- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਐਸਈਬੀ ਅਤੇ ਸੀਬੀਐਸਸੀ ਬੋਰਡ ਦੇ ਪੇਪਰ ਸ਼ੁਰੂ, ਪਹਿਲੇ ਦਿਨ ਵਿਦਿਆਰਥੀਆਂ ’ਚ ਰਿਹਾ ਉਤਸ਼ਾਹ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ :
ਪੰਜਾਬ ਭਰ ਵਿੱਚ ਅੱਜ ਤੋਂ ਪੰਜਾਬ ਸਕੂਲ ਐਜ਼ੂਕੇਸ਼ਨ ਬੋਰਡ (ਪੀਐਸਈਬੀ) ਅਤੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜ਼ੂਕੇਸ਼ਨ(ਸੀਬੀਐਸਸੀ) ਦੀਆਂ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ। ਪਹਿਲੇ ਹੀ ਦਿਨ ਸਕੂਲਾਂ ਅਤੇ ਪ੍ਰੀਖਿਆ ਕੇਂਦਰਾਂ ਦੇ ਬਾਹਰ ਵਿਦਿਆਰਥੀਆਂ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ। ਹਾਲਾਂਕਿ ਕੁਝ ਵਿਦਿਆਰਥੀ ਪਹਿਲੇ ਪੇਪਰ ਕਰਕੇ ਘਬਰਾਏ ਹੋਏ ਵੀ ਨਜ਼ਰ ਆਏ, ਪਰ ਜ਼ਿਆਦਾਤਰ ਵਿਦਿਆਰਥੀਆਂ ਨੇ ਆਤਮ ਵਿਸ਼ਵਾਸ ਨਾਲ ਪੇਪਰ ਦਿੱਤਾ। ਪੀਐਸਈਬੀ ਅਧੀਨ 10ਵੀਂ ਜਮਾਤ ਦਾ ਅੰਗਰੇਜ਼ੀ ਵਿਸ਼ੇ ਦਾ ਪੇਪਰ ਹੋਇਆ, ਜਦਕਿ 12ਵੀਂ ਦੇ ਵਿਦਿਆਰਥੀਆਂ ਨੇ ਹੋਮ ਸਾਇੰਸ ਦਾ ਪੇਪਰ ਦਿੱਤਾ। ਪੇਪਰ ਖਤਮ ਹੋਣ ਤੋਂ ਬਾਅਦ ਵਿਦਿਆਰਥੀਆਂ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪ੍ਰਸ਼ਨ ਪੱਤਰ ਆਸਾਨ ਅਤੇ ਸਿਲੇਬਸ ਅਨੁਸਾਰ ਸੀ। ਕਈ ਵਿਦਿਆਰਥੀਆਂ ਨੇ ਦੱਸਿਆ ਕਿ ਪੇਪਰ ਦੀ ਤਿਆਰੀ ਮੁਤਾਬਕ ਹੀ ਸਵਾਲ ਪੁੱਛੇ ਗਏ ਸਨ, ਜਿਸ ਨਾਲ ਉਨ੍ਹਾਂ ਨੂੰ ਲਿਖਣ ਵਿੱਚ ਕਿਸੇ ਕਿਸਮ ਦੀ ਵੱਡੀ ਦਿੱਕਤ ਨਹੀਂ ਆਈ। ਵਿਦਿਆਰਥੀਆਂ ਅਨੁਸਾਰ ਦੋਵੇਂ ਪੇਪਰ ਹੀ ਸੌਖੇ ਸਨ। ਦੂਜੇ ਪਾਸੇ ਸੀਬੀਐਸਸੀ ਬੋਰਡ ਅਧੀਨ 10ਵੀਂ ਜਮਾਤ ਦਾ ਗਣਿਤ (ਮੈਥ) ਦਾ ਪੇਪਰ ਹੋਇਆ। ਕੁਝ ਵਿਦਿਆਰਥੀਆਂ ਨੇ ਕਿਹਾ ਕਿ ਕਈ ਸਵਾਲ ਗੁੰਝਲਦਾਰ ਸਨ ਅਤੇ ਥੋੜ੍ਹੀ ਸੋਚ-ਵਿਚਾਰ ਦੀ ਲੋੜ ਸੀ, ਪਰ ਕੁੱਲ ਮਿਲਾ ਕੇ ਪੇਪਰ ਠੀਕ ਰਿਹਾ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਜਿਨ੍ਹਾਂ ਨੇ ਨਿਯਮਿਤ ਤਿਆਰੀ ਕੀਤੀ ਸੀ, ਉਨ੍ਹਾਂ ਲਈ ਪੇਪਰ ਜ਼ਿਆਦਾ ਮੁਸ਼ਕਲ ਨਹੀਂ ਸੀ। ਅਧਿਆਪਕਾਂ ਨੇ ਵੀ ਦੱਸਿਆ ਕਿ ਪੇਪਰ ਦਾ ਪੱਧਰ ਮੱਧਮ ਦਰਜੇ ਦਾ ਸੀ। ਪ੍ਰੀਖਿਆਵਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ। ਹਰ ਪ੍ਰੀਖਿਆ ਕੇਂਦਰ ’ਤੇ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ। ਕੇਂਦਰਾਂ ਦੇ ਆਲੇ-ਦੁਆਲੇ ਧਾਰਾ 144 ਲਾਗੂ ਕੀਤੀ ਗਈ ਸੀ ਤਾਂ ਜੋ ਅਣਚਾਹੀਆਂ ਗਤੀਵਿਧੀਆਂ ਤੋਂ ਬਚਿਆ ਜਾ ਸਕੇ। ਮਾਪਿਆਂ ਨੂੰ ਪ੍ਰੀਖਿਆ ਕੇਂਦਰਾਂ ਦੇ ਬਾਹਰ ਬਿਨਾਂ ਲੋੜ ਇਕੱਠੇ ਨਾ ਹੋਣ ਦੀ ਅਪੀਲ ਕੀਤੀ ਗਈ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੇਂਦਰਾਂ ਦਾ ਦੌਰਾ ਕਰਕੇ ਪ੍ਰਬੰਧਾਂ ਦੀ ਜਾਂਚ ਵੀ ਕੀਤੀ ਗਈ। ਸਵੇਰੇ ਤੋਂ ਹੀ ਪ੍ਰੀਖਿਆ ਕੇਂਦਰਾਂ ਦੇ ਬਾਹਰ ਚਲਹ-ਪਹਿਲ ਦਾ ਮਾਹੌਲ ਬਣਿਆ ਰਿਹਾ। ਕਈ ਵਿਦਿਆਰਥੀ ਆਪਣੇ ਮਾਪਿਆਂ ਨਾਲ ਕੇਂਦਰਾਂ ਤਕ ਪਹੁੰਚੇ। ਮਾਪਿਆਂ ਨੇ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਹੌਸਲਾ ਵਧਾਇਆ। ਵਿਦਿਆਰਥੀਆਂ ਦੇ ਚਿਹਰਿਆਂ ’ਤੇ ਉਤਸ਼ਾਹ ਅਤੇ ਥੋੜ੍ਹੀ ਬਹੁਤ ਘਬਰਾਹਟ ਸਾਫ਼ ਦਿਖਾਈ ਦੇ ਰਹੀ ਸੀ। ਕੁੱਲ ਮਿਲਾ ਕੇ ਬੋਰਡ ਪ੍ਰੀਖਿਆਵਾਂ ਦਾ ਪਹਿਲਾ ਦਿਨ ਸ਼ਾਂਤੀਪੂਰਵਕ ਅਤੇ ਸੁਚਾਰੂ ਢੰਗ ਨਾਲ ਮੁਕੰਮਲ ਹੋਇਆ। ਵਿਦਿਆਰਥੀਆਂ ਨੇ ਆਤਮਵਿਸ਼ਵਾਸ ਨਾਲ ਪੇਪਰ ਦਿੱਤੇ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧ ਵੀ ਸੰਤੋਸ਼ਜਨਕ ਰਹੇ। ਅਗਲੇ ਦਿਨਾਂ ਵਿੱਚ ਹੋਣ ਵਾਲੇ ਹੋਰ ਪੇਪਰਾਂ ਲਈ ਵੀ ਵਿਦਿਆਰਥੀ ਉਤਸ਼ਾਹ ਅਤੇ ਤਿਆਰੀ ਨਾਲ ਤਿਆਰ ਨਜ਼ਰ ਆ ਰਹੇ ਹਨ।
-ਬਾਕਸ-
8ਵੀਂ ਜਮਾਤ ਦੇ ਵਿਦਿਆਰਥੀ ਜਗਦੀਪ ਸਿੰਘ ਨੇ ਕਿਹਾ ਕਿ ਪਹਿਲੇ ਦਿਨ ਅੰਗਰੇਜੀ ਵਿਸ਼ੇ ਦਾ ਪੇਪਰ ਸੀ। ਉਸਨੇ ਦੱਸਿਆ ਕਿ ਘਰ ਵਿੱਚ ਕਈ ਦਿਨਾਂ ਤੋਂ ਪ੍ਰੀਖਿਆਵਾਂ ਦੀ ਤਿਆਰੀ ਚੱਲ ਰਹੀ ਸੀ ਅਤੇ ਸਭ ਨੇ ਮਿਲ ਕੇ ਮਿਹਨਤ ਕੀਤੀ। ਉਸਦੇ ਅਨੁਸਾਰ ਪਹਿਲਾ ਪੇਪਰ ਚੰਗਾ ਜਾਣ ਨਾਲ ਬੱਚਿਆਂ ਦਾ ਆਤਮ ਵਿਸ਼ਵਾਸ ਵਧਦਾ ਹੈ। ਉਸਨੇ ਦੱਸਿਆ ਕਿ ਪੇਪਰ ਕੋਈ ਬਹੁਤਾ ਔਖਾ ਨਹੀਂ ਸੀ। ਪੇਪਰ ਨੂੰ ਹੱਲ ਕਰਨ ਵਿਚ ਕੋਈ ਮੁਸ਼ਕਿਲ ਨਹੀਂ ਆਈ। ਉਸਨੇ ਦੱਸਿਆ ਕਿ ਵੀਰਵਾਰ ਨੂੰ ਪੰਜਾਬੀ ਦਾ ਪੇਪਰ ਹੈ।
-ਬਾਕਸ-
ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਵਿਚ 8ਵੀਂ ਜਮਾਤ ਦਾ ਅੰਗਰੇਜੀ ਵਿਸ਼ੇ ਦਾ ਪੇਪਰ ਦੇ ਆਏ ਵਿਦਿਆਰਥੀ ਰਵਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਉਸਨੂੰ ਕੁੱਝ ਘਬਰਾਹਟ ਸੀ, ਪਰ ਅੰਗਰੇਜੀ ਵਿਸ਼ੇ ਦਾ ਪੇਪਰ ਕੋਈ ਔਖਾ ਨਹੀ ਸੀ। ਉਸਨੇ ਪੇਪਰ ਦੀ ਪਹਿਲਾਂ ਹੀ ਤਿਆਰੀ ਕੀਤੀ ਹੋਈ ਸੀ, ਜਿਸ ਕਾਰਨ ਪੇਪਰ ਕੋਈ ਔਖਾ ਨਹੀ ਸੀ। ਸਮੇਂ ਅਨੁਸਾਰ ਹੀ ਉਸਨੇ ਸਾਰੇ ਸਵਾਲਾਂ ਦੇ ਉਤਰ ਲਿਖ ਦਿੱਤੇ। ਉਸ ਅਨੁਸਾਰ ਅੰਗਰੇਜੀ ਵਿਸ਼ੇ ਵਿੱਚੋਂ ਉਹ ਚੰਗੇ ਅੰਕ ਲੈ ਕੇ ਜਾਵੇਗਾ।
-ਬਾਕਸ-
ਵਿਦਿਆਰਥੀ ਤਰੁਣ ਨੇ ਦੱਸਿਆ ਕਿ ਪਹਿਲੇ ਦਿਨ ਦੀ ਘਬਰਾਹਟ ਸਵਭਾਵਿਕ ਹੁੰਦੀ ਹੈ, ਪਰ ਜੇਕ ਤਿਆਰੀ ਪੂਰੀ ਹੋਵੇ ਤਾਂ ਡਰਣ ਦੀ ਲੋੜ ਨਹੀਂ ਹੁੰਦੀ। ਉਸਨੇ ਕਿਹਾ ਕਿ ਸਕੂਲਾਂ ਵੱਲੋਂ ਮੌਕ ਟੈਸਟ ਲਗਾਤਾਰ ਲਗਾਏ ਗਏ ਸਨ, ਜਿਸ ਨਾਲ ਵਿਦਿਆਰਥੀਆਂ ਨੂੰ ਅਸਲੀ ਪ੍ਰੀਖਿਆ ਦਾ ਅਨੁਭਵ ਹੋਇਆ। ਉਸ ਅਨੁਸਾਰ ਅੰਗਰੇਜੀ ਦਾ ਪੇਪਰ ਕੋਈ ਔਖਾ ਨਹੀ ਲੱਗਿਆ ਸਗੋਂ ਸਮੇਂ ਤੋਂ ਪਹਿਲਾਂ ਹੀ ਪੇਪਰ ਹੱਲ ਕਰ ਦਿੱਤਾ।
-ਬਾਕਸ-
ਦਸ਼ਮੇਸ਼ ਸਕੂਲ ਦੇ ਐਮਡੀ ਤਸ਼ਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ ਪ੍ਰੀਖਿਆਵਾਂ ਦੇ ਮੱਦੇਨਜ਼ਰ ਪੁਖਤਾ ਪ੍ਰਬੰਧ ਕੀਤੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵਿਚ ਪਹਿਲੇ ਦਿਨ ਪੇਪਰ ਕਾਰਨ ਕੁੱਝ ਘਬਰਾਹਟ ਜਰੂਰ ਹੁੰਦੀ ਹੈ ਪਰ ਫ਼ਿਰ ਵਿਚ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ਼ ਵੇਖਣ ਲਈ ਮਿਲਿਆ।
ਬਾਕਸ
ਪ੍ਰੀਖਿਆ ਕੇਂਦਰਾਂ ਦੇ ਨੇੜੇ ਪੰਜ ਵਿਅਕਤੀ ਇਕੱਠੇ ਹੋਣ ’ਤੇ ਪਾਬੰਦੀ
ਅੱਜ ਤੋਂ ਸ਼ੁਰੂ ਹੋ ਰਹੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਸਬੰਧੀ ਜ਼ਿਲ੍ਹਾ ਮੈਜਿਸਟਰੇਟ ਰਾਜੇਸ਼ ਧੀਮਾਨ ਨੇ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਹੱਕਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਬਠਿੰਡਾ ਦੀ ਹਦੂਦ ਅੰਦਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਥਾਪਿਤ ਕੀਤੇ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ’ਚ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਹੁਕਮ ਅਨੁਸਾਰ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਐਸਏਐਸ ਨਗਰ, (ਮੋਹਾਲੀ) ਦੇ ਪੱਤਰ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅੱਠਵੀਂ, ਦਸਵੀਂ ਅਤੇ ਬਾਰਵੀਂ ਸ੍ਰੇਣੀ ਦੀਆਂ ਫਰਵਰੀ/ਮਾਰਚ 2026 ਦੀਆਂ ਸਲਾਨਾ ਪ੍ਰੀਖਿਆਵਾਂ (ਸਮੇਤ ਓਪਨ ਸਕੂਲ),17 ਫਰਵਰੀ 2026 ਤੋਂ 4 ਅਪ੍ਰੈਲ 2026 ਤਕ ਕਰਵਾਈਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਚੇਅਰਮੈਨ, ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦੇ ਪੱਤਰ ਅਨੁਸਾਰ ਸੀਬੀਐੱਸਸੀ ਬੋਰਡ ਵੱਲੋਂ ਦਸਵੀਂ ਅਤੇ ਬਾਰਵੀਂ ਦੀਆਂ ਫਰਵਰੀ/ਮਾਰਚ 2026 ਦੀਆਂ ਸਾਲਾਨਾ ਪ੍ਰੀਖਿਆਵਾਂ 17 ਫਰਵਰੀ 2026 ਤੋਂ 11 ਅਪ੍ਰੈਲ 2026 ਤਕ ਕਰਵਾਈਆਂ ਜਾ ਰਹੀਆਂ ਹਨ। ਇਹ ਹੁਕਮ 17 ਫਰਵਰੀ 2026 ਤੋਂ 11 ਅਪ੍ਰੈਲ 2026 ਤਕ ਲਾਗੂ ਰਹਿਣਗੇ।
-ਪ੍ਰੀਖਿਆਵਾਂ ਲਈ ਉਡਨ ਦਸਤਿਆਂ ਦੀਆਂ 10 ਟੀਮਾਂ ਤਾਇਨਾਤ
ਮੰਗਲਵਾਰ 17 ਫਰਵਰੀ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਤੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦੀਆਂ ਬੋਰਡ ਦੀਆਂ ਅੱਠਵੀਂ, 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ ਹਨ। ਪ੍ਰੀਖਿਆਵਾਂ ਨੂੰ ਨਿਰਪੱਖ ਢੰਗ ਨਾਲ ਮੁਕੰਮਲ ਕਰਵਾਉਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਉਡਨ ਦਸਤਿਆਂ ਦੀਆਂ 10 ਟੀਮਾਂ ਬਣਾ ਕੇ ਬਲਾਕ ਵਾਈਜ਼ ਡਿਊਟੀਆਂ ਲਗਾਈਆਂ ਗਈਆਂ, ਜਿਸ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਤੇ ਪ੍ਰਾਇਮਰੀ, ਉਪ ਜ਼ਿਲ੍ਹਾ ਸਿੱਖਿਆ ਅਫਸਰ ਤੇ ਬਲਾਕ ਨੋਡਲ ਅਫਸਰ ਸ਼ਾਮਲ ਕੀਤੇ ਗਏ ਹਨ। ਬੋਰਡ ਵੱਲੋਂ ਜ਼ਿਲ੍ਹੇ ਦੇ ਸਾਰੇ 106 ਪ੍ਰੀਖਿਆ ਸੈਂਟਰ ਦੇ ਲਈ ਸੁਪਰਿੰਟੈਂਡੈਂਟ ਤੇ ਡਿਪਟੀ ਸੁਪਰਡੈਂਟ ਲਗਾਏ, ਜੋ ਕਿ ਬੈਂਕਾਂ ਦੇ ਲਾਕਰ ’ਚ ਰੱਖੇ ਗਏ ਪ੍ਰਸ਼ਨ ਪੱਤਰ ਸਵੇਰੇ 10:30 ਵਜੇ ਹਾਸਲ ਕਰਕੇ ਪੈਕੇਟਾਂ ਦੇ ਉੱਪਰ ਲੱਗੇ ਹੋਏ ਬਾਰ ਕੋਡ ਸਕੈਨ ਕਰਕੇ ਐਪ ’ਤੇ ਡਾਊਨਲੋਡ ਕਰਨਗੇ, ਜਿਸ ਨਾਲ ਪ੍ਰਸ਼ਨ ਪੱਤਰਾਂ ਦੀ ਪ੍ਰੀਖਿਆ ਕੇਂਦਰਾਂ ਤਕ ਟਰੈਕਿੰਗ ਹੋਵੇਗੀ। ਜ਼ਿਲ੍ਹੇ ’ਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਠਵੀਂ ਦੇ 12889, 10ਵੀਂ ਦੇ 13122 ਤੇ 12ਵੀਂ ਦੇ 13930 ਬੱਚੇ ਪ੍ਰੀਖਿਆ ਦੇਣਗੇ।.ਪ੍ਰੀਖਿਆਵਾਂ ਦੇ ਪਹਿਲੇ ਦਿਨ ਜ਼ਿਲ੍ਹਾ ਸਿੱਖਿਆ ਅਫਸਰ ਮਮਤਾ ਖੁਰਾਣਾ ਸੇਠੀ ਵੱਲੋਂ ਆਪਣੀ ਟੀਮ ਨਾਲ ਸੰਵੇਦਨਸ਼ੀਲ ਪ੍ਰੀਖਿਆ ਕੇਂਦਰਾਂ ਦਾ ਦੌਰਾ ਕਰਕੇ ਪ੍ਰੀਖਿਆਵਾਂ ਦਾ ਸੁਚਾਰੂ ਢੰਗ ਨਾਲ ਚੱਲਣਾ ਯਕੀਨੀ ਬਣਾਇਆ ਗਿਆ।