- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਕਸਫੋਰਡ ਸਕੂਲ ਦੇ ਬੱਚਿਆਂ ਨੇ ਧੁੰਦ ਅਤੇ ਠੰਢ ਸਬੰਧੀ ਚਰਚਾ ਕੀਤੀ

-ਸੜਕਾਂ ‘ਤੇ ਚਿੱਟੀ ਪੱਟੀ, ਰਿਫਲੈਕਟਰ ਤੇ ਖ਼ਤਰਨਾਕ ਮੋੜਾਂ ’ਤੇ ਚਿਤਾਵਨੀ ਚਿੰਨ੍ਹ ਲਗਾਏ ਜਾਣ
ਵੀਰਪਾਲ ਭਗਤਾ, ਪੰਜਾਬੀ ਜਾਗਰਣ
ਬਠਿੰਡਾ : ਅੱਤ ਦੀ ਠੰਢ ਅਤੇ ਸੰਘਣੀ ਧੰਦ ਦੇ ਦਿਨਾਂ ਵਿਚ ਸੜਕ ਹਾਦਸਿਆਂ ਤੋਂ ਬਚਾਅ ਲਈ ਸਰਕਾਰਾਂ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ। ਸਭ ਤੋਂ ਪਹਿਲਾਂ ਸੜਕਾਂ ’ਤੇ ਚਿੱਟੀ ਪੱਟੀ ਅਤੇ ਰਿਫਲੈਕਟਰ ਤੁਰੰਤ ਲਗਾਏ ਜਾਣ ਤਾਂ ਜੋ ਰਾਤ ਤੇ ਧੁੰਦ ਵਿਚ ਰਸਤਾ ਸਾਫ਼ ਦਿਸ ਸਕੇ। ਖਰਾਬ ਸੜਕਾਂ ਦੀ ਮੁਰੰਮਤ ਕੀਤੀ ਜਾਵੇ ਤੇ ਖ਼ਤਰਨਾਕ ਮੋੜਾਂ ’ਤੇ ਚਿਤਾਵਨੀ ਬੋਰਡ ਲਗਾਏ ਜਾਣ। ਟ੍ਰੈਫਿਕ ਪੁਲਿਸ ਵੱਲੋਂ ਜਾਗਰੂਕਤਾ ਮੁਹਿੰਮ ਚਲਾਈ ਜਾਵੇ ਅਤੇ ਵਾਹਨਾਂ ਦੀ ਰਫ਼ਤਾਰ ‘ਤੇ ਸਖ਼ਤ ਨਿਗਰਾਨੀ ਰੱਖੀ ਜਾਵੇ। ਇਸ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਪ੍ਰੰਤੂ ਬੇਹੱਦ ਅਫਸੋਸ ਦੀ ਗੱਲ ਕਿ ਬਹੁਤੀਆਂ ਸੜਕਾਂ ’ਤੇ ਚਿੱਟੀ ਪੱਟੀ ਜਾਂ ਰਿਫਲੈਕਟਰ ਨਹੀ ਲੱਗੇ, ਜਿਸ ਕਾਰਨ ਸੜਕ ਹਾਦਸੇ ਵਾਪਰ ਰਹੇ ਹਨ ਪ੍ਰੰਤੂ ਸਰਕਾਰਾਂ ਕੁੰਭਕਰਨੀ ਨੀਂਦ ਸੁੱਤੀਆਂ ਪਈਆਂ ਹਨ। ਜਿਸ ਕਰਕੇ ਸਰਕਾਰਾਂ ਨੂੰ ਜਾਗਣ ਦੀ ਲੋੜ ਹੈ। ਇਲਾਕੇ ਦੇ ਆਕਸਫੋਰਡ ਸਕੂਲ ਆਫ ਐਜੂਕੇਸ਼ਨ ਭਗਤਾ ਭਾਈ ਦੇ ਵਿਦਿਆਰਥੀਆਂ ਵੱਲੋਂ ਠੰਢ, ਧੁੰਦ ਦੇ ਬਚਾਅ ਸਬੰਧੀ ਕੀਤੀ ਵਿਚਾਰ ਚਰਚਾ ਪਾਠਕਾਂ ਦੇ ਰੂ-ਬ-ਰੂ ਕਰ ਰਹੇ ਹਾਂ।
