ਪਾਬੰਦੀਸ਼ੁਦਾ ਪਦਾਰਥਾਂ ਸਮੇਤ 8 ਵਿਅਕਤੀ ਕਾਬੂ
ਨਸ਼ੀਲੇ ਪਦਾਰਥਾਂ ਸਮੇਤ 8 ਵਿਅਕਤੀ ਗ੍ਰਿਫ਼ਤਾਰ
Publish Date: Mon, 16 Mar 2026 05:10 PM (IST)
Updated Date: Tue, 17 Mar 2026 04:07 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਵੱਡੀ ਮਾਤਰਾ ’ਚ ਪਾਬੰਦੀਸ਼ੁਦਾ ਪਦਾਰਥਾਂ ਸਮੇਤ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਫੜੇ ਗਏ ਇਨ੍ਹਾਂ ਮੁਲਜ਼ਮਾਂ ਕੋਲੋਂ 43.9 ਗ੍ਰਾਮ ਹੈਰੋਇਨ, 100 ਲੀਟਰ ਲਾਹਣ, 30 ਨਸ਼ੀਲੀਆਂ ਗੋਲੀਆਂ ਅਤੇ ਚਾਰ ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਸੁਖਪ੍ਰੀਤ ਸਿੰਘ ਬਾਸੀ ਬਸੰਤ ਵਿਹਾਰ ਨੂੰ 4 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਨੇ ਗੁਪਤ ਸੂਚਨਾ ਮਿਲਣ ’ਤੇ ਛਾਪੇਮਾਰੀ ਕਰਦਿਆਂ ਅਮਰਪੁਰਾ ਬਸਤੀ ਵਿੱਚੋਂ ਬਲਜਿੰਦਰ ਸਿੰਘ ਵਾਸੀ ਮਹਿਣਾ ਬਸਤੀ ਨੂੰ 25 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਦਰ ਬਠਿੰਡਾ ਦੀ ਪੁਲਿਸ ਨੇ ਪਿੰਡ ਕੋਟਸ਼ਮੀਰ ਨੇੜੇ ਇਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 8.9 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਮੁਲਜ਼ਮ ਨੂੰ ਮੌਕੇ ’ਤੇ ਕਾਬੂ ਕਰ ਲਿਆ, ਜਿਸ ਦੀ ਪਛਾਣ ਸੁਖਵੀਰ ਸਿੰਘ ਬਾਸੀ ਪਿੰਡ ਬੀੜ ਤਲਾਬ ਵਜੋਂ ਹੋਈ ਹੈ। ਥਾਣਾ ਕੋਟਫੱਤਾ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਹਰਿਆਣਾ ਮਾਰਕਾ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ। ਪੁਲਿਸ ਨੇ ਪਿੰਡ ਗਹਿਰੀ ਭਾਗੀ ’ਚ ਛਾਪੇਮਾਰੀ ਕਰਦਿਆਂ ਲਵਜੀਤ ਸਿੰਘ ਨੂੰ ਚਾਰ ਪੇਟੀਆਂ ਹਰਿਆਣਾ ਮਾਰਕਾ ਦੇਸੀ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਥਾਣਾ ਮੌੜ ਮੰਡੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕਰਦਿਆਂ ਹਰਸਿਮਰਨਜੋਤ ਸਿੰਘ ਵਾਸੀ ਪਿੰਡ ਘੁੰਮਣ ਕਲਾਂ ਨੂੰ 6 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਤਰ੍ਹਾਂ ਹੀ ਥਾਣਾ ਰਾਮਾਂ ਮੰਡੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪਿੰਡ ਗਿਆਨਾ ਤੋਂ ਗੁਰਜੰਟ ਸਿੰਘ ਨੂੰ 100 ਲੀਟਰ ਲਾਹਣ ਸਮੇਤ ਕਾਬੂ ਕੀਤਾ ਹੈ ਜਦੋਂਕਿ ਥਾਣਾ ਸੰਗਤ ਮੰਡੀ ਦੀ ਪੁਲਿਸ ਨੇ ਗੁਪਤ ਸੂਚਨਾ ਮਿਲਣ ’ਤੇ ਛਾਪੇਮਾਰੀ ਕਰਦਿਆਂ ਪਿੰਡ ਨਰ ਸਿੰਘ ਕਲੋਨੀ ਵਿੱਚੋਂ ਅੰਮ੍ਰਿਤਪਾਲ ਸਿੰਘ ਅਤੇ ਆਜ਼ਾਦਪਾਲ ਸਿੰਘ ਨੂੰ 30 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਏ ਹਨ।