ਪ੍ਰਸ਼ਾਸਨ ਤੇ ਨਿਗਮ ਦੀ ਅਣਦੇਖੀ ਕਾਰਨ ਮਲਬੇ ਦੇ ਢੇਰਾਂ ਤੋਂ ਲੋਕ ਪਰੇਸ਼ਾਨ
ਪ੍ਰਸ਼ਾਸਨ ਤੇ ਨਗਰ ਨਿਗਮ ਦੀ ਅਣਦੇਖੀ ਕਾਰਨ ਮਲਵੇ ਦੇ ਢੇਰਾਂ ਨਾਲ ਲੋਕ ਪਰੇਸ਼ਾਨ
Publish Date: Sun, 15 Feb 2026 05:08 PM (IST)
Updated Date: Mon, 16 Feb 2026 04:03 AM (IST)
-ਜੇ ਮਲਬਾ ਸੁੱਟਣ ਤੋਂ ਨਾ ਰੋਕਿਆ ਤਾਂ ਇਹ ਇਲਾਕੇ ਵੀ ਜਲਦ ਮਲਬੇ ’ਚ ਹੋ ਸਕਦੇ ਨੇ ਤਬਦੀਲ : ਲੋਕ
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ. ਬਠਿੰਡਾ
ਸਥਾਨਕ ਸ਼ਹਿਰ ’ਚ ਕੂੜੇ-ਕਰਕਟ ਦੇ ਢੇਰਾਂ ਤੋਂ ਪਹਿਲਾਂ ਹੀ ਪਰੇਸ਼ਾਨ ਬਠਿੰਡਾ ਵਾਸੀਆਂ ਨੂੰ ਹੁਣ ਇਮਾਰਤੀ ਮਲਬੇ ਦੇ ਗ਼ੈਰ-ਕਾਨੂੰਨੀ ਡੰਪਾਂ ਨੇ ਹੋਰ ਮੁਸ਼ਕਲ ਵਿਚ ਪਾ ਦਿੱਤਾ ਹੈ। ਸ਼ਹਿਰ ਦੇ ਆਉਟਰ ਇਲਾਕਿਆਂ ਤੇ ਸੁੰਨੀਆਂ ਸੜਕਾਂ ਦੇ ਨਾਲ-ਨਾਲ ਹੁਣ ਰਿਹਾਇਸ਼ੀ ਤੇ ਪਾਸ਼ ਇਲਾਕਿਆਂ ’ਚ ਵੀ ਕੂੜਾ ਸੁੱਟਿਆ ਜਾ ਰਿਹਾ ਹੈ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਜਿਵੇਂ ਬਠਿੰਡਾ ਛਾਉਣੀ ਨਾਲ ਲੱਗਦੀ ਰਿੰਗ ਰੋਡ, ਇਨਕਮ ਟੈਕਸ ਕਾਲੋਨੀ ਨੇੜੇ ਇਲਾਕਾ, ਨਹਿਰ ਖੇਤਰ, ਮਲੋਟ ਰੋਡ, ਡੱਬਵਾਲੀ ਰੋਡ, ਬੀਬੀਵਾਲਾ ਰੋਡ, ਭਾਗੂ ਰੋਡ, ਸਖੀ ਸੈਂਟਰ ਚੌਂਕ, ਕਿਲਾ ਰੋਡ ਅਤੇ ਮਾਨਸਾ ਰੋਡ ਆਦਿ ’ਤੇ ਇਮਾਰਤੀ ਮਲਬੇ ਦੇ ਢੇਰ ਲੱਗੇ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਲੋਕਾਂ ਨੇ ਕਿਹਾ ਕਿ ਘਰਾਂ ਅਤੇ ਦੁਕਾਨਾਂ ਦੀ ਮੁਰੰਮਤ ਜਾਂ ਤੋੜ-ਫੋੜ ਤੋਂ ਬਾਅਦ ਮਲਵਾ ਟਰੈਕਟਰ-ਟਰਾਲੀ ਰਾਹੀਂ ਚੁੱਕਵਾਇਆ ਜਾਂਦਾ ਹੈ, ਪਰ ਕਈ ਡਰਾਈਵਰ ਇਹ ਮਲਵਾ ਸ਼ਹਿਰ ਤੋਂ ਬਾਹਰ ਜਾਂ ਸੁੰਨੀਆਂ ਸੜਕਾਂ ਕੰਢੇ ਸੁੱਟ ਕੇ ਚਲੇ ਜਾਂਦੇ ਹਨ। ਕੁਝ ਮਾਮਲਿਆਂ ਵਿਚ ਲੋਕ ਆਪਣੇ ਤੌਰ ‘ਤੇ ਵੀ ਗੱਟਿਆਂ ਜਾਂ ਬੋਰੀਆਂ ’ਚ ਮਲਵਾ ਭਰ ਕੇ ਰਾਤ ਦੇ ਸਮੇਂ ਕੂੜੇ ਵਾਲੀਆਂ ਥਾਵਾਂ ’ਤੇ ਸੁੱਟ ਜਾਂਦੇ ਹਨ। ਨਗਰ ਨਿਗਮ ਵੱਲੋਂ ਕੂੜਾ ਤਾਂ ਚੁੱਕ ਲਿਆ ਜਾਂਦਾ ਹੈ, ਪਰ ਮਲਬਾ ਉੱਥੇ ਹੀ ਪਿਆ ਰਹਿੰਦਾ ਹੈ।
ਸ਼ਿਕਾਇਤਕਰਤਾਵਾਂ ਅਨੁਸਾਰ ਜਦੋਂ ਨਿਗਮ ਕੋਲ ਮਲਬਾ ਚੁੱਕਣ ਦੀ ਮੰਗ ਕੀਤੀ ਜਾਂਦੀ ਹੈ ਤਾਂ ਅਕਸਰ ਜਵਾਬ ਮਿਲਦਾ ਹੈ ਕਿ ਮਲਬਾ ਨਿਪਟਾਰੇ ਲਈ ਢੰਗ ਦੀ ਥਾਂ ਉਪਲੱਬਧ ਨਹੀਂ ਹੈ। ਇਸ ਕਾਰਨ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ। ਹੁਣ ਸ਼ਹਿਰ ਦੇ ਪਾਸ਼ ਇਲਾਕਿਆਂ ’ਚ ਜਿਵੇਂ ਮਾਡਲ ਟਾਊਨ ਫੇਜ਼-1 ਅਤੇ ਫੇਜ਼-2 ਵਿਚ ਵੀ ਕੂੜਾ ਸੁੱਟੇ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਨਿਵਾਸੀਆਂ ਨੇ ਕਿਹਾ ਕਿ ਜੇ ਇਹ ਸਿਲਸਿਲਾ ਨਾ ਰੋਕਿਆ, ਤਾਂ ਇਹ ਇਲਾਕੇ ਵੀ ਜਲਦੀ ਹੀ ਮਲਬੇ ’ਚ ਤਬਦੀਲ ਹੋ ਸਕਦੇ ਹਨ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੇ ਨਗਰ ਨਿਗਮ ਬਠਿੰਡਾ ਤੋਂ ਮੰਗ ਕੀਤੀ ਹੈ ਕਿ ਗ਼ੈਰ-ਕਾਨੂੰਨੀ ਤੌਰ ’ਤੇ ਮਲਬਾ ਸੁੱਟਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਟਰੈਕਟਰ-ਟਰਾਲੀ ਡਰਾਈਵਰਾਂ ਦੇ ਵਾਹਨਾਂ ਨੂੰ ਜ਼ਬਤ ਕਰਕੇ ਜੁਰਮਾਨੇ ਲਗਾਏ ਜਾਣ ਤੇ ਜ਼ਿੰਮੇਵਾਰ ਅਧਿਕਾਰੀਆਂ ਦੀ ਲਾਪਰਵਾਹੀ ਦੀ ਵੀ ਜਾਂਚ ਕੀਤੀ ਜਾਵੇ।