-ਬਾਕਸ-
-ਠੰਢ ਦੌਰਾਨ ਆਪਣੇ ਘਰਾਂ ’ਚ ਰਹਿਣਾ ਚਾਹੀਦੈ
ਆਕਸਫੋਰਡ ਸਕੂਲ ਆਫ ਐਜੂਕੇਸ਼ਨ ਭਗਤਾ ਭਾਈਕਾ ਦੀ ਨੌਵੀ ਦੀ ਵਿਦਿਆਰਥਣ ਅਨਮੋਲਪ੍ਰੀਤ ਕੌਰ ਪਿੰਡ ਡੋਡ ਨੇ ਕਿਹਾ ਕਿ ਅੱਜ ਕੱਲ੍ਹ ਬਹੁਤ ਠੰਢ ਪੈ ਰਹੀ ਹੈ। ਇਸ ਦਾ ਅਸਰ ਸਾਰਿਆਂ ’ਤੇ ਹੋਇਆ ਹੈ। ਠੰਢ ਕਾਰਨ ਬੇਰੁਜ਼ਗਾਰੀ ਵੱਧ ਗਈ ਹੈ। ਲੋਕਾਂ ਦੇ ਕੰਮ ਬੰਦ ਹੋ ਗਏ। ਧੁੰਦ ਜ਼ਿਆਦਾ ਪੈਣ ਕਾਰਨ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲਦੇ ਅਤੇ ਬੱਸਾਂ, ਰਿਕਸ਼ੇ ਅਤੇ ਹੋਰ ਦੁਕਾਨਾਂ ਵਾਲੇ ਵਿਹਲੇ ਹੋ ਗਏ ਹਨ। ਇਸ ਦਾ ਉਨ੍ਹਾਂ ਦੀ ਆਰਥਿਕ ਸਥਿਤੀ ’ਤੇ ਬਹੁਤ ਅਸਰ ਪੈਂਦਾ ਹੈ। ਉਨ੍ਹਾਂ ਦੇ ਘਰ ਖਾਣ ਦੀ ਤੰਗੀ ਹੋ ਜਾਂਦੀ ਹੈ। ਰੇਹੜੀਆਂ ਵਾਲਿਆਂ ਦਾ ਸਾਮਾਨ ਨਹੀਂ ਵਿਕਦਾ, ਜਿਸ ਕਾਰਨ ਉਹ ਆਪਣੇ ਘਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਪਾਉਂਦੇ। ਧੁੰਦ ਕਾਰਨ ਲੋਕਾਂ ਦੇ ਐਕਸੀਡੈਂਟ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਘਰ ਉੱਜੜ ਜਾਂਦੇ ਹਨ। ਠੰਢ ਵਿਚ ਸਾਨੂੰ ਆਪਣੇ ਘਰਾਂ ਵਿਚ ਰਹਿਣਾ ਚਾਹੀਦਾ ਹੈ।
-ਬਾਕਸ-
