- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਠਿੰਡਾ ਪੁਲਿਸ ਦਾ ‘ਆਪਰੇਸ਼ਨ ਪ੍ਰਹਾਰ 2.0 ਤੇਜ਼, 71 ਤੋਂ ਵੱਧ ਸ਼ੱਕੀ ਲੋਕ ਹਿਰਾਸਤ ਵਿੱਚ ਲਏ

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ’ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨ ਅਤੇ ਅਪਰਾਧ ‘ਤੇ ਸਖ਼ਤੀ ਨਾਲ ਨੱਥ ਪਾਉਣ ਦੇ ਉਦੇਸ਼ ਨਾਲ ਬਠਿੰਡਾ ਪੁਲਿਸ ਵੱਲੋਂ ‘ਆਪਰੇਸ਼ਨ ਪ੍ਰਹਾਰ 2.0’ ਸ਼ੁਰੂ ਕੀਤਾ ਹੈ। ਇਸ ਵਿਸ਼ੇਸ਼ ਅਭਿਆਨ ਤਹਿਤ ਹੁਣ ਤਕ 71 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਦਕਿ ਕਈ ਵਾਂਟੇਡ ਤੇ ਸਰਗਰਮ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਪੰਜਾਬ ਸਰਕਾਰ ਤੇ ਡੀਜੀਪੀ ਗੌਰਵ ਯਾਦਵ ਦੇ ਸਪੱਸ਼ਟ ਨਿਰਦੇਸ਼ਾਂ ਅਨੁਸਾਰ ਕੀਤੀ ਜਾ ਰਹੀ ਹੈ ਤਾਂ ਜੋ ਜ਼ਿਲ੍ਹੇ ਵਿੱਚ ਅਪਰਾਧੀਆਂ ਦੇ ਨੈੱਟਵਰਕ ਨੂੰ ਤੋੜਿਆ ਜਾ ਸਕੇ। ਇਸ ਪੂਰੇ ਅਭਿਆਨ ਦੀ ਨਿਗਰਾਨੀ ਡੀਜੀਪੀ ਸਪੈਸ਼ਲ ਡਾ. ਜਤਿੰਦਰ ਜੈਨ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ’ਚ ਲਗਾਤਾਰ ਤਲਾਸ਼ੀ ਅਭਿਆਨ ਚਲਾਏ ਜਾ ਰਹੇ ਹਨ ਤੇ ਅਪਰਾਧ ’ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਗੇ ਵੀ ਜਾਰੀ ਰਹੇਗੀ।
ਜ਼ਿਲ੍ਹੇ ਦੀ ਐੱਸਐੱਸਪੀ ਡਾ. ਜੋਤੀ ਯਾਦਵ ਬੈਂਸ ਨੇ ਦੱਸਿਆ ਕਿ ਇਹ ਅਭਿਆਨ ਕੁੱਲ 72 ਘੰਟਿਆਂ ਤਕ ਚੱਲੇਗਾ। ਇਸ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੀਆਂ ਪੁਲਿਸ ਟੀਮਾਂ ਅਪਰਾਧ ਦੇ ਹਾਟਸਪਾਟ, ਸੰਵੇਦਨਸ਼ੀਲ ਇਲਾਕਿਆਂ ਅਤੇ ਉਨ੍ਹਾਂ ਖੇਤਰਾਂ ਵਿੱਚ ਤਲਾਸ਼ੀ ਅਭਿਆਨ ਚਲਾ ਰਹੀਆਂ ਹਨ, ਜਿੱਥੇ ਗੈਂਗਸਟਰ, ਨਸ਼ਾ ਤਸਕਰ, ਚੋਰ ਅਤੇ ਹੋਰ ਅਪਰਾਧੀ ਸਰਗਰਮ ਦੱਸੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਅਭਿਆਨ ਦੌਰਾਨ ਖ਼ਾਸ ਤੌਰ ‘ਤੇ ਉਹ ਇਲਾਕੇ ਰੱਖੇ ਗਏ ਹਨ, ਜਿੱਥੇ ਚੋਰੀ, ਨਸ਼ਾ ਤਸਕਰੀ ਅਤੇ ਹੋਰ ਅਪਰਾਧਿਕ ਗਤਿਵਿਧੀਆਂ ਦੀਆਂ ਸ਼ਿਕਾਇਤਾਂ ਵੱਧ ਮਿਲਦੀਆਂ ਰਹੀਆਂ ਹਨ।
ਐੱਸਐੱਸਪੀ ਬੈਂਸ ਅਨੁਸਾਰ ‘ਆਪਰੇਸ਼ਨ ਪ੍ਰਹਾਰ 2.0’ ਤਹਿਤ ਹੁਣ ਤੱਕ 14 ਲੋਕਾਂ ਨੂੰ ਰਾਊਂਡਅਪ ਕੀਤਾ ਗਿਆ ਹੈ, ਜਦਕਿ 46 ਦੋਸ਼ੀਆਂ ਨੂੰ ਵੱਖ-ਵੱਖ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਵਿੱਚ 5 ਗੰਭੀਰ ਅਪਰਾਧਾਂ ਨਾਲ ਜੁੜੇ ਮੁਲਜ਼ਮ, 8 ਨਾਨ-ਜਮਾਨਤੀ ਵਾਰੰਟਾਂ ਅਧੀਨ ਵਾਟਿਡ ਵਿਅਕਤੀ, 4 ਐਲਾਨੇ ਅਪਰਾਧੀ, 3 ਨਸ਼ਾ ਤਸਕਰ, 5 ਅਪਰਾਧੀ ਤੇ 14 ਪੁਰਾਣੀਆਂ ਐਫਆਈਆਰਾਂ ਵਿੱਚ ਲੋੜੀਦੇ ਮੁਲਜ਼ਮ ਸ਼ਾਮਲ ਹਨ। ਇਸ ਤੋਂ ਇਲਾਵਾ 11 ਲੋਕਾਂ ਖ਼ਿਲਾਫ਼ ਅਪਰਾਥ ਰੋਕਥਾਮ ਕਾਰਵਾਈ ਕੀਤੀ ਹੈ, ਜਦਕਿ 14 ਵਿਅਕਤੀਆਂ ਦੀ ਵੇਰੀਫਿਕੇਸ਼ਨ ਕੀਤੀ ਗਈ ਹੈ। ਪੁਲਿਸ ਮੁਤਾਬਕ ਕਿਸੇ ਵੀ ਦੋਸ਼ੀ ਦਾ ਡੋਪ ਟੈਸਟ ਬਕਾਇਆ ਨਹੀਂ ਹੈ। ਅਭਿਆਨ ਦੌਰਾਨ ਪੁਲਿਸ ਵੱਲੋਂ 12 ਗ੍ਰਾਮ ਹੈਰੋਇਨ, 1100 ਨਸ਼ੀਲੀਆਂ ਗੋਲੀਆਂ, 3.5 ਕਿਲੋਗ੍ਰਾਮ ਪੋਸਤ ਤੇ ਲਗਭਗ 94 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਇਸ ਦੇ ਨਾਲ ਹੀ ਪੁਲਿਸ ਨੇ 4 ਭਗੌੜੇ ਅਪਰਾਧੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜੋ ਲੰਬੇ ਸਮੇਂ ਤੋਂ ਫਰਾਰ ਚੱਲ ਰਹੇ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬਠਿੰਡਾ ਪੁਲਿਸ ਵੱਲੋਂ ਤਿੰਨ ਦਿਨਾਂ ਦਾ ‘ਆਪਰੇਸ਼ਨ ਪ੍ਰਹਾਰ’ ਚਲਾਇਆ ਗਿਆ ਸੀ, ਜਿਸ ਦੌਰਾਨ ਕਰੀਬ 250 ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਸੀ। ‘ਆਪਰੇਸ਼ਨ ਪ੍ਰਹਾਰ 2.0’ ਉਸੇ ਅਭਿਆਨ ਦਾ ਦੂਜਾ ਪੜਾਅ ਹੈ, ਜਿਸਨੂੰ ਹੋਰ ਵੀ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਵਿੱਚ ਲਿਆਇਆ ਜਾ ਰਿਹਾ ਹੈ।