- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖਾੜੀ ਜੰਗ ਦਾ ਅਸਰ ਲੋਕਾਂ ਦੀ ਰਸੋਈ ਤਕ ਪੁੱਜਾ

-ਖਾੜੀ ਜੰਗ ਦਾ ਅਸਰ : ਲੋਕਾਂ ’ਚ ਘਬਰਾਹਟ ਦਾ ਮਾਹੌਲ, ਗੈਸ ਦੀ ਨਹੀਂ ਕੋਈ ਘਾਟ : ਏਰੀਆ ਮੈਨੇਜਰ
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ
ਸੰਗਤ ਮੰਡੀ ਵਿਖੇ ਰਸੋਈ ਗੈਸ ਸਿਲੰਡਰ ਲੈਣ ਆਏ ਲੋਕਾਂ ਨੂੰ ਅਸਲ ਸਥਿਤੀ ਦੱਸਣ ਦੀ ਥਾਂ ਸਥਾਨਕ ਗੈਸ ਏਜੰਸੀ ਵਾਲੇ ਦਫ਼ਤਰ ਨੂੰ ਤਾਲੇ ਲਗਾ ਕੇ ਭੱਜ ਗਏ। ਗੈਸ ਸਿਲੰਡਰ ਲੈਣ ਆਏ ਲੋਕਾਂ ਵੱਲੋਂ ਏਜੰਸੀ ਮਾਲਕਾਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਸਥਾਨਕ ਸੰਗਤ ਇੰਡੇਨ ਗੈਸ ਸਰਵਿਸ ਦੇ ਦਫ਼ਤਰ ਮੂਹਰੇ ਬੈਠੇ ਬੋਘਾ ਸਿੰਘ ਮੱਲਵਾਲਾ, ਕਾਲਾ ਸਿੰਘ ਮਹਿਤਾ, ਜੱਸਾ ਸਿੰਘ ਜੱਸੀ ਬਾਗ਼ਵਾਲੀ ਅਤੇ ਬਿੰਦਰ ਸਿੰਘ ਫੁੱਲੋ ਮਿੱਠੀ ਨੇ ਦੱਸਿਆ ਕਿ ਉਹ ਆਪਣੇ ਆਨਲਾਈਨ ਬੁੱਕ ਕੀਤੇ ਗੈਸ ਸਿਲੰਡਰ ਲੈਣ ਲਈ ਏਜੰਸੀ ਦੇ ਗੋਦਾਮ ਗਏ
ਸਨ, ਜਿਥੇ ਉਨ੍ਹਾਂ ਨੂੰ ਏਜੰਸੀ ਦੇ ਦਫ਼ਤਰ ਤੋਂ ਪਰਚੀ ਕਟਵਾ ਕੇ ਲਿਆਉਣ ਲਈ ਕਿਹਾ ਗਿਆ। ਜਦੋਂ ਉਹ ਦਫ਼ਤਰ ਪੁੱਜੇ ਤਾਂ ਸਾਰਾ ਅਮਲਾ ਦਫ਼ਤਰ ਨੂੰ ਤਾਲੇ ਲਗਾ ਕੇ ਉਥੋਂ ਜਾ ਚੁੱਕਾ ਸੀ ਅਤੇ ਉਹ ਆਪਣੇ ਕੰਮਕਾਰ ਛੱਡ ਕੇ ਘੰਟਿਆਂ ਬੱਧੀ ਦਫ਼ਤਰ ਦੇ ਬਾਹਰ ਬੈਠੇ ਇੰਤਜ਼ਾਰ ਕਰ ਕੇ ਘਰਾਂ ਨੂੰ ਮੁੜ ਗਏ। ਇਸੇ ਤਰ੍ਹਾਂ ਪਿੰਡ ਕੋਟਗੁਰੂ ਦੇ ਸਾਧਾ ਸਿੰਘ ਪ੍ਰਧਾਨ, ਪ੍ਰੀਤਮ ਸਿੰਘ ਫੁੱਲੋ ਮਿੱਠੀ, ਗੁਰਪ੍ਰੀਤ ਸਿੰਘ ਅਤੇ ਕੁਲਦੀਪ ਸਿੰਘ ਗੁਰਥੜੀ ਨੇ ਦੱਸਿਆ ਕਿ ਜਿਆਦਾਤਰ ਪਿੰਡਾਂ ਦੇ ਲੋਕਾਂ ਕੋਲ ਸਿਰਫ਼ 1 ਹੀ ਗੈਸ ਸਿਲੰਡਰ ਹੈ ਅਤੇ ਜਦੋਂ ਉਹ ਖ਼ਤਮ ਹੁੰਦਾ ਹੈ ਤਾਂ ਲੋਕ ਨਵਾਂ ਭਰਵਾ ਕੇ ਲੈ ਜਾਂਦੇ ਸਨ ਪ੍ਰੰਤੂ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਉਨ੍ਹਾਂ ਨੂੰ ਗੈਸ ਸਿਲੰਡਰ ਲੈਣ ਲਈ ਡਾਢੀ ਮੁਸ਼ੱਕਤ ਕਰਨੀ ਪੈ ਰਹੀ ਹੈ। ਪਿੰਡ ਪਥਰਾਲਾ ਦੇ ਗੁਰਸੇਵਕ ਸਿੰਘ ਨੇ ਦੱਸਿਆ ਕਿ 28 ਫਰਵਰੀ ਦਾ ਬੁੱਕ ਕੀਤਾ ਗੈਸ ਸਿਲੰਡਰ ਲੈਣ ਲਈ ਉਹ ਦੋ ਦਿਨਾਂ ਤੋਂ ਏਜੰਸੀ ਦੇ ਗੇੜੇ ਕੱਢ ਰਿਹਾ ਹੈ।
ਅੱਜ ਵੀ ਏਜੰਸੀ ਦਾ ਦਫ਼ਤਰ ਬੰਦ ਹੋਣ ਕਾਰਨ ਉਸ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ ਹੈ। ਗੈਸ ਸਿਲੰਡਰ ਲੈਣ ਆਏ ਪਰਮਜੀਤ ਕੌਰ ਅਤੇ ਗੁਰਵਿੰਦਰ ਪੱਕਾ ਕਲਾਂ, ਰੂਪ ਅਤੇ ਵੀਰਾਂ ਚੱਕ ਰੁਲਦੂ ਸਿੰਘ ਵਾਲਾ ਅਤੇ ਸੁਖਚੈਨ ਸਿੰਘ ਕਾਲਝਰਾਣੀ ਨੇ ਦੱਸਿਆ ਕਿ ਪਹਿਲਾਂ ਪਿੰਡਾਂ ਦੇ ਲੋਕ ਲੱਕੜਾਂ ਨਾਲ ਕੱਮ ਚਲਾ ਲੈਂਦੇ ਸਨ ਪਰ ਹੁਣ ਗੈਸ ਸਿਲੰਡਰਾਂ ਦਾ ਭੁਸ ਪੈ ਜਾਣ ਕਾਰਨ ਘਰਾਂ ’ਚੋਂ ਦੇਸੀ ਚੁੱਲ੍ਹੇ ਹੀ ਖ਼ਤਮ ਹੋ ਗਏ ਹਨ। ਸਥਾਨਕ ਗੈਸ ਏਜੰਸੀ ਦੇ ਇਕ ਸੇਲਜ਼ ਕਰਮਚਾਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਸੇਲਜ਼ ਅਫ਼ਸਰ ਦੇ ਆਦੇਸ਼ਾਂ ਤਹਿਤ ਵਪਾਰਕ ਗੈਸ ਸਿਲੰਡਰਾਂ ਦੀ ਸਪਲਾਈ ਬਿਲਕੁਲ ਰੋਕ ਦਿੱਤੀ ਹੈ ਅਤੇ ਰਸੋਈ ਗੈਸ ਸਿਲੰਡਰਾਂ ਦੀ ਸਪਲਾਈ ਤੇ 50 ਫ਼ੀਸਦੀ ਕੱਟ ਲਗਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਥਾਨਕ ਗੈਸ ਏਜੰਸੀ ਦਫ਼ਤਰ ਦੇ ਬਾਹਰ ਸਟਾਕ ਬੋਰਡ ਨਾ ਲਗਾਇਆ ਜਾਣਾ ਕੰਪਨੀ ਅਤੇ ਖੁਰਾਕ ਤੇ ਸਪਲਾਈ ਵਿਭਾਗ ਦੇ ਅਫ਼ਸਰਾਂ ਦੀ ਮਿਲੀਭੁਗਤ ਵੱਲ ਵੀ ਇਸ਼ਾਰਾ ਕਰਦਾ ਹੈ। ਇਸ ਬਾਰੇ ਜਦੋਂ ਕੰਪਨੀ ਦੇ ਸੇਲਜ਼ ਮੈਨੇਜਰ ਸੰਚਿਤ ਸ਼ਰਮਾ ਨਾਲ ਫੋਨ ’ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਕੰਪਨੀ ਦੇ ਏਰੀਆ ਮੈਨੇਜ਼ਰ ਚੇਤਨ ਪਟਵਾਰੀ ਨੇ ਕਿਹਾ ਕਿ ਲੋਕ ਬੇਵਜ੍ਹਾ ਘਬਰਾ ਰਹੇ ਹਨ ਅਤੇ ਰਸੋਈ ਗੈਸ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਏਜੰਸੀ ਹੋਲਡਰਾਂ ਨੂੰ ਰਸੋਈ ਗੈਸ ਸਿਲੰਡਰ ਲੈਣ ਆਏ ਲੋਕਾਂ ਨੂੰ ਅਸਲ ਸਥਿਤੀ ਦੱਸ ਕੇ ਘਬਰਾਹਟ ਦੂਰ ਕਰਨ ਦੀ ਲੋੜ ਹੈ।