਗਾਂ ਦੀ ਖਰੀਦਦਾਰੀ ਕੀਤੀ। ਇਸਦੇ ਨਾਲ ਹੀ ਗੈਸ ਨਾਲ ਭਰੇ ਉੱਡਣ ਵਾਲੇ ਗੁਬਾਰੇ ਵੀ ਆਕਾਸ਼ ਵਿੱਚ ਨਜ਼ਰ ਆਏ। ਸਵੇਰ ਤੋਂ ਹੀ ਬਾਜ਼ਾਰਾਂ ਅਤੇ ਮੁਹੱਲਿਆਂ ਵਿੱਚ ਗੁਬਾਰੇ ਵੇਚਣ ਵਾਲੇ ਪਹੁੰਚ ਗਏ ਸਨ। ਰੰਗ-ਬਿਰੰਗੇ ਗੁਬਾਰਿਆਂ ਨੇ ਬੱਚਿਆਂ ਨੂੰ ਖੂਬ ਆਕਰਸ਼ਿਤ ਕੀਤਾ।
-ਬਾਕਸ-
-ਮੀਂਹ ਤੇ ਤੇਜ਼ ਹਵਾਵਾਂ ਦੇ ਬਾਵਜੂਦ ਜਾਰੀ ਰਹੀ ਪਤੰਗਬਾਜ਼ੀ
ਦਿਨ ਦੌਰਾਨ ਕਈ ਵਾਰ ਤੇਜ਼ ਹਵਾਵਾਂ ਵੀ ਚੱਲੀਆਂ, ਪਰ ਇਸ ਨਾਲ ਪਤੰਗਬਾਜ਼ਾਂ ਦਾ ਜੋਸ਼ ਘੱਟ ਨਹੀਂ ਹੋਇਆ। ਕੁਝ ਥਾਵਾਂ ’ਤੇ ਹਲਕਾ ਮੀਂਹ ਵੀ ਹੋਈ, ਪਰ ਲੋਕ ਛੱਤਾਂ ਤੋਂ ਹਟਣ ਨੂੰ ਤਿਆਰ ਨਹੀਂ ਸਨ। ਨੌਜਵਾਨਾਂ ਦਾ ਕਹਿਣਾ ਸੀ ਕਿ ਬਸੰਤ ਪੰਚਮੀ ਸਾਲ ਵਿੱਚ ਇੱਕ ਵਾਰ ਆਉਂਦੀ ਹੈ ਅਤੇ ਮੌਸਮ ਦੀ ਪਰਵਾਹ ਕੀਤੇ ਬਿਨਾਂ ਇਸਨੂੰ ਪੂਰੀ ਮਸਤੀ ਨਾਲ ਮਨਾਇਆ ਜਾਵੇਗਾ।
-ਬਾਕਸ-
-ਕਈ ਇਲਾਕਿਆਂ ਵਿੱਚ ਘੰਟਿਆਂ ਬਿਜਲੀ ਰਹੀ ਬੰਦ
ਤਿਉਹਾਰ ਦੌਰਾਨ ਸ਼ਹਿਰ ਦੇ ਕਈ ਹਿੱਸਿਆਂ ’ਚ ਬਿਜਲੀ ਸਪਲਾਈ ਪ੍ਰਭਾਵਿਤ ਰਹੀ। ਕਿਤੇ ਤਕਨੀਕੀ ਖ਼ਰਾਬੀ ਤਾਂ ਕਿਤੇ ਤੇਜ਼ ਹਵਾਵਾਂ ਕਾਰਨ ਸਾਵਧਾਨੀ ਵਜੋਂ ਬਿਜਲੀ ਬੰਦ ਕੀਤੀ ਗਈ। ਬਿਜਲੀ ਕੱਟਾਂ ਨਾਲ ਲੋਕਾਂ ਨੂੰ ਕੁਝ ਪਰੇਸ਼ਾਨੀ ਜ਼ਰੂਰ ਹੋਈ, ਪਰ ਇਸਦਾ ਤਿਉਹਾਰ ਦੇ ਜੋਸ਼ ’ਤੇ ਕੋਈ ਅਸਰ ਨਹੀਂ ਪਿਆ। ਕਈ ਇਲਾਕਿਆਂ ਵਿੱਚ ਲੋਕਾਂ ਨੇ ਇਨਵਰਟਰਾਂ ਅਤੇ ਬੈਟਰੀਆਂ ਦੇ ਸਹਾਰੇ ਡੀਜੇ ਅਤੇ ਸੰਗੀਤ ਪ੍ਰਣਾਲੀਆਂ ਚਲਾਈਆਂ।
-ਬਾਕਸ-
-ਪੁਲਿਸ ਤੇ ਪ੍ਰਸ਼ਾਸਨ ਰਿਹਾ ਪੂਰੀ ਤਰ੍ਹਾਂ ਸੁਚੇਤ
ਬਸੰਤ ਪੰਚਮੀ ਦੇ ਮੌਕੇ ’ਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਸਚੇਤ ਨਜ਼ਰ ਆਇਆ। ਪਲਾਸਟਿਕ ਅਤੇ ਚਾਈਨੀਜ਼ ਡੋਰ ਦੀ ਵਰਤੋਂ ਨੂੰ ਰੋਕਣ ਲਈ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ। ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਡਰੋਨ ਕੈਮਰਿਆਂ ਦੀ ਮਦਦ ਨਾਲ ਨਿਗਰਾਨੀ ਰੱਖੀ ਗਈ। ਪੁਲਿਸ ਟੀਮਾਂ ਨੇ ਲਗਾਤਾਰ ਛੱਤਾਂ ਅਤੇ ਖੁੱਲ੍ਹੇ ਮੈਦਾਨਾਂ ’ਤੇ ਨਜ਼ਰ ਬਣਾਈ ਰੱਖੀਆਂ, ਪਰ ਇਸਦੇ ਬਾਵਜ਼ੂਦ ਚਾਈਨਾ ਡੋਰ ਦੀ ਵਰਤੋਂ ਹੁੰਦੀ ਰਹੀ।