-ਗਰੀਬਾਂ ਨੂੰ ਬਹੁਤੀ ਠੰਢ ’ਚ ਵੀ ਕਰਨਾ ਪੈਂਦੈ ਕੰਮ
ਆਕਸਫੋਰਡ ਸਕੂਲ ਆਫ ਐਜੂਕੇਸ਼ਨ ਭਗਤਾ ਭਾਈਕਾ ਦੀ ਨੌਵੀ ਜਮਾਤ ਦੀ ਵਿਦਿਆਰਥਣ ਸੁਖਦੀਪ ਕੌਰ ਪਿੰਡ ਝੱਖੜਵਾਲਾ ਨੇ ਕਿਹਾ ਕਿ ਠੰਢ ਇਕ ਅਜਿਹਾ ਮੌਸਮ ਹੈ, ਜਿਸ ਵਿਚ ਕੰਮ ਕਰਨਾ ਕੋਈ ਸੌਖੀ ਗੱਲ ਨਹੀਂ। ਠੰਢ ਵਿਚ ਨੌਕਰੀ ਲਈ ਆਉਣ-ਜਾਣ ਨਾਲ ਹੱਥ-ਪੈਰ ਨੀਲੇ ਹੋ ਜਾਂਦੇ ਹਨ। ਠੰਢ ਵਿਚ ਸਿਰਫ਼ ਮਿਹਨਤੀ ਲੋਕ ਹੀ ਕੰਮ ਕਰ ਸਕਦੇ ਹਨ। ਗੁਜ਼ਾਰਾ ਕਰਨ ਲਈ ਗਰੀਬਾਂ ਨੂੰ ਬਹੁਤੀ ਠੰਢ ਵਿਚ ਵੀ ਕੰਮ ਕਰਨਾ ਪੈਂਦਾ ਹੈ। ਠੰਢ ਕਾਰਨ ਇਨਸਾਨ ਬਿਮਾਰ ਵੀ ਜਲਦੀ ਹੋ ਜਾਂਦਾ ਹੈ। ਅੱਤ ਦੀ ਠੰਢ ਵਿਚ ਕੰਮ ਕਰਨ ਲਈ ਚੰਗੀ ਖੁਰਾਕ ਦੀ ਲੋੜ ਹੈ, ਜੋ ਗਰੀਬ ਨਹੀਂ ਖਰੀਦ ਸਕਦਾ। ਠੰਢ ਬਹੁਤ ਲੋਕਾਂ ਲਈ ਬੇਰੁਜ਼ਗਾਰੀ ਦਾ ਕਾਰਨ ਬਣਦੀ ਹੈ। ਠੰਢ ਕਾਰਨ ਰੁਜ਼ਗਾਰ ਰੁਕ ਜਾਂਦੇ ਹਨ। ਅੱਤ ਦੀ ਠੰਢ ਕਾਰਨ ਕਈ ਲੋਕਾਂ ਨੂੰ ਭੁੱਖੇ ਸੌਣਾ ਪੈਂਦਾ ਹੈ। ਗਰੀਬ ਲੋਕ, ਜੋ ਦਿਹਾੜੀਆਂ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ, ਠੰਢ ਕਾਰਨ ਬੇਰੁਜ਼ਗਾਰ ਹੋ ਚੁੱਕੇ ਹਨ। ਬਜ਼ੁਰਗਾਂ ਨੂੰ ਆਪਣਾ ਸਹਾਰਾ ਆਪ ਬਣਨ ਲਈ ਹੱਡ ਤੋੜ ਮਿਹਨਤ ਕਰਨੀ ਪੈਂਦੀ ਹੈ ਤਾਂ ਕਿ ਦੋ ਵਕਤ ਦੀ ਰੋਟੀ ਨਸੀਬ ਹੋ ਸਕੇ।
-ਬਾਕਸ-
-ਠੰਢ ਕਾਰਨ ਬੇਰੁਜ਼ਗਾਰੀ ’ਚ ਹੁੰਦੈ ਵਾਧਾ
ਆਕਸਫੋਰਡ ਸਕੂਲ ਆਫ ਐਜੂਕੇਸ਼ਨ ਭਗਤਾ ਭਾਈਕਾ ਦੀ ਨੌਵੀ ਕਲਾਸ ਦੀ ਵਿਦਿਆਰਥਣ ਸੁਮਨਪ੍ਰੀਤ ਕੌਰ ਪਿੰਡ ਬਾਜਾਖਾਨਾ ਨੇ ਕਿਹਾ ਕਿ ਠੰਢ ਪੈਣ ਕਾਰਨ ਲੋਕਾਂ ਦਾ ਕੰਮ ਬੰਦ ਹੋ ਜਾਂਦਾ ਹੈ ਅਤੇ ਘਰ ਬੈਠ ਜਾਂਦੇ ਹਨ। ਠੰਢ ਪੈਣ ਕਰਕੇ ਬਾਹਰ ਕੰਮ ਕਰਨ ਵਾਲੇ ਵਿਅਕਤੀ ਆਪਣਾ ਕੰਮ ਧੁੰਦ ਦੇਖ ਕੇ ਛੇਤੀ ਬੰਦ ਕਰ ਦਿੰਦੇ ਹਨ। ਗਰੀਬ ਲੋਕ, ਦਿਹਾੜੀ ਕਰਨ ਵਾਲੇ, ਰਿਕਸ਼ਾ ਚਲਾਉਣ ਵਾਲੇ, ਸਮਾਨ ਵੇਚਣ ਵਾਲੇ ਵਿਹਲੇ ਬੈਠ ਜਾਂਦੇ ਹਨ। ਠੰਢ ਕਾਰਨ ਲੋਕ ਬਿਮਾਰ ਹੋ ਰਹੇ ਹਨ ਜਿਸ ਕਾਰਨ ਵੀ ਉਨ੍ਹਾਂ ਦਾ ਕੰਮ ਰੁਕ ਜਾਂਦਾ ਹੈ। ਘਰ ਦੇ ਖਰਚੇ ਵੱਧ ਜਾਂਦੇ ਹਨ। ਕੰਮ ਨਾ ਹੋਣ ਕਾਰਨ ਉਨ੍ਹਾਂ ਕੋਲ ਇੰਨਾ ਪੈਸਾ ਵੀ ਨਹੀਂ ਹੁੰਦਾ ਕਿ ਉਹ ਲੋੜੀਂਦਾ ਸਮਾਨ ਖਰੀਦ ਸਕਣ। ਜ਼ਿਆਦਾ ਠੰਢ ਕਾਰਨ ਬੇਰੁਜ਼ਗਾਰੀ ਵੱਧਦੀ ਹੈ। ਜਿਸ ਕਾਰਨ ਘਰ ਦਾ ਗੁਜ਼ਾਰਾ ਔਖਾ ਹੁੰਦਾ ਹੈ। ਠੰਢ ਤਾਂ ਇਕ ਵਕਤ ਦੀ ਰੋਟੀ ਤੋਂ ਵੀ ਮੁਥਾਜ ਕਰ ਦਿੰਦੀ ਹੈ।
-ਬਾਕਸ-
-ਸੜਕ ਹਾਦਸਿਆਂ ਦਾ ਕਾਰਨ ਬਣਦੀ ਹੈ ਸੰਘਣੀ ਧੁੰਦ
ਆਕਸਫੋਰਡ ਸਕੂਲ ਆਫ ਐਜੂਕੇਸ਼ਨ ਭਗਤਾ ਭਾਈਕਾ ਦੀ ਨੌਵੀ ਕਲਾਸ ਦੀ ਵਿਦਿਆਰਥਣ ਹਰਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਠੰਢ ਦਿਨੋ-ਦਿਨ ਵਧ ਰਹੀ ਹੈ। ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਸ਼ੀਤ ਲਹਿਰ ਵਧਣ ਕਾਰਨ ਸੰਘਣੀ ਧੁੰਦ ਪੈਂਦੀ ਹੈ, ਜੋ ਸੜਕ ਹਾਦਸਿਆਂ ਦਾ ਕਾਰਨ ਬਣਦੀ ਹੈ। ਠੰਢ ਕਾਰਨ ਕੰਮ ਰੁਕ ਗਏ ਹਨ। ਰਿਕਸ਼ੇ ਵਾਲਿਆਂ ਨੂੰ ਤਾਂ ਠੰਢ ਵਿਚ ਬਹੁਤ ਨੁਕਸਾਨ ਹੁੰਦਾ ਹੈ ਕਿਉਂਕਿ ਲੋਕ ਤਾਂ ਘਰੋਂ ਬਾਹਰ ਨਹੀਂ ਨਿਕਲਦੇ। ਉਨ੍ਹਾਂ ਨੂੰ ਇਕ ਡੰਗ ਦੀ ਰੋਟੀ ਵੀ ਨਹੀਂ ਮਿਲਦੀ। ਦਿਹਾੜੀ ਕਰਨ ਵਾਲੇ ਲੋਕਾਂ ਦਾ ਗੁਜ਼ਾਰਾ ਕਰਨਾ ਵੀ ਔਖਾ ਹੁੰਦਾ ਹੈ। ਬੱਚੇ ਵੀ ਠੰਢ ਵਿਚ ਔਖੇ ਹੀ ਪਲਦੇ ਹਨ। ਰੇਹੜੀਆਂ ਵਾਲਿਆਂ ਦਾ ਕੰਮ ਠੱਪ ਹੋ ਜਾਂਦਾ ਹੈ। ਸੜਕਾਂ ਤੇ ਰਹਿਣ ਵਾਲੇ ਲੋਕਾਂ ਨੂੰ ਵੀ ਠੰਢ ਵਿਚ ਬਹੁਤ ਮੁਸ਼ਕਿਲ ਆਉਂਦੀ ਹੈ। ਠੰਢ ਵਿਚ ਗਰੀਬ ਲੋਕਾਂ ਦਾ ਗੁਜ਼ਾਰਾ ਔਖਾ ਹੁੰਦਾ ਹੈ। ਸੱਚੀਂ ਹੀ ਠੰਢ ਕਾਰਨ ਬੇਰੁਜ਼ਗਾਰੀ ਵੱਧ ਜਾਂਦੀ ਹੈ।
-ਬਾਕਸ-
-ਧੁੰਦ ਹੋਣ ਕਾਰਨ ਐਕਸੀਡੈਂਟ ਹੋ ਜਾਂਦੇ ਹਨ
ਆਕਸਫੋਰਡ ਸਕੂਲ ਆਫ ਐਜੂਕੇਸ਼ਨ ਭਗਤਾ ਭਾਈਕਾ ਦੀ ਨੌਵੀ ਕਲਾਸ ਦੀ ਵਿਦਿਆਰਥਣ ਕਰਮਨਦੀਪ ਕੌਰ ਪਿੰਡ ਹਮੀਰਗੜ੍ਹ ਨੇ ਕਿਹਾ ਕਿ ਤੁਹਾਨੂੰ ਪਤਾ ਹੈ ਕਿ ਠੰਢ ਬਹੁਤ ਵਧ ਗਈ ਹੈ ਜਿਸ ਕਰਕੇ ਲੋਕ ਘਰੇ ਹੀ ਰਹਿੰਦੇ ਹਨ। ਲੋਕ ਠੰਢ ਕਰਕੇ ਕੰਮ ਤੇ ਨਹੀਂ ਜਾ ਸਕਦੇ। ਜੋ ਲੋਕ ਦਿਹਾੜੀ ਕਰਕੇ ਪੈਸੇ ਕਮਾਉਂਦੇ ਹਨ ਤੇ ਆਪਣਾ ਘਰ ਚਲਾਉਂਦੇ ਹਨ ਠੰਢ ਕਾਰਨ ਉਹ ਹੁਣ ਕੰਮ ’ਤੇ ਨਹੀਂ ਜਾ ਸਕਦੇ। ਪਰਿਵਾਰ ਦੀ ਆਰਥਿਕ ਹਾਲਤ ਖਰਾਬ ਹੋ ਗਈ ਹੈ। ਵਧਦੀ ਠੰਢ ਦਾ ਲੋਕਾਂ ਦੇ ਕੰਮ ਤੇ ਬਹੁਤ ਅਸਰ ਪਿਆ ਹੈ। ਕੜਾਕੇ ਦੀ ਠੰਢ ਕਰਕੇ ਲੋਕ ਬਿਮਾਰ ਹੋ ਰਹੇ ਹਨ। ਠੰਢ ਕਾਰਨ ਲੋਕਾਂ ਦੇ ਕੰਮ ਖੜ੍ਹ ਗਏ ਹਨ, ਉਹ ਦੋ ਵਕਤ ਦੀ ਰੋਟੀ ਲਈ ਵੀ ਤਰਸ ਰਹੇ ਹਨ। ਜੋ ਲੋਕ ਕੰਮ ਕਰਨ ਜਾਂਦੇ ਹਨ, ਜ਼ਿਆਦਾ ਧੁੰਦ ਹੋਣ ਕਾਰਨ ਬਹੁਤ ਸਾਰੇ ਐਕਸੀਡੈਂਟ ਹੋ ਜਾਂਦੇ ਹਨ। ਕਈ ਲੋਕ ਆਪਣੀ ਜਾਨ ਹੀ ਗਵਾ ਬੈਠਦੇ ਹਨ। ਠੰਢ ਦਾ ਵਧਣਾ ਲੋਕਾਂ ਦੇ ਕੰਮ ਉੱਤੇ ਬਹੁਤ ਅਸਰ ਪਾਉਂਦਾ ਹੈ।
-ਬਾਕਸ-
-ਠੰਢ ਕਾਰਨ ਬੱਚੇ ਸਕੂਲ ਨਹੀਂ ਜਾ ਸਕਦੇ
ਆਕਸਫੋਰਡ ਸਕੂਲ ਆਫ ਐਜੂਕੇਸ਼ਨ ਭਗਤਾ ਭਾਈਕਾ ਦੀ ਨੌਵੀ ਕਲਾਸ ਦੀ ਵਿਦਿਆਰਥਣ ਗੁਰਜੋਤ ਕੌਰ ਪਿੰਡ ਦਬੜ੍ਹੀਖਾਨਾ ਨੇ ਕਿਹਾ ਕਿ ਵੱਧਦੀ ਠੰਢ ਨਾਲ ਲੋਕਾਂ ਦੇ ਰੁਜ਼ਗਾਰ ’ਤੇ ਅਸਰ ਪਿਆ ਹੈ। ਲੋਕ ਘਰੇ ਰਹਿੰਦੇ ਹਨ। ਠੰਢ ਨਾਲ ਬਿਮਾਰ ਹੋਣ ਕਾਰਨ ਵੀ ਕੰਮ ਨਹੀਂ ਕਰ ਸਕਦੇ, ਜਿਸ ਕਾਰਨ ਉਨ੍ਹਾਂ ਦੇ ਘਰ ਆਰਥਿਕ ਤੰਗੀ ਹੁੰਦੀ ਹੈ। ਜੋ ਰਿਕਸ਼ਾ ਚਲਾਉਂਦੇ ਹਨ, ਰੇੜ੍ਹੀਆਂ ਤੇ ਸਬਜ਼ੀ ਵੇਚਦੇ ਹਨ ਉਹਨਾਂ ਦਾ ਵੀ ਕੰਮ ਕਰਨਾ ਔਖਾ ਹੋ ਜਾਂਦਾ ਹੈ। ਬੇਰੁਜ਼ਗਾਰ ਲੋਕਾਂ ਨੂੰ ਦੋ ਵਕਤ ਦੀ ਰੋਟੀ ਨਸੀਬ ਨਹੀਂ ਹੁੰਦੀ। ਉਨ੍ਹਾਂ ਦੇ ਬੱਚੇ ਸਕੂਲ ਨਹੀਂ ਜਾ ਸਕਦੇ। ਧੁੰਦ ਹੋਣ ਕਾਰਨ ਵੀ ਲੋਕ ਕੰਮ ਤੇ ਸਮੇਂ ਸਿਰ ਨਹੀਂ ਪਹੁੰਚ ਸਕਦੇ, ਉਨ੍ਹਾਂ ਨੂੰ ਇਸ ਗੱਲ ਪਿੱਛੇ ਹੀ ਆਪਣੇ ਕੰਮ ਤੋਂ ਹੱਥ ਧੋਣੇ ਪੈਂਦੇ ਹਨ। ਲੋਕ ਠੰਢ ਕਾਰਨ ਘਰੋਂ ਬਾਹਰ ