ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਜਾਇਆ ਨਗਰ ਕੀਰਤਨ
ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਏ
Publish Date: Fri, 02 Jan 2026 04:49 PM (IST)
Updated Date: Sat, 03 Jan 2026 04:05 AM (IST)
-ਨਗਰ ਕੀਰਤਨ ਦੌਰਾਨ ਸਿੱਖੀ ਲਿਬਾਸ 'ਚ ਸਜੀ ਸੰਗਤ ਰਹੀ ਸਭਨਾਂ ਦੀ ਖਿੱਚ ਦਾ ਕੇਂਦਰ
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਸਾਹਿਬ-ਏ-ਕਮਾਲ ਸਿੱਖ ਜਗਤ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਵਿੱਤਰ ਪਾਵਨ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਿੱਖ ਸੰਗਤਾਂ ਵੱਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਜੰਡਸਰ ਸਾਹਿਬ ਪਾਤਸ਼ਾਹੀ ਦਸਵੀਂ ਭਾਗੀਵਾਂਦਰ ਵਿਖੇ ਪੰਜ ਪਿਆਰਿਆਂ ਦੀ ਅਗਵਾਈ 'ਚ ਪਵਿੱਤਰ ਪਾਲਕੀ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਸ੍ਰੀ ਜੰਡਸਰ ਸਾਹਿਬ ਦੇ ਹੈਡ ਗ੍ਰੰਥੀ ਜਸਵਿੰਦਰ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਰਵਾਨਾ ਹੋਇਆ ਜੋ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ਼ਾਮ ਸਮੇਂ ਗੁਰਦੁਆਰਾ ਸ੍ਰੀ ਜੰਡਸਰ ਸਾਹਿਬ ਵਿਖੇ ਸੰਪੂਰਨ ਹੋਇਆ। ਇਸ ਮੌਕੇ ਸੰਗਤਾਂ ਵੱਲੋਂ ਵੱਖ-ਵੱਖ ਪੜਾਵਾਂ ਤੇ ਨਗਰ ਕੀਰਤਨ 'ਚ ਸ਼ਾਮਲ ਸੰਗਤ ਲਈ ਚਾਹ, ਬਰੈੱਡ- ਪਕੌੜੇ ਆਦਿ ਦੇ ਲੰਗਰ ਲਗਾਏ ਗਏ।
ਇਸ ਮੌਕੇ ਭਾਈ ਗੁਰਸੰਗਤ ਸਿੰਘ, ਭਾਈ ਜਗਸੀਰ ਸਿੰਘ ਅਤੇ ਹਰਮੇਲ ਸਿੰਘ ਦੇ ਕੀਰਤਨੀ ਜਥੇ ਵੱਲੋਂ ਨਾਲੋ-ਨਾਲ ਪਵਿੱਤਰ ਬਾਣੀ ਦਾ ਰਸਭਿੰਨਾਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਨਗਰ ਕੀਰਤਨ ਦੀ ਵਿਸ਼ੇਸ਼ਤਾ ਇਹ ਰਹੀ ਕਿ ਸਿੱਖੀ ਲਿਬਾਸ 'ਚ ਸਜੀਆਂ ਸੰਗਤਾਂ ਸਭ ਦੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਸਨ। ਸ਼ਹੀਦ ਬਾਬਾ ਜੋਰਾਵਰ ਸਿੰਘ ਪਬਲਿਕ ਸਕੂਲ ਜੋਧਪੁਰ ਪਾਖਰ ਦੀ ਗੱਤਕਾ ਪਾਰਟੀ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਵੱਲੋਂ ਗੱਤਕੇ ਦੇ ਸੰਗਤਾਂ ਨੂੰ ਜੌਹਰ ਦਿਖਾਏ ਗਏ। ਪ੍ਰਿੰਸੀਪਲ ਮੱਖਣ ਸਿੰਘ ਖਾਲਸਾ ਅਤੇ ਧਾਰਮਿਕ ਅਧਿਆਪਕ ਗੁਰਪ੍ਰੇਮ ਸਿੰਘ ਖਾਲਸਾ ਦੇ ਸਹਿਯੋਗ ਨਾਲ ਬੱਚਿਆਂ ਵੱਲੋਂ ਕੋਰੀਓਗ੍ਰਾਫੀ ਕੀਤੀ ਗਈ ਅਤੇ ਗਰਮੀਤ ਸਿੰਘ ਫੋਟੋਗ੍ਰਾਫਰ ਬਰਾੜ ਸਟੂਡੀਓ ਭਾਗੀਬਾਂਦਰ ਵੱਲੋਂ ਵਿਸ਼ਾਲ ਨਗਰ ਕੀਰਤਨ ਨੂੰ ਵੱਖ ਵੱਖ ਚੈਨਲਾ ’ਤੇ ਲਾਈਵ ਕੀਤਾ ਗਿਆ।
ਇਸ ਮੌਕੇ ਦੋਵਾਂ ਪਿੰਡਾਂ ਦੇ ਸਰਪੰਚਾਂ ਕ੍ਰਿਸ਼ਨ ਸਿੰਘ ਤੇ ਜਗਸੀਰ ਸਿੰਘ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕੀਤੇ ਗਏ। ਇਸ ਮੌਕੇ ਸਥਾਨਕ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਨਛੱਤਰ ਸਿੰਘ ਵੱਲੋਂ ਸਿੱਖ ਸੰਗਤਾਂ ਨੂੰ ਗੁਰੂ ਦਾ ਅੰਮ੍ਰਿਤ ਛਕ ਕੇ ਸਿੰਘ ਸਜਣ ਦੀ ਬੇਨਤੀ ਕੀਤੀ ਗਈ।