ਪੱਤਰਕਾਰਾਂ ’ਤੇ ਦਰਜ ਝੂਠੇ ਪਰਚਿਆਂ ਦੀ ਕੀਤੀ ਨਿਖੇਧੀ
ਪੱਤਰਕਾਰਾਂ ’ਤੇ ਝੂਠੇ ਪਰਚਿਆਂ ਦੀ ਕੀਤੀ ਨਿਖੇਧੀ
Publish Date: Mon, 05 Jan 2026 04:45 PM (IST)
Updated Date: Mon, 05 Jan 2026 04:47 PM (IST)

ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੌੜ ਅਤੇ ਮੌੜ ਦੇ ਪੱਤਰਕਾਰ ਭਰਾਵਾਂ ਨੇ ਸਾਂਝੀ ਮੀਟਿੰਗ ਮੌੜ ਮੰਡੀ ਖਾਲਸਾ ਦੀਵਾਨ ਗੁਰਦੁਆਰਾ ਸਾਹਿਬ ਵਿਖੇ ਕੀਤੀ। ਮੀਟਿੰਗ ਦੌਰਾਨ ਕਿਸਾਨ ਆਗੂਆਂ ਅਤੇ ਪੱਤਰਕਾਰਾਂ ਨੇ ਲੁਧਿਆਣਾ ਪੁਲਿਸ ਵੱਲੋਂ ਮਨਜਿੰਦਰ ਸਿੰਘ ਸਿੱਧੂ, ਮਿੱਟੂ ਗੂਰਸਰੀਆ, ਮਾਨਿਕ ਰੋਇਲ ਅਤੇ 10 ਹੋਰ ਪੱਤਰਕਾਰਾਂ ‘ਤੇ ਕੀਤੇ ਗਏ ਝੂਠੇ ਪਰਚਿਆਂ ਦੀ ਸਖ਼ਤ ਨਿੰਦਾ ਕੀਤੀ। ਮੀਟਿੰਗ ਵਿਚ ਜ਼ਿਲ੍ਹਾ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ ਤੇ ਬਲਾਕ ਜਰਨਲ ਸਕੱਤਰ ਗੁਰਮੇਲ ਸਿੰਘ ਭੂੰਦੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਕਦਮ ਹੱਕ ਸੱਚ ਦੀ ਆਵਾਜ਼ ਅਤੇ ਲੋਕਤੰਤਰ ਦੀ ਅਜ਼ਾਦੀ ‘ਤੇ ਸਿੱਧਾ ਹਮਲਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸਰਕਾਰ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਕੇ ਲੋਕਾਂ ਅਤੇ ਮਜ਼ਦੂਰਾਂ ਦੀਆਂ ਆਵਾਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਦੇ ਇਸ ਹਮਲੇ ਦੇ ਖਿਲਾਫ ਉਹ ਸਾਰੇ ਕਿਰਤੀ ਲੋਕਾਂ ਨੂੰ ਸੰਘਰਸ਼ ਦੇ ਮੈਦਾਨ ’ਚ ਸ਼ਾਮਲ ਹੋਣ ਲਈ ਸੱਦਾ ਦੇ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ 7 ਜਨਵਰੀ ਨੂੰ ਬਠਿੰਡਾ ਵਿੱਚ ਪੱਤਰਕਾਰ ਭਾਈਚਾਰੇ ਵੱਲੋਂ ਕਰਵਾਏ ਜਾਣ ਵਾਲੇ ਵੱਡੇ ਪ੍ਰੋਗਰਾਮ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੌੜ ਵਲੋਂ ਵੱਧ ਚੜ੍ਹਕੇ ਸ਼ਮੂਲੀਅਤ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਮੁਕੇਸ ਮਲੌਦ ਦੀ ਰਿਹਾਈ ਅਤੇ ਪੱਤਰਕਾਰਾਂ ‘ਤੇ ਲਗਾਏ ਗਏ ਝੂਠੇ ਪਰਚਿਆਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਮੀਟਿੰਗ ਵਿਚ ਬਲਾਕ ਦੇ ਆਗੂ ਗੁਰਜੀਤ ਸਿੰਘ ਬੰਗੇਹਰ, ਸਿੰਕਦਰ ਸਿੰਘ ਘੁੰਮਣ, ਭੋਲਾ ਸਿੰਘ ਰਾਏ ਖਾਨਾ, ਕਲਕੱਤਾ ਸਿੰਘ ਮਾਣਕ ਖਾਨਾਂ, ਅਮ੍ਰਿਤ ਸਿੰਘ ਮੌੜ ਚੱੜਤ ਅਤੇ ਭੋਲਾ ਮਾੜੀ ਆਦਿ ਹਾਜ਼ਰ ਸਨ।