ਵੱਡੀ ਮਾਤਰਾ ’ਚ ਪਾਬੰਦੀਸ਼ੁਦਾ ਪਦਾਰਥਾਂ ਸਣੇ 20 ਕਾਬੂ
ਭਾਰੀ ਮਾਤਰਾ ਨਸ਼ੀਲੇ ਪਦਾਰਥਾਂ ਸਮੇਤ 20 ਵਿਅਕਤੀ ਗ੍ਰਿਫਤਾਰ
Publish Date: Wed, 11 Feb 2026 04:49 PM (IST)
Updated Date: Thu, 12 Feb 2026 04:00 AM (IST)

ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 20 ਵਿਅਕਤੀਆਂ ਨੂੰ ਭਾਰੀ ਮਾਤਰਾ ਪਾਬੰਦੀਸ਼ੁਦਾ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਫੜ੍ਹੇ ਗਏ ਇਨ੍ਹਾਂ ਮੁਲਜ਼ਮਾਂ ਕੋਲੋਂ 41.38 ਗ੍ਰਾਮ ਹੈਰੋਇਨ, 1625 ਪਾਬੰਦੀਸ਼ੁਦਾ ਕੈਪਸੂਲ, 250 ਨਸ਼ੀਲੀਆਂ ਗੋਲੀਆਂ, 200 ਲੀਟਰ ਲਾਹਣ ਤੇ 9 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। ਥਾਣਾ ਕੋਤਵਾਲੀ ਪੁਲਿਸ ਨੇ ਕਪਾਹ ਮੰਡੀ ਨੇੜੇ ਦੋ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 6.50 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਮੁਲਜ਼ਮਾਂ ਨੂੰ ਮੌਕੇ ’ਤੇ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਕੁਲਵਿੰਦਰ ਸਿੰਘ ਵਾਸੀ ਬਲਰਾਜ ਨਗਰ ਅਤੇ ਗੁਰਪ੍ਰੀਤ ਸਿੰਘ ਵਾਸੀ ਬੰਗੀ ਨਗਰ ਬਠਿੰਡਾ ਵਜੋਂ ਹੋਈ ਹੈ। ਇਸ ਤਰ੍ਹਾਂ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਭਾਗੂ ਰੋਡ ਦੇ ਵਾਟਰ ਵਰਕਸ ਨੇੜੇ ਘੁੰਮ ਰਹੇ ਦੋ ਸ਼ੱਕੀ ਲੋਕਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 8 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਪਾਰਟੀ ਨੇ ਮੁਲਜ਼ਮਾਂ ਨੂੰ ਮੌਕੇ ’ਤੇ ਹੀ ਫੜ ਲਿਆ, ਜਿਨ੍ਹਾਂ ਦੀ ਪਛਾਣ ਕੁਲਵੰਤ ਸਿੰਘ ਵਾਸੀ ਮਾਡਲ ਟਾਊਨ ਬਠਿੰਡਾ ਤੇ ਸ਼ੁਭਮ ਬੱਬਰ ਵਾਸੀ ਦੀਪ ਨਗਰ ਬਠਿੰਡਾ ਵਜੋਂ ਹੋਈ ਹੈ। ਥਾਣਾ ਥਰਮਲ ਬਠਿੰਡਾ ਦੀ ਪੁਲਿਸ ਨੇ ਮਲੋਟ ਰੋਡ ਤੋਂ ਜਰਨੈਲ ਸਿੰਘ ਵਾਸੀ ਬੀੜ ਤਲਾਬ ਨੂੰ 5.72 ਗ੍ਰਾਮ ਹੈਰੋਇਨ ਸਮੇਤ ਗ੍ਰਫਤਾਰ ਕੀਤਾ ਹੈ ਜਦੋਂਕਿ ਥਾਣਾ ਭਗਤਾ ਭਾਈਕਾ ਦੀ ਪੁਲਿਸ ਨੇ ਦਿਆਲਪੁਰਾ ਭਾਈਕਾ ਵਿਚ ਛਾਪੇਮਾਰੀ ਕਰਦਿਆਂ ਜਸਪਾਲ ਸਿੰਘ ਵਾਸੀ ਸਲਾਬਤਪੁਰਾ ਅਤੇ ਸਿਮਰਨਜੀਤ ਸਿੰਘ ਵਾਸੀ ਸੁਰਜੀਤਪੁਰਾ ਝੁੱਗੀਆਂ ਦਿਆਲਪੁਰਾ ਨੂੰ 5.50 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਸੇ ਥਾਣੇ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਦਿਆਲਪੁਰਾ ਭਾਈਕਾ ਵਿਚ ਛਾਪੇਮਾਰੀ ਕਰਦਿਆਂ ਗੁਰਵਿੰਦਰ ਸਿੰਘ ਅਤੇ ਰਾਮ ਸਿੰਘ ਨੂੰ 200 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰ ਲਿਆ ਹੈ ਜਦੋਂਕਿ ਇਨ੍ਹਾਂ ਦਾ ਤੀਜਾ ਸਾਥੀ ਗਗਨਦੀਪ ਸਿੰਘ ਵਾਸੀ ਸਲਾਬਤਪੁਰਾ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਭਗਤਾ ਭਾਈਕਾ ਦੇ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਨੇ ਦੱਸਿਆ ਕਿ ਮੁਲਜਮ ਗਗਨਦੀਪ ਸਿੰਘ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੇ ਮਨਪ੍ਰੀਤ ਸਿੰਘ ਵਾਸੀ ਮੋੜ ਰੋਡ ਪਿੰਡ ਰਾਮਪੁਰਾ ਨੂੰ 9 ਬੋਤਲਾਂ ਠੇਕਾ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। ਥਾਣਾ ਕੋਟਫਤਾ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਲਾਹਣ ਅਤੇ ਹੈਰੋਇਨ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਰਾਏਖਾਨਾ ’ਚ ਛਾਪੇਮਾਰੀ ਕਰਦਿਆਂ ਜਗਸੀਰ ਸਿੰਘ ਨੂੰ 200 ਲੀਟਰ ਲਾਹਣ ਸਮੇਤ ਫੜਿਆ ਹੈ ਜਦੋਂਕਿ ਇਸੇ ਥਾਣੇ ਦੀ ਪੁਲਿਸ ਨੇ ਪਿੰਡ ਕੋਟਭਾਰਾ ਵਿਚ ਇਕ ਥਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਸਵਾਰਾਂ ਕੋਲੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਪਾਰਟੀ ਨੇ ਮੁਲਜ਼ਮਾਂ ਨੂੰ ਮੌਕੇ ’ਤੇ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਮਨਪ੍ਰੀਤ ਸਿੰਘ ਅਤੇ ਅਮਰੀਕ ਸਿੰਘ ਵਾਸੀਆਨ ਪਿੰਡ ਕੋਟਭਾਰਾ ਵਜੋਂ ਹੋਈ ਹੈ। ਥਾਣਾ ਰਾਮਾਂ ਮੰਡੀ ਦੀ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਹੈਰੋਇਨ ਤੇ ਵੱਡੀ ਮਾਤਰਾ ’ਚ ਕੈਪਸੂਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸਹਾਇਕ ਥਾਣੇਦਾਰ ਨਿਰਮਲਜੀਤ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਤਰਖਾਣ ਵਾਲਾ ’ਚ ਛਾਪਾਮਾਰੀ ਕਰਦਿਆਂ ਜਸਕਰਨ ਸਿੰਘ ਨੂੰ 225 ਕੈਪਸੂਲਾਂ ਸਮੇਤ ਕਾਬੂ ਕੀਤਾ ਹੈ। ਸਹਾਇਕ ਥਾਣੇਦਾਰ ਪ੍ਰਕਾਸ਼ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੇ ਪਿੰਡ ਬਾਘਾ ’ਚ ਛਾਪੇਮਾਰੀ ਕਰਦਿਆਂ ਗੁਰਮੀਤ ਸਿੰਘ ਨੂੰ 6.50 ਗ੍ਰਾਮ ਹੈਰੋਇਨ ਸਮੇਤ ਫੜਿਆ ਹੈ। ਥਾਣੇ ਦੀ ਪੁਲਿਸ ਨੇ ਸਹਾਇਕ ਥਾਣੇਦਾਰ ਇਕਬਾਲ ਸਿੰਘ ਦੀ ਅਗਵਾਈ ਹੇਠ ਗੁਪਤ ਸੂਚਨਾ ਮਿਲਣ ’ਤੇ ਪਿੰਡ ਤਰਖਾਣ ਵਾਲਾ ’ਚ ਛਾਪੇਮਾਰੀ ਕਰਦਿਆਂ ਮੰਦਰ ਸਿੰਘ ਤੇ ਜੱਸੀ ਸਿੰਘ ਵਾਸੀ ਦੇਸੂ ਮਲਕਾਣਾ ਨੂੰ 1400 ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਕਾਬੂ ਕੀਤਾ ਹੈ। ਇਕ ’ਚ ਥਾਣਾ ਸੰਗਤ ਮੰਡੀ ਦੀ ਪੁਲਿਸ ਨੇ ਬਲਜਿੰਦਰ ਸਿੰਘ ਵਾਸੀ ਧੁੰਨੀਕੇ ਨੂੰ 50 ਪਾਬੰਦੀਸ਼ੁਦਾ ਗੋਲ਼ੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਨਸ਼ਾ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।