ਬਠਿੰਡਾ ’ਚ ਪੈਟਰੋਲ-ਡੀਜ਼ਲ ਦੀ ਘਾਟ, ਪੇਂਡੂ ਇਲਾਕੇ ਹੋਏ ਪ੍ਰਭਾਵਿਤ
ਬਠਿੰਡਾ ਵਿਚ ਪੈਟਰੋਲ-ਡੀਜ਼ਲ ਦੀ ਘਾਟ, ਪੇਂਡੂ ਖੇਤਰ ਸਭ ਤੋਂ ਵੱਧ ਪ੍ਰਭਾਵਿਤ
Publish Date: Sat, 28 Mar 2026 05:22 PM (IST)
Updated Date: Sun, 29 Mar 2026 04:06 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਇਜ਼ਰਾਈਲ, ਅਮਰੀਕਾ ਅਤੇ ਈਰਾਨ ਵਿਚਕਾਰ ਵਧ ਰਹੇ ਅੰਤਰਰਾਸ਼ਟਰੀ ਤਣਾਅ ਦੇ ਪ੍ਰਭਾਵ ਹੁਣ ਸਥਾਨਕ ਤੌਰ 'ਤੇ ਵੀ ਮਹਿਸੂਸ ਕੀਤੇ ਜਾ ਰਹੇ ਹਨ। ਵਿਸ਼ਵ ਪੱਧਰ 'ਤੇ ਕੱਚੇ ਤੇਲ ਅਤੇ ਗੈਸ ਦੀ ਸਪਲਾਈ ਵਿਚ ਵਿਘਨ ਕਾਰਨ ਬਠਿੰਡਾ ਜ਼ਿਲ੍ਹੇ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਘਾਟ ਹੋਈ ਹੈ। ਇਸ ਘਾਟ ਖਾਸ ਕਰਕੇ ਪੇਂਡੂ ਅਤੇ ਸ਼ਹਿਰ ਤੋਂ ਬਾਹਰਲੇ ਪੰਪਾਂ 'ਤੇ ਦੇਖੀ ਜਾ ਸਕਦੀ ਹੈ। ਸ਼ਹਿਰ ਦੇ ਅੰਦਰ ਵੱਡੇ ਪੰਪਾਂ 'ਤੇ ਅਜੇ ਸਟਾਕ ਉਪਲੱਬਧ ਹੈ, ਪਰ ਉੱਥੇ ਵੀ ਲੰਮੀਆਂ ਕਤਾਰਾਂ ਲੱਗ ਰਹੀਆਂ ਹਨ ਕਿਉਂਕਿ ਵਾਹਨ ਚਾਲਕ ਪੇਂਡੂ ਖੇਤਰਾਂ ਤੋਂ ਸ਼ਹਿਰ ਵੱਲ ਆ ਰਹੇ ਹਨ। ਪੇਂਡੂ ਖੇਤਰਾਂ ਵਿਚ ਕਈ ਪੰਪਾਂ ਵਿਚ ਸਟਾਕ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ। ਇਸ ਘਾਟ ਕਾਰਨ ਲੋਕਾਂ ਨੂੰ ਪੈਟਰੋਲ ਤੇ ਡੀਜ਼ਲ ਲਈ ਕਈ ਕਿਲੋਮੀਟਰ ਦੂਰ ਤਕ ਆਉਣਾ ਪੈ ਰਿਹਾ ਹੈ। ਇਸ ਨਾਲ ਸਮਾਂ ਹੀ ਨਹੀਂ, ਸਗੋਂ ਖਰਚਾ ਵੀ ਵਧ ਰਿਹਾ ਹੈ। ਟੈਕਸੀ ਡਰਾਈਵਰ, ਆਟੋ ਡਰਾਈਵਰ ਤੇ ਛੋਟੇ ਕਾਰੋਬਾਰ ਇਸ ਸਥਿਤੀ ਤੋਂ ਖਾਸ ਤੌਰ 'ਤੇ ਪ੍ਰਭਾਵਿਤ ਹਨ। ਡੱਬਵਾਲੀ ਰੋਡ 'ਤੇ ਸਥਿਤ ਪੰਪ ਮਾਲਕ ਵਿਨੋਦ ਬਾਂਸਲ ਨੇ ਕਿਹਾ ਕਿ ਡਿਪੂ ਤੋਂ ਨਿਯਮਤ ਸਪਲਾਈ ਵਿਚ ਵਿਘਨ ਕਾਰਨ ਸਥਿਤੀ ਦਿਨੋ-ਦਿਨ ਖ਼ਰਾਬ ਹੋ ਰਹੀ ਹੈ। ਉਨ੍ਹਾਂ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੂੰ ਪੈਟਰੋਲ-ਡੀਜ਼ਲ ਦੀ ਸਪਲਾਈ ਤੁਰੰਤ ਬਹਾਲ ਕਰਨ ਲਈ ਅਪੀਲ ਕੀਤੀ ਹੈ।