- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਠੇਕੇਦਾਰ ਨੇ ਮਿੱਟੀ ’ਤੇ ਲੁੱਕ ਪਾ ਕੇ ਬਣਾਈ ਸੜਕ, ਠੇਕੇਦਾਰ ਤੇ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ

-ਮਿੱਟੀ ’ਤੇ ਲੁੱਕ ਪਾ ਕੇ ਬਣਾਈ ਸੜਕ ਕਾਰਨ ਠੇਕੇਦਾਰ ਤੇ ਵਿਭਾਗ ’ਤੇ ਕੀਤੇ ਸਵਾਲ
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਬਠਿੰਡਾ
ਸੂਬਾ ਸਰਕਾਰ ਵੱਲੋਂ ਜਿੱਥੇ ਸੜਕਾਂ ਬਣਾਉਣ ਸਮੇਂ ਘਟੀਆ ਮਟੀਰੀਅਲ ਬਰਤਨ ਵਾਲੇ ਠੇਕੇਦਾਰਾਂ ਤੇ ਸ਼ਿਕੰਜਾ ਕੱਸਣ ਦੇ ਵੱਡੇ-ਵੱਡੇ ਦਮਗਜ਼ੇ ਮਾਰੇ ਜਾ ਰਹੇ ਹਨ, ਉੱਥੇ ਸੰਗਤ ਮੰਡੀ ਤੋਂ ਸੰਗਤ ਕੈਂਚੀਆਂ ਨੂੰ ਜਾਂਦੀ ਸੜਕ ’ਤੇ ਘਟੀਆ ਮਟੀਰੀਅਲ ਪਾਉਣ ਦੇ ਚੱਲਦਿਆਂ ਸੰਗਤ ਕਲਾਂ ਵਾਸੀਆਂ ਵੱਲੋਂ ਸੜਕ ਦੇ ਚੱਲਦੇ ਕੰਮ ਨੂੰ ਰੋਕ ਕੇ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪਿੰਡ ਵਾਸੀਆਂ ਨੇ ਠੇਕੇਦਾਰ ’ਤੇ ਦੋਸ਼ ਲਾਇਆ ਕਿ ਉਨ੍ਹਾਂ ਵੱਲੋਂ ਮਿੱਟੀ ’ਤੇ ਹੀ ਲੁੱਕ ਪਾ ਕੇ ਸੜਕ ਬਣਾਈ ਜਾ ਰਹੀ ਹੈ। ਪਿੰਡ ਵਾਸੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਸੰਗਤ ਮੰਡੀ ਤੋਂ ਸੰਗਤ ਕੈਂਚੀਆਂ ਤਕ ਪੀਡਬਲਯੂਡੀ ਵਿਭਾਗ ਵੱਲੋਂ ਲਗਭਗ ਚਾਰ ਕਿਲੋਮੀਟਰ ਤਕ ਸੜਕ ਦਾ ਟੋਟਾ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸੜਕ ਬਣਾਉਣ ਤੋਂ ਪਹਿਲਾਂ ਜੋ ਸੀਵਰੇਜ ਵਿਭਾਗ ਵੱਲੋਂ ਸੀਵਰੇਜ ਪਾਇਆ ਜਾਣਾ ਸੀ, ਉਹ ਵੀ ਹਾਲੇ ਅੱਧ ਬਾਟੇ ਹੀ ਪਿਆ ਹੈ, ਠੇਕੇਦਾਰ ਵੱਲੋਂ ਜਲਦਬਾਜ਼ੀ ਵਿੱਚ ਸੜਕ ’ਤੇ ਪਈ ਮਿੱਟੀ ਨੂੰ ਪਾਸੇ ਕਰਨ ਦੀ ਬਜਾਏ ਉਸ ਉੱਪਰ ਹੀ ਲੁੱਕ ਪਾ ਕੇ ਬੁੱਤਾ ਸਾਰਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਠੇਕੇਦਾਰ ਵੱਲੋਂ ਸੜਕ ਦੇ ਦੋਵਾਂ ਪਾਸਿਆਂ ’ਤੇ ਕੋਈ ਸਪੋਟ ਨਹੀਂ ਲਾਈ ਗਈ, ਸਿੱਧਾ ਮਲਬਾ ਸੜਕ ’ਤੇ ਹੀ ਖਿਲਾਰ ਦਿੱਤਾ ਜਾਂਦਾ ਹੈ ਤੇ ਠੇਕੇਦਾਰ ਵੱਲੋਂ ਨਾ ਹੀ ਸੜਕ ਦਾ ਸਹੀ ਤਰੀਕੇ ਨਾਲ ਲੇਵਲ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਸੜਕ ’ਤੇ ਲੱਗ ਰਹੇ ਘਟੀਆ ਮਟੀਰੀਅਲ ਕਾਰਨ ਸੜਕ ਆਉਂਦੀਆਂ ਬਰਸਾਤਾਂ ਵਿੱਚ ਹੀ ਟੁੱਟ ਜਾਵੇਗੀ। ਇਕ ਹੋਰ ਪਿੰਡ ਵਾਸੀ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਠੇਕੇਦਾਰ ਰੇਤੇ ਉੱਪਰ ਹੀ ਲੁਕ ਪਾ ਕੇ ਸੜਕ ਬਣਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਠੇਕੇਦਾਰ ਵੱਲੋਂ ਸੜਕ ਬਣਾਉਣ ਸਮੇਂ ਨਿਯਮਾਂ ਨੂੰ ਛਿੱਕੇ ਟੰਗਦਿਆਂ ਕੋਈ ਪ੍ਰਬੰਧ ਨਹੀਂ ਕੀਤੇ ਗਏ। ਉਨ੍ਹਾਂ ਦੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੜਕਾਂ ਬਣਾਉਣ ਸਮੇਂ ਘਟੀਆ ਮਟੀਰੀਅਲ ਬਰਤਨ ਵਾਲੇ ਠੇਕੇਦਾਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਹੁਕਮ ਚੜ੍ਹੇ ਹਨ, ਪ੍ਰੰਤੂ ਇੱਥੇ ਦਿਨ ਦਿਹਾੜੇ ਹੀ ਠੇਕੇਦਾਰ ਵੱਲੋਂ ਮਿੱਟੀ ਤੇ ਲੁੱਕ ਪਾ ਕੇ ਸੜਕ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੜਕ ਬਣਨ ਤੋਂ ਪਹਿਲਾਂ ਸੰਗਤ ਮੰਡੀ ਵਾਸੀਆਂ ਸਮੇਤ ਦਰਜਨਾਂ ਪਿੰਡਾਂ ਦੇ ਲੋਕ ਖੱਡਿਆਂ ਵਿੱਚ ਡਿੱਗ ਕੇ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ, ਮੀਹ ਪੈਣ ਸਮੇਂ ਇੱਥੇ ਹਾਲਾਤ ਬਦ ਤੋਂ ਬਦਤਰ ਬਣ ਜਾਂਦੇ ਸਨ। ਉਨ੍ਹਾਂ ਕਿਹਾ ਕਿ ਜੇਕਰ ਹੁਣ ਸੜਕ ਬਣਨ ਲੱਗੀ ਹੈ ਤਾਂ ਇਸ ਤੇ ਠੇਕੇਦਾਰ ਵੱਲੋਂ ਘਟੀਆ ਮਟੀਰੀਅਲ ਵਰਤਿਆ ਜਾ ਰਿਹਾ ਹੈ, ਜਿਸ ਨਾਲ ਸੜਕ ਟੁੱਟ ਕੇ ਉਨ੍ਹਾਂ ਨੂੰ ਫਿਰ ਤੋਂ ਸਮੱਸਿਆਵਾਂ ਨਾਲ ਜੂਝਣਾ ਪਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੜਕ ’ਤੇ ਘਟੀਆ ਮਟੀਰੀਅਲ ਵਰਤਣ ਵਾਲੇ ਠੇਕੇਦਾਰ ਵਿਰੁੱਧ ਕਾਰਵਾਈ ਕੀਤੀ ਜਾਵੇ। ਇਸ ਮੌਕੇ ਵੱਡੀ ਗਿਣਤੀ 'ਚ ਪਿੰਡ ਵਾਸੀ ਮੌਜੂਦ ਸਨ।
ਜਦ ਇਸ ਸਬੰਧੀ ਪੀਡਬਲਯੂਡੀ ਵਿਭਾਗ ਦੇ ਜੇਈ ਪਰਮਿੰਦਰ ਸਿੰਘ ਢਿੱਲੋ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਠੇਕੇਦਾਰ ਵੱਲੋਂ ਸੜਕ ਤੇ ਕੋਈ ਵੀ ਘਟੀਆ ਮਟੀਰੀਅਲ ਨਹੀਂ ਵਰਤਿਆ ਜਾ ਰਿਹਾ। ਉਨ੍ਹਾਂ ਨਾਂ ਦੱਸਿਆ ਕਿ ਦੋ ਚਾਰ ਸ਼ਰਾਰਤੀ ਅਨਸ਼ਰ ਹਨ ਜਿਹੜੇ ਇਹ ਸੜਕ ਨਹੀਂ ਬਣਨ ਦੇ ਰਹੇ, ਬਾਕੀ ਸਾਰੇ ਲੋਕ ਸੜਕ ਬਣਨ ਦੇ ਹੱਕ ਵਿੱਚ ਹਨ ਤੇ ਉਹ ਉਨ੍ਹਾਂ ਨੂੰ ਸਹਿਯੋਗ ਕਰ ਰਹੇ ਹਨ।