ਖ਼ਰੀਦ ਕੇਂਦਰ 'ਚ ਸਫ਼ਾਈ ਨਾ ਹੋਣ ਕਾਰਨ ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ
ਖਰੀਦ ਕੇਂਦਰ 'ਚ ਸਫ਼ਾਈ ਨਾ ਹੋਣ ਕਾਰਨ ਕਿਸਾਨਾਂ ਨੇ ਪ੍ਰਸ਼ਾਸਨ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
Publish Date: Tue, 07 Apr 2026 06:04 PM (IST)
Updated Date: Wed, 08 Apr 2026 04:05 AM (IST)

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ ਮਾਰਕੀਟ ਕਮੇਟੀ ਗਿੱਦੜਬਾਹਾ ਅਧੀਨ ਪੈਂਦੇ ਖਰੀਦ ਕੇਂਦਰ ਝੁੰਬਾ ਚ ਸਫ਼ਾਈ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਕਮੇਟੀ ਮੈਂਬਰ ਜਗਸੀਰ ਸਿੰਘ ਝੁੰਬਾ ਦੀ ਅਗਵਾਈ ਹੇਠ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪਿੰਡ ਦੇ ਇਕ ਕਿਸਾਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਕਣਕ ਦੀ ਕਟਾਈ ਕੀਤੀ ਗਈ ਸੀ ਪ੍ਰੰਤੂ ਖਰੀਦ ਕੇਂਦਰ ਵਿਚ ਸਫ਼ਾਈ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਵੱਲੋਂ ਮਜਬੂਰੀ ਬਸ ਕਣਕ ਨੂੰ ਘਰੇ ਹੀ ਰੱਖਣਾ ਪਿਆ, ਹੁਣ ਕਣਕ ਖਰੀਦ ਕੇਂਦਰ ਵਿਚ ਲਿਆਉਣ ਲਈ ਉਨ੍ਹਾਂ ਨੂੰ ਜਿੱਥੇ ਦੋਹਰੀ ਮਸ਼ੱਕਤ ਕਰਨੀ ਪਵੇਗੀ, ਉਥੇ ਮਜ਼ਦੂਰਾਂ ਨੂੰ ਟ੍ਰੈਕਟਰ ਟਰਾਲੀ ਚ ਲੋਡ ਕਰਨ ਲਈ ਅਲਗ ਤੋਂ ਹੋਰ ਮਿਹਨਤਾਨਾ ਦੇਣਾ ਪਵੇਗਾ। ਉਨ੍ਹਾਂ ਦੱਸਿਆ ਕਿ ਖਰੀਦ ਕੇਂਦਰ ਵਿਚ ਨਾ ਕੋਈ ਪਾਣੀ ਦਾ ਪ੍ਰਬੰਧ ਹੈ ਅਤੇ ਨਾ ਹੀ ਫੜ ’ਤੇ ਕਿਸੇ ਨੇ ਝਾੜੂ ਮਾਰਿਆ ਹੈ। ਬਰਸਾਤ ਤੋਂ ਬਾਅਦ ਮੰਡੀ ਵਿਚ ਇਕ ਪਾਸੇ ਬਹੁਤ ਜਿਆਦਾ ਪਾਣੀ ਖੜਾ ਹੈ, ਜੋ ਕਿ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਕਮੇਟੀ ਮੈਂਬਰ ਜਗਸੀਰ ਸਿੰਘ ਝੁੰਬਾ ਨੇ ਦੱਸਿਆ ਕਿ ਬੇਸ਼ੱਕ ਸੂਬਾ ਸਰਕਾਰ ਵੱਲੋਂ ਇਕ ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸਰਕਾਰ ਵੱਲੋਂ ਸਾਰੇ ਖਰੀਦ ਕੇਂਦਰਾਂ ਵਿਚ ਸਫ਼ਾਈ ਕਰਵਾਈ ਜਾਂਦੀ ਹੈ ਪ੍ਰੰਤੂ ਝੁੰਬਾ ਦੇ ਖਰੀਦ ਕੇਂਦਰ ਵਿਚ ਸਫ਼ਾਈ ਨਾਂ ਦੀ ਕੋਈ ਚੀਜ਼ ਦੇਖਣ ਨੂੰ ਨਹੀਂ ਮਿਲਦੀ, ਇੱਥੇ ਥਾਂ-ਥਾਂ ਗੰਦਗੀ ਦੇ ਢੇਰ ਪਏ ਹਨ। ਉਨ੍ਹਾਂ ਦੱਸਿਆ ਕਿ ਬਰਸਾਤ ਤੋਂ ਬਾਅਦ ਖਰੀਦ ਕੇਂਦਰ ਵਿਚ ਇਕ ਪਾਸੇ ਬਹੁਤ ਜਿਆਦਾ ਪਾਣੀ ਇਕੱਠਾ ਹੋਇਆ ਪਿਆ ਹੈ, ਜਿਸ ਕਾਰਨ ਪਾਣੀ ’ਤੇ ਮੱਛਰ ਪੈਦਾ ਹੋਵੇਗਾ ਅਤੇ ਕਣਕ ਵੇਚਣ ਆਉਣ ਵਾਲੇ ਕਿਸਾਨਾਂ ਨੂੰ ਮੱਛਰ ਦੇ ਕੱਟਣ ਕਾਰਨ ਮਲੇਰੀਆ ਹੋਣ ਦਾ ਖਦਸ਼ਾ ਜਾਹਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਝੁੰਬਾ ਵਿਚ ਕਣਕ ਦੀ ਕਟਾਈ ਸ਼ੁਰੂ ਹੋ ਗਈ ਹੈ ਪ੍ਰੰਤੂ ਮੰਡੀ ਵਿਚ ਸਫ਼ਾਈ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਮੰਡੀ ਵਿਚ ਕਿਸਾਨਾਂ ਦੇ ਪਾਣੀ ਪੀਣ ਲਈ ਕਮੇਟੀ ਵੱਲੋਂ ਇਕ ਨਲਕਾ ਲਗਾਇਆ ਗਿਆ ਸੀ, ਜੋ ਹੁਣ ਖਰਾਬ ਹੋ ਗਿਆ ਹੈ, ਉਸ ਨੂੰ ਕਿਸੇ ਵੀ ਅਧਿਕਾਰੀ ਵੱਲੋਂ ਠੀਕ ਕਰਵਾਉਣ ਦੀ ਜਰੂਰਤ ਨਹੀਂ ਸਮਝੀ ਗਈ। ਉਨ੍ਹਾਂ ਦੱਸਿਆ ਕਿ ਮੰਡੀ ਵਿਚ ਰਾਤ ਨੂੰ ਕਣਕ ਚੋਰੀ ਹੋਣ ਤੋਂ ਬਚਾਉਣ ਲਈ ਲਾਈਟਾਂ ਲਗਾਈਆਂ ਜਾਂਦੀਆਂ ਹਨ, ਜੋ ਹਾਲੇ ਤਕ ਨਹੀਂ ਲਗਾਈਆਂ ਗਈਆਂ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੰਡੀ ਵਿਚ ਛੇਤੀ ਤੋਂ ਛੇਤੀ ਸਫ਼ਾਈ ਕਰਵਾਈ ਜਾਵੇ ਤਾਂ ਜੋ ਕਿਸਾਨ ਆਪਣੀ ਕਣਕ ਇੱਥੇ ਰੱਖ ਸਕਣ। -ਬਾਕਸ- ਜਦ ਇਸ ਸਬੰਧੀ ਮਾਰਕੀਟ ਕਮੇਟੀ ਗਿੱਦੜਬਾਹਾ ਦੇ ਸਕੱਤਰ ਅਨਿਲ ਖੁੰਗਰ ਨਾਲ ਉਨ੍ਹਾਂ ਦੇ ਫੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਖਰੀਦ ਕੇਂਦਰਾਂ ਦੀ ਸਫ਼ਾਈ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਬਰਸਾਤ ਕਾਰਨ ਕਣਕ ਦੀ ਕਟਾਈ ਲੇਟ ਹੋ ਗਈ ਸੀ, ਜਿਸ ਕਰਕੇ ਉਸ ਤੋਂ ਬਾਅਦ ਕੂੜਾ ਇਕੱਠਾ ਹੋ ਗਿਆ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜੋ ਖਰੀਦ ਕੇਂਦਰ ਵਿਚ ਪਾਣੀ ਖੜਾ ਹੈ, ਇਹ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ। ਜਦ ਉਨ੍ਹਾਂ ਤੋਂ ਖਰੀਦ ਕੇਂਦਰ ਵਿਚ ਲਾਈਟਾਂ ਨਾ ਲਗਾਉਣ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਲਾਈਟਾਂ ਇਸ ਕਰਕੇ ਨਹੀਂ ਲਗਵਾਈਆਂ ਗਈਆਂ ਕਿ ਉਨ੍ਹਾਂ ਦੇ ਚੋਰੀ ਹੋਣ ਦਾ ਡਰ ਹੁੰਦਾ ਹੈ, ਜਿਸ ਦਿਨ ਖਰੀਦ ਕੇਂਦਰ ਵਿਚ ਕਿਸਾਨ ਕਣਕ ਲੈ ਕੇ ਆਉਣਗੇ, ਉਸੇ ਦਿਨ ਹੀ ਲਾਈਟਾਂ ਲਗਾ ਦਿੱਤੀਆਂ ਜਾਣਗੀਆਂ।