ਪਾਬੰਦੀ ਦੇ ਬਾਵਜੂਦ ਚਾਈਨਾ ਡੋਰ ਨਾਲ ਇਕ ਵਿਅਕਤੀ ਜ਼ਖ਼ਮੀ
ਚਾਇਨਾ ਡੋਰ ਨਾਲ ਜਖਮੀ, ਹੱਥ ’ਤੇ ਆਇਆ ਜਖਮ
Publish Date: Sat, 24 Jan 2026 05:02 PM (IST)
Updated Date: Sun, 25 Jan 2026 04:07 AM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ : ਪੰਜਾਬ ਸਰਕਾਰ ਵੱਲੋਂ ਚਾਈਨਾ ਡੋਰ ‘ਤੇ ਸਖ਼ਤ ਪਾਬੰਦੀ ਹੋਣ ਦੇ ਬਾਵਜੂਦ ਖ਼ਤਰਨਾਕ ਚਾਈਨਾ ਡੋਰ ਦੀ ਕੱਲ ਬਸੰਤ ਪੰਚਮੀ ਮੌਕੇ ਸ਼ਰੇਆਮ ਵਰਤੋਂ ਲਗਾਤਾਰ ਜਾਰੀ ਹੈ। ਇਸ ਚਾਈਨਾ ਡੋਰ ਦਾ ਤਾਜ਼ਾ ਸ਼ਿਕਾਰ ਹੋਣ ਦਾ ਮਾਮਲਾ ਕੋਟਸ਼ਮੀਰ ਵਿਖੇ ਸਾਹਮਣੇ ਆਇਆ। ਜਿੱਥੇ ਇਕ ਵਿਅਕਤੀ ਦੀ ਜਾਨ ਮੁਸ਼ਕਲ ਨਾਲ ਬਚ ਸਕੀ। ਪਿੰਡ ਕੋਟਸ਼ਮੀਰ ਦੇ ਵਾਸੀ ਜਸਵੀਰ ਸਿੰਘ ਮੁਤਾਬਿਕ ਉਹ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਅਚਾਨਕ ਰਸਤੇ ਵਿਚ ਉਸਦੇ ਗਲੇ ’ਚ ਚਾਈਨਾ ਡੋਰ ਫਸ ਗਈ। ਜਸਵੀਰ ਸਿੰਘ ਨੂੰ ਜਦੋਂ ਤਕ ਡੋਰ ਦਾ ਅਹਿਸਾਸ ਹੋਇਆ, ਉਦੋਂ ਤਕ ਡੋਰ ਉਸਦੇ ਗਲੇ ਨੂੰ ਡੂੰਘੀ ਤਰ੍ਹਾਂ ਕੱਟ ਚੁੱਕੀ ਸੀ। ਆਪਣੀ ਜਾਨ ਬਚਾਉਣ ਲਈ ਜਦੋਂ ਉਸਨੇ ਤੁਰੰਤ ਹੱਥ ਅੱਗੇ ਕੀਤਾ, ਤਾਂ ਡੋਰ ਗਲੇ ਦੇ ਨਾਲ-ਨਾਲ ਹੱਥ ’ਤੇ ਵੀ ਡੂੰਘੀ ਚੋਟ ਛੱਡ ਗਈ। ਮੌਕੇ ’ਤੇ ਜਸਵੀਰ ਸਿੰਘ ਨੂੰ ਤੁਰੰਤ ਡਾਕਟਰ ਕੋਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਦੱਸਿਆ ਕਿ ਜੇਕਰ ਉਹ ਸਮੇਂ ਸਿਰ ਹੱਥ ਨਾਲ ਆਪਣਾ ਬਚਾਅ ਨਾ ਕਰਦਾ ਤਾਂ ਮਾਮਲਾ ਜਾਨਲੇਵਾ ਸਾਬਤ ਹੋ ਸਕਦਾ ਸੀ। ਇਹ ਘਟਨਾ ਪ੍ਰਸ਼ਾਸਨ ਦੇ ਦਾਅਵਿਆਂ ‘ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਚਾਈਨਾ ਡੋਰ ’ਤੇ ਪਾਬੰਦੀ ਦੇ ਬਾਵਜੂਦ ਇਸਦੀ ਵਿਕਰੀ ਤੇ ਵਰਤੋਂ ਹੋਣਾ ਸਾਫ਼ ਦਰਸਾਉਂਦਾ ਹੈ ਕਿ ਪ੍ਰਸ਼ਾਸਨ ਵੱਲੋਂ ਕੀਤੇ ਗਏ ਸਾਰੇ ਯਤਨ ਜ਼ਮੀਨੀ ਪੱਧਰ ’ਤੇ ਫੇਲ੍ਹ ਸਾਬਤ ਹੋ ਰਹੇ ਹਨ।