ਪੈਟਰੋਲ ਪੰਪਾਂ ’ਤੇ ਸਪਲਾਈ ਪੂਰੀ, ਅਫ਼ਵਾਹਾਂ ਤੋਂ ਬਚਣ ਲੋਕ : ਡੀਸੀ
ਪੈਟਰੋਲ ਪੰਪਾਂ ‘ਤੇ ਸਪਲਾਈ ਨਿਰੰਤਰ, ਲੋਕਾਂ ਨੂੰ ਅਫ਼ਵਾਹਾਂ ਤੋਂ ਦੂਰ ਰਹਿਣ ਦੀ ਅਪੀਲ: ਡਿਪਟੀ ਕਮਿਸ਼ਨਰ
Publish Date: Sun, 29 Mar 2026 05:09 PM (IST)
Updated Date: Mon, 30 Mar 2026 04:03 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੀ ਅਗਵਾਈ ਹੇਠ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਦਫ਼ਤਰ ਬਠਿੰਡਾ ਵਿਚ ਇਕ ਮਹੱਤਵਪੂਰਨ ਮੀਟਿੰਗ ਕੀਤੀ। ਮੀਟਿੰਗ ’ਚ ਐੱਫਸੀਐੱਲ. ਡੀਐੱਫਐੱਸਓ ਨੋਡਲ ਅਧਿਕਾਰੀ ਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਰਹੇ। ਮੀਟਿੰਗ ਦਾ ਮੁੱਖ ਉਦੇਸ਼ ਪੈਟਰੋਲ ਤੇ ਡੀਜ਼ਲ ਦੀ ਸਪਲਾਈ ਪ੍ਰਣਾਲੀ ਨੂੰ ਸੁਚਾਰੂ ਬਣਾਉਣਾ ਅਤੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦਿਕਤ ਤੋਂ ਬਚਾਉਣਾ ਸੀ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਜ਼ਿਲ੍ਹੇ ਦੇ ਸਾਰੇ ਪੈਟਰੋਲ ਪੰਪਾਂ ਉੱਤੇ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਲਗਾਤਾਰ ਅਤੇ ਸੁਚਾਰੂ ਤਰੀਕੇ ਨਾਲ ਯਕੀਨੀ ਬਣਾਈ ਜਾਵੇਗੀ। ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਵੇਗਾ ਕਿ ਕਿਸੇ ਵੀ ਪੈਟਰੋਲ ਪੰਪ ਤੇ ਇੰਧਨ ਦੀ ਕਮੀ ਨਾ ਆਵੇ ਅਤੇ ਲੋਕਾਂ ਨੂੰ ਸਮੇਂ ਸਿਰ ਸਹੂਲਤ ਪ੍ਰਦਾਨ ਕੀਤੀ ਜਾ ਸਕੇ।
ਇਸ ਤੋਂ ਇਲਾਵਾ ਇਹ ਵੀ ਫੈਸਲਾ ਲਿਆ ਕਿ ਜ਼ਿਲ੍ਹੇ ਵਿਚ ਕੁੱਲ 240 ਦੇ ਕਰੀਬ ਪੈਟਰੋਲ ਪੰਪ ਚੱਲ ਰਹੇ ਹਨ ਅਤੇ ਕਿਸੇ ਵੀ ਪੰਪ ’ਤੇ ਪੈਟਰੋਲ ਜਾਂ ਡੀਜ਼ਲ ਦੀ ਕੋਈ ਕਮੀ ਨਹੀਂ ਹੈ। ਪਿਛਲੇ ਕੁਝ ਦਿਨਾਂ ’ਚ ਡੀਜ਼ਲ ਤੇ ਪੈਟਰੋਲ ਦੀ ਮੰਗ ’ਚ ਲਗਭਗ 80% ਤੱਕ ਵਾਧਾ ਦੇਖਣ ਨੂੰ ਮਿਲਿਆ ਹੈ, ਪਰ ਫਿਰ ਵੀ ਸਪਲਾਈ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਮੁੱਖ ਯੋਜਨਾਬੰਦੀ ਕੀਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਬਰਾਹਟ ਵਿਚ ਆ ਕੇ ਪੈਟਰੋਲ ਜਾਂ ਡੀਜ਼ਲ ਦੀ ਬੇਵਜ੍ਹਾ ਜਮਾਂ ਨਾ ਕਰਨ। ਜ਼ਿਲ੍ਹੇ ਵਿਚ ਪੈਟਰੋਲ ਜਾਂ ਡੀਜ਼ਲ ਦੀ ਪੂਰੀ ਉਪਲੱਬਧਤਾ ਹੈ ਅਤੇ ਸਪਲਾਈ ਨਿਰੰਤਰ ਜਾਰੀ ਹੈ। ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਤੋਂ ਬਚਣ ਤੇ ਸਹੀ ਜਾਣਕਾਰੀ ਲਈ ਸਿਰਫ਼ ਸਰਕਾਰੀ ਸੂਤਰਾਂ ’ਤੇ ਹੀ ਭਰੋਸਾ ਕਰਨ ਦੀ ਅਪੀਲ ਕੀਤੀ ਗਈ ਹੈ। ਮੀਟਿੰਗ ਦੌਰਾਨ ਹਰਸ਼ਿਤ ਮਹਿਤਾ ਖੁਰਾਕ ਸਪਲਾਈ ਅਫ਼ਸਰ, ਮਯੂਰ ਗਰਗ ਸੇਲਜ਼ ਮੈਨੇਜਰ, ਮਿਸ ਜੀਵਨਜੋਤ ਕੌਰ ਸੇਲਜ਼ ਮੈਨੇਜਰ ਆਈਓਸੀਐੱਲ, ਸ਼ਮਸੇਰ ਸਬਲਾਨੀਆ ਸੇਲਜ਼ ਮੈਨੇਜਰ, ਮਿਸ ਮਹਿਮਾ ਚਾਹਰ ਸੇਲਜ਼ ਮੈਨੇਜਰ ਬੀਪੀਸੀਐਲ, ਹਰਕਰਨ ਸਿੰਘ ਸੇਲਜ ਮੈਨੇਜਰ ਐੱਚਪੀਸੀਐੱਲ, ਸ਼ੀਨੂੰ ਗਰਗ ਨਿਰੀਖਕ ਖੁਰਾਕ ਅਤੇ ਸਪਲਾਈਜ਼ ਹਾਜ਼ਰ ਰਹੇ।