-ਬਾਕਸ-
-ਐੱਸਐੱਸਪੀ ਨੇ ਖੁਦ ਸੰਭਾਲੀ ਕਮਾਨ
ਐੱਸਐੱਸਪੀ ਬਠਿੰਡਾ ਡਾ. ਜਯੋਤੀ ਯਾਦਵ ਨੇ ਖੁਦ ਮੈਦਾਨ ਵਿੱਚ ਉਤਰ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਵੱਖ-ਵੱਖ ਇਲਾਕਿਆਂ ਵਿੱਚ ਚੈਕਿੰਗ ਕਰਦਿਆਂ ਪੁਲਿਸ ਮੁਲਾਜ਼ਮਾਂ ਨੂੰ ਸਖ਼ਤ ਹਦਾਇਤਾਂ ਦਿੱਤੀ ਕਿ ਕਿਸੇ ਵੀ ਸੂਰਤ ਵਿਚ ਪਲਾਸਟਿਕ ਜਾਂ ਚਾਈਨਾ ਡੋਰ ਦੀ ਵਰਤੋਂ ਨਾ ਹੋਣ ਦਿੱਤੀ ਜਾਵੇ। ਐੱਸਐੱਸਪੀ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸੁਰੱਖਿਅਤ ਢੰਗ ਨਾਲ ਪਤੰਗਬਾਜ਼ੀ ਕੀਤੀ ਜਾਵੇ ਅਤੇ ਕਿਸੇ ਦੀ ਜਾਨ ਨੂੰ ਖ਼ਤਰੇ ਵਿੱਚ ਨਾ ਪਾਇਆ ਜਾਵੇ।
-ਬਾਕਸ-
-ਮੇਅਰ ਨੇ ਵੀ ਲਿਆ ਪਤੰਗਬਾਜ਼ੀ ਦਾ ਆਨੰਦ
ਬਸੰਤ ਪੰਚਮੀ ਦੇ ਮੌਕੇ ’ਤੇ ਬਠਿੰਡਾ ਦੇ ਮੇਅਰ ਪਦਮਜੀਤ ਮਹਿਤਾ ਵੀ ਪਤੰਗਬਾਜ਼ੀ ਦੇ ਰੰਗ ’ਚ ਰੰਗੇ ਨਜ਼ਰ ਆਏ। ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਤੇ ਹਮਾਇਤੀਆਂ ਨਾਲ ਛੱਤ ’ਤੇ ਪਤੰਗ ਉਡਾਈ ਤੇ ਸ਼ਹਿਰ ਵਾਸੀਆਂ ਨੂੰ ਬਸੰਤ ਪੰਚਮੀ ਦੀਆਂ ਵਧਾਈਆਂ ਦਿੱਤੀਆਂ। ਮੇਅਰ ਨੇ ਕਿਹਾ ਕਿ ਬਸੰਤ ਪੰਚਮੀ ਸਾਡੀ ਸੱਭਿਆਚਾਰਕ ਪਰੰਪਰਾ ਦਾ ਤਿਉਹਾਰ ਹੈ, ਜਿਸਨੂੰ ਮਿਲ-ਜੁਲ ਕੇ ਸਾਂਝੇਦਾਰੀ ਸੁਹਿਰਦਤਾ ਦੇ ਮਾਹੌਲ ’ਚ ਮਨਾਇਆ ਜਾਣਾ ਚਾਹੀਦਾ ਹੈ।
-ਬਾਕਸ-
-ਹਸਪਤਾਲਾਂ ਦੇ ਸਟਾਫ਼ ਤੇ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਰੱਖਿਆ ਅਲਰਟ
ਬਸੰਤ ਪੰਚਮੀ ਦੇ ਤਿਉਹਾਰ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਵਿਭਾਗ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਵੀ ਅਲਰਟ ’ਤੇ ਰੱਖਿਆ ਸੀ। ਹਾਲਾਂਕਿ ਦਿਨ ਭਰ ਕਿਸੇ ਵੱਡੇ ਹਾਦਸੇ ਦੀ ਕੋਈ ਸੂਚਨਾ ਨਹੀਂ ਮਿਲੀ, ਜੋ ਪ੍ਰਸ਼ਾਸਨ ਲਈ ਰਾਹਤ ਦੀ ਗੱਲ ਰਹੀ।