ਪੁਲਿਸ ਨੇ 224 ਗੁੰਮ ਮੋਬਾਈਲ ਲੱਭ ਕੇ ਮਾਲਕਾਂ ਨੂੰ ਸੌਂਪੇ
ਸੀਈਆਈਆਰ ਪੋਰਟਲ ਰਾਹੀਂ ਪੁਲਿਸ ਨੇ 224 ਗੁੰਮ ਮੋਬਾਈਲ ਫੋਨ ਲੱਭੇ
Publish Date: Sat, 18 Apr 2026 04:45 PM (IST)
Updated Date: Sun, 19 Apr 2026 04:04 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਬਠਿੰਡਾ ਪੁਲਿਸ ਵੱਲੋਂ ਸੈਂਟਰਲ ਇਕੁਇਪਮੈਂਟ ਆਈਡੈਂਟਿਟੀ ਰਜਿਸਟਰ (ਸੀਈਆਈਆਰ) ਪੋਰਟਲ ਦੀ ਮਦਦ ਨਾਲ ਗੁੰਮ ਹੋਏ ਮੋਬਾਈਲ ਫੋਨਾਂ ਦੀ ਬਰਾਮਦਗੀ ਵਿੱਚ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਇਸ ਸਾਲ ਹੁਣ ਤਕ 224 ਗੁੰਮ ਹੋਏ ਮੋਬਾਈਲ ਫੋਨ ਬਰਾਮਦ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ ਹਨ, ਜਿਨ੍ਹਾਂ ਦੀ ਕੁੱਲ ਕੀਮਤ ਕਰੀਬ 32 ਲੱਖ 15 ਹਜ਼ਾਰ 200 ਰੁਪਏ ਬਣਦੀ ਹੈ। ਐੱਸਐੱਸਪੀ ਡਾ. ਜਯੋਤੀ ਯਾਦਵ ਬੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਦੀ ਸੁਵਿਧਾ ਲਈ ਭਾਰਤ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਸੀਈਆਈਆਰ ਪੋਰਟਲ ਗੁੰਮ ਜਾਂ ਚੋਰੀ ਹੋਏ ਮੋਬਾਈਲਾਂ ਦੀ ਟ੍ਰੈਕਿੰਗ ਅਤੇ ਬਲਾਕਿੰਗ ਲਈ ਬਹੁਤ ਪ੍ਰਭਾਵਸ਼ਾਲੀ ਸਾਬਤ ਹੋ ਰਿਹਾ ਹੈ। ਇਸ ਪੋਰਟਲ ਰਾਹੀਂ ਆਮ ਲੋਕ ਆਪਣੇ ਮੋਬਾਈਲਾਂ ਦੇ ਗੁੰਮ ਹੋਣ ਦੀ ਰਿਪੋਰਟ ਆਨਲਾਈਨ ਦਰਜ ਕਰਵਾ ਸਕਦੇ ਹਨ, ਜਿਸ ਤੋਂ ਬਾਅਦ ਪੁਲਿਸ ਤੇ ਤਕਨੀਕੀ ਟੀਮ ਵੱਲੋਂ ਉਸ ਦੀ ਲੋਕੇਸ਼ਨ ਟ੍ਰੇਸ ਕਰਕੇ ਬਰਾਮਦਗੀ ਲਈ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸੀਆਈਏ. ਸਟਾਫ, ਸਾਈਬਰ ਕਰਾਈਮ ਸੈੱਲ ਤੇ ਸਥਾਨਕ ਥਾਣਿਆਂ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ ‘ਤੇ ਚਲਾਈ ਗਈ ਮੁਹਿੰਮ ਦੌਰਾਨ ਇਹ ਮੋਬਾਈਲ ਫੋਨ ਲੱਭੇ ਗਏ। ਪੁਲਿਸ ਅਧਿਕਾਰੀਆਂ ਮੁਤਾਬਕ ਸਾਲ 2025 ਵਿੱਚ ਸਭ ਤੋਂ ਵੱਧ 1013 ਮੋਬਾਈਲ ਫੋਨ ਬਰਾਮਦ ਕੀਤੇ ਗਏ ਸਨ, ਜਿਨ੍ਹਾਂ ਦੀ ਕੀਮਤ 1 ਕਰੋੜ 33 ਲੱਖ ਰੁਪਏ ਤੋਂ ਵੱਧ ਸੀ। ਇਸ ਤੋਂ ਪਹਿਲਾਂ ਸਾਲ 2023 ਵਿੱਚ 80 ਅਤੇ 2024 ਵਿੱਚ 262 ਮੋਬਾਈਲ ਫੋਨ ਬਰਾਮਦ ਹੋਏ ਸਨ।
ਅੰਕੜਿਆਂ ਅਨੁਸਾਰ ਸਾਲ 2023 ਤੋਂ 2026 ਤਕ ਕੁੱਲ 1579 ਮੋਬਾਈਲ ਫੋਨ ਬਰਾਮਦ ਕਰਕੇ ਲੋਕਾਂ ਨੂੰ ਵਾਪਸ ਕੀਤੇ ਜਾ ਚੁੱਕੇ ਹਨ। ਇਹ ਅੰਕੜਾ ਬਠਿੰਡਾ ਪੁਲਿਸ ਦੀ ਤਕਨੀਕੀ ਸਮਰੱਥਾ ਅਤੇ ਤੇਜ਼ ਕਾਰਗੁਜ਼ਾਰੀ ਨੂੰ ਦਰਸਾਉਂਦਾ ਹੈ। ਐੱਸਐੱਸਪੀ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਦਾ ਮੋਬਾਈਲ ਗੁੰਮ ਹੋ ਜਾਂਦਾ ਹੈ ਤਾਂ ਉਹ ਤੁਰੰਤ ਸੀਈਆਈਆਰ ਪੋਰਟਲ ‘ਤੇ ਸ਼ਿਕਾਇਤ ਦਰਜ ਕਰਵਾਉਣ ਜਾਂ ਨੇੜਲੇ ਪੁਲਿਸ ਸਟੇਸ਼ਨ ਨਾਲ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਸ਼ਿਕਾਇਤ ਜਲਦੀ ਦਰਜ ਹੋਣ ਨਾਲ ਮੋਬਾਈਲ ਫੋਨ ਦੀ ਬਰਾਮਦਗੀ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਪੁਲਿਸ ਲੋਕਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਸੰਪਤੀ ਦੀ ਰੱਖਿਆ ਲਈ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਮੁਹਿੰਮਾਂ ਜਾਰੀ ਰਹਿਣਗੀਆਂ। ਪੁਲਿਸ ਵੱਲੋਂ 24 ਘੰਟੇ ਨਿਗਰਾਨੀ ਅਤੇ ਤਕਨੀਕੀ ਸਹਾਇਤਾ ਰਾਹੀਂ ਗੁੰਮ ਮੋਬਾਈਲ ਫੋਨਾਂ ਦੀ ਟ੍ਰੈਕਿੰਗ ਜਾਰੀ ਹੈ।