ਵਕੀਲ ਵੱਲੋਂ ਪਾਰਕਿੰਗ ਮੁਲਾਜ਼ਮ ਦੀ ਕੁੱਟਮਾਰ, ਫੋਟੋ ਵਾਇਰਲ
ਵਕੀਲ ਨੇ ਪਾਰਕਿੰਗ ਕਰਮਚਾਰੀ ਦੀ ਕੀਤੀ ਕੁੱਟਮਾਰ, ਸੀਸੀਟੀਵੀ ਫੁਟੇਜ ਵਾਇਰਲ
Publish Date: Sun, 01 Feb 2026 05:39 PM (IST)
Updated Date: Mon, 02 Feb 2026 04:08 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜਦੋਂ ਕਾਨੂੰਨ ਦੇ ਰੱਖਿਆ ਕਰਨ ਵਾਲੇ ਖੁਦ ਕਾਨੂੰਨ ਤੋੜਨ ਲੱਗ ਜਾਣ ਤਾਂ ਸਿਸਟਮ ਅਤੇ ਲੋਕਾਂ ਦੇ ਭਰੋਸੇ 'ਤੇ ਗੰਭੀਰ ਸਵਾਲ ਖੜ੍ਹੇ ਹੋ ਜਾਂਦੇ ਹਨ। ਅਜਿਹਾ ਹੀ ਇਕ ਸ਼ਰਮਨਾਕ ਮਾਮਲਾ ਬਠਿੰਡਾ ਵਿਚ ਸਾਹਮਣੇ ਆਇਆ ਹੈ, ਜਿੱਥੇ ਅਦਾਲਤ ਪਰਿਸਰ ਦੇ ਬਾਹਰ ਇਕ ਵਕੀਲ ਨੇ ਪਾਰਕਿੰਗ ਵਿਚ ਡਿਊਟੀ ਕਰ ਰਹੇ ਕਰਮਚਾਰੀ ਦੀ ਕੁੱਟਮਾਰ ਕਰ ਦਿੱਤੀ। ਇਹ ਹਾਦਸਾ ਐੱਸਐੱਸਪੀ ਦਫਤਰ ਦੇ ਸਾਹਮਣੇ ਅਦਾਲਤ ਦੇ ਮੁੱਖ ਗੇਟ 'ਤੇ ਹੋਇਆ ਜੋ ਕਿ ਸੀਸੀਟੀਵੀ ਫੁਟੇਜ ਵਿਚ ਹੁਣ ਸਾਹਮਣੇ ਆ ਚੁੱਕਾ ਹੈ। ਸੀਸੀਟੀਵੀ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਵਕੀਲ ਪਹਿਲਾਂ ਪਾਰਕਿੰਗ ਕਰਵਾ ਰਹੇ ਵਿਅਕਤੀ ਨਾਲ ਬਹਿਸ ਕਰਦਾ ਹੈ ਅਤੇ ਫਿਰ ਅਚਾਨਕ ਉਸਨੂੰ ਥੱਪੜ ਮਾਰ ਦਿੰਦਾ ਹੈ। ਇਹ ਘਟਨਾ ਅਦਾਲਤ ’ਚ ਹੋਈ, ਜਿੱਥੇ ਆਮ ਲੋਕ ਨਿਆਂ ਦੀ ਉਮੀਦ ਨਾਲ ਆਉਂਦੇ ਹਨ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਦੋਸ਼ੀ ਵਕੀਲ ਨੂੰ ਆਪਣਾ ਪੱਖ ਰੱਖਣ ਦਾ ਪੂਰਾ ਮੌਕਾ ਦਿੱਤਾ। ਪਰ ਜਦੋਂ ਦੋਸ਼ੀ ਵਕੀਲ ਬਾਰ ਐਸੋਸੀਏਸ਼ਨ ਦੇ ਸਾਹਮਣੇ ਪੱਖ ਰੱਖਣ ਲਈ ਹਾਜ਼ਰ ਨਹੀਂ ਹੋਇਆ, ਤਾਂ ਐਸੋਸੀਏਸ਼ਨ ਨੇ ਵਕੀਲ ਨੂੰ ਡੀ-ਬਾਰ ਕਰ ਦਿੱਤਾ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਮਾਨ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ। ਬਾਰ ਐਸੋਸੀਏਸ਼ਨ ਅਨੁਸ਼ਾਸਨ ਤੇ ਮਰਿਆਦਾ ’ਚ ਕਦੇ ਵੀ ਸਮਝੌਤਾ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਕੋਈ ਵੀ ਵਕੀਲ, ਜੋ ਗੁੰਡਾਗਰਦੀ ਕਰੇ ਜਾਂ ਆਮ ਲੋਕਾਂ ਨਾਲ ਬੁਰਾ ਵਰਤਾਓ ਕਰੇ, ਉਸਨੂੰ ਕਦੇ ਬਖ਼ਸ਼ਿਆ ਨਹੀਂ ਜਾਵੇਗਾ। ਇਸ ਘਟਨਾ ਨੇ ਇਕ ਵਾਰੀ ਫਿਰ ਸਵਾਲ ਖੜਾ ਕੀਤਾ ਹੈ ਕਿ ਕੀ ਕਾਨੂੰਨ ਦੇ ਨਾਮ 'ਤੇ ਕੁਝ ਲੋਕ ਖੁਦ ਨੂੰ ਕਾਨੂੰਨ ਤੋਂ ਉਪਰ ਸਮਝਣ ਲੱਗੇ ਹਨ। ਅਦਾਲਤ ਪਰਿਸਰ ਵਿਚ ਵਕੀਲ ਵੱਲੋਂ ਕੀਤੀ ਕੁੱਟਮਾਰ ਨੇ ਨਾ ਸਿਰਫ਼ ਵਕੀਲ ਸਮਾਜ ਦੀ ਛਵੀ ਨੂੰ ਧੁੰਦਲਾ ਕੀਤਾ ਹੈ, ਬਲਕਿ ਆਮ ਜਨਤਾ ਦੇ ਭਰੋਸੇ ਨੂੰ ਵੀ ਠੇਸ ਪਹੁੰਚਾਈ ਹੈ।