- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਜਲੀ ਦੇ ਅਣਐਲਾਨੇ ਕੱਟਾਂ ਦੇ ਰੋਸ ‘ਚ ਕਿਸਾਨ ਯੂਨੀਅਨਾਂ ਨੇ ਕੀਤਾ ਧਰਨਾ ਪ੍ਰਦਰਸ਼ਨ

-ਕਿਸਾਨਾਂ ਸਮੇਤ ਹਰ ਜਾਗਰੂਕ ਵਰਗ ਬਿਜਲੀ ਵਿਭਾਗ ਦੇ ਨਿੱਜੀਕਰਨ ਖ਼ਿਲਾਫ਼ ਚੁੱਕ ਰਿਹਾ ਆਵਾਜ਼
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ
ਪੰਜਾਬ ਅੰਦਰ ਹਾਲੇ ਗਰਮੀ ਦਾ ਮੌਸਮ ਪੂਰੀ ਤਰ੍ਹਾਂ ਸ਼ੁਰੂ ਵੀ ਨਹੀ ਹੋਇਆ ਕਿ ਬਿਜਲੀ ਵਿਭਾਗ ਵੱਲੋਂ ਹੁਣੇ ਤੋਂ ਹੀ ਲੰਮੇ ਲੰਮੇ ਬਿਜਲੀ ਕੱਟ ਲਾ ਕੇ ਆਮ ਲੋਕਾਂ ਦਾ ਧੂੰਆਂ ਕੱਢ ਰੱਖਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸਥਾਨਕ ਸ਼ਹਿਰ ਦੇ ਬਿਜਲੀ ਘਰ ਅੱਗੇ ਲੱਗੇ ਧਰਨੇ ਦੌਰਾਨ ਭਾਕਿਯੂ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਖ਼ਜ਼ਾਨਚੀ ਕਰਮਜੀਤ ਭਗਤਾ, ਬਲਾਕ ਫੂਲ ਦੇ ਪ੍ਰਧਾਨ ਗੁਰਪ੍ਰੀਤ ਢਿਪਾਲੀ, ਸੇਲਬਰਾਹ ਇਕਾਈ ਦੇ ਪ੍ਰਧਾਨ ਤੀਰਥਰਾਮ, ਢਿਪਾਲੀ ਇਕਾਈ ਦੇ ਪ੍ਰਧਾਨ ਕੌਰ ਸਿੰਘ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਪਾਲ ਸਿੰਘ ਧਰਮੀ ਫੌਜੀ ਆਦਿ ਨੇ ਕੀਤਾ।
ਇੱਥੇ ਜ਼ਿਕਰਯੋਗ ਹੈ ਕਿ ਕੁਝ ਦਿਨਾਂ ਤੋਂ ਬਲਾਕ ਭਗਤਾ ਭਾਈ ਤੇ ਬਲਾਕ ਫੂਲ ਦੇ ਪਿੰਡਾਂ ਅੰਦਰ ਬਿਜਲੀ ਵਿਭਾਗ ਵੱਲੋਂ ਅਣਐਲਾਨੇ ਬਿਜਲੀ ਕੱਟ ਲਗਾਏ ਜਾ ਰਹੇ ਹਨ, ਜਿਸਦੇ ਰੋਸ ਵਜੋਂ ਅੱਜ ਭਗਤਾ ਭਾਈਕਾ ਬਿਜਲੀ ਗਰਿੱਡ ਅੱਗੇ ਭਾਕਿਯੂ ਕ੍ਰਾਂਤੀਕਾਰੀ ਪੰਜਾਬ, ਕਿਸਾਨ ਮਜਦੂਰ ਸੰਘਰਸ਼ ਕਮੇਟੀ ਅਤੇ ਭਾਕਿਯੂ ਖੋਸਾ ਯੂਨੀਅਨ ਦੀਆਂ ਵੱਖ-ਵੱਖ ਪਿੰਡ ਇਕਾਈਆਂ ਵੱਲੋਂ ਧਰਨਾ ਮੁਜ਼ਾਹਰਾ ਕਰ ਕੇ ਇਨ੍ਹਾਂ ਬਿਜਲੀ ਕੱਟਾਂ ਖਿਲਾਫ ਰੋਸ ਪ੍ਰਗਟਾਇਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਭਾਕਿਯੂ ਕ੍ਰਾਂਤੀਕਾਰੀ ਪੰਜਾਬ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਢਿੱਲੋਂ ਫੂਲ ਨੇ ਕਿਹਾ ਕਿ ਇਕ ਪਾਸੇ ਪੰਜਾਬ ਦੀ ‘ਆਪ’ ਦੀ ਸਰਕਾਰ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਸਬੰਧੀ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਜਦਕਿ ਇਹ ਦਾਅਵੇ ਕੋਰਾ ਝੂਠ ਹਨ। ਹਾਲੇ ਤਾਂ ਗਰਮੀ ਦਾ ਸੀਜ਼ਨ ਚੰਗੀ ਤਰ੍ਹਾਂ ਸ਼ੁਰੂ ਵੀ ਨਹੀਂ ਹੋਇਆ ਪਰ ਉਸ ਤੋਂ ਪਹਿਲਾਂ ਹੀ ਬਿਜਲੀ ਦੇ ਲੰਮੇ ਕੱਟਾਂ ਕਰ ਕੇ ਸਮਾਜ ਦੇ ਹਰ ਵਰਗ ਨੂੰ ਵੱਡੀਆਂ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸਾਨਾਂ ਸਮੇਤ ਹਰ ਜਾਗਰੂਕ ਵਰਗ ਪਿਛਲੇ ਲੰਮੇ ਸਮੇਂ ਤੋਂ ਬਿਜਲੀ ਵਿਭਾਗ ਦੇ ਨਿੱਜੀਕਰਨ ਕਰਨ ਸਬੰਧੀ ਆਪਣੀ ਆਵਾਜ਼ ਚੁੱਕ ਰਿਹਾ ਹੈ ਤਾਂ ਜੋ ਇਸ ਲੋਕਾਂ ਦੇ ਅਦਾਰੇ ਨੂੰ ਬਚਾਇਆ ਜਾ ਸਕੇ।
ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਲੋਕਾਂ ਦੇ ਇਸ ਅਦਾਰੇ ਨੂੰ ਬਚਾਉਣ ਲਈ ਹੁਣੇ ਤੋਂ ਹੀ ਸੰਘਰਸ਼ ਵਿਚ ਕੁੱਦਣਾ ਪੈਣਾ ਹੈ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦ ਲੋਕਾਂ ਦੇ ਘਰਾਂ ’ਚ ਜਬਰੀ ਪ੍ਰੀਪੇਡ ਮੀਟਰ ਲਾ ਕੇ ਉਨ੍ਹਾਂ ਦੀ ਅੰਨ੍ਹੀ ਲੁੱਟ ਹੋਵੇਗੀ। ਅੱਜ ਦੇ ਇਸ ਧਰਨੇ ਪ੍ਰਦਰਸ਼ਨ ਮਗਰੋਂ ਸਥਾਨਕ ਬਿਜਲੀ ਵਿਭਾਗ ਤੋਂ ਸਬੰਧਿਤ ਅਧਿਕਾਰੀ ਨੂੰ ਕਿਸਾਨਾਂ ਵੱਲੋਂ ਬਿਜਲੀ ਦੇ ਕੱਟਾਂ ਨੂੰ ਠੱਲ੍ਹ ਪਾਉਣ ਲਈ ਬਿਜਲੀ ਸਮਾਰਟ ਮੀਟਰਾਂ ਨੂੰ ਨਾ ਲਾਉਣ ਸਬੰਧੀ, ਬਿਜਲੀ ਵਿਭਾਗ ਦਾ ਨਿੱਜੀਕਰਨ ਰੋਕਣ ਸਬੰਧੀ, ਠੇਕੇਦਾਰੀ ਸਿਸਟਮ ਰੋਕਣ ਸਬੰਧੀ ਅਤੇ ਜੋ ਪਿੰਡਾਂ ਨੇ ਸਬ-ਸਟੇਸ਼ਨ (ਬਿਜਲੀ ਗਰਿੱਡ) ਵਾਸਤੇ ਜ਼ਮੀਨ ਦਿੱਤੀ ਹੈ। ਉਨ੍ਹਾਂ ਵੱਲੋਂ ਇਲਾਕੇ ਨੂੰ ਅਰਬਨ ਕਰਨ ਸਬੰਧੀ ਮੰਗ ਪੱਤਰ ਪੀਐੱਸਪੀਸੀਐੱਲ ਪਟਿਆਲਾ ਕੋਲ ਭੇਜਣ ਲਈ ਸੌਂਪਿਆ ਗਿਆ। ਇਸ ਮੌਕੇ ਲਖਵੀਰ ਸਿੰਘ ਸਲਾਬਤਪੁਰਾ ਬਲਾਕ ਆਗੂ ਕੇਐੱਮਐਸਸੀ, ਭਾਕਿਯੂ ਖੋਸਾ ਤੋਂ ਪ੍ਰਧਾਨ ਜੀਤ ਸਿੰਘ ਭਗਤਾ ਖੂਹ ਵਾਲੇ, ਜਗਰੂਪ ਸਿੰਘ ਭਗਤਾ, ਕੁਲਦੀਪ ਸੇਲਬਰਾਹ, ਬੂਟਾ ਬਾਜਵਾ ਕੋਠਾਗੁਰੂ, ਕਾਲਾ ਸਿੰਘ ਭਗਤਾ, ਕੌਰ ਸਿੰਘ ਗੁਰੂਸਰ ਆਦਿ ਹਾਜ਼ਰ ਸਨ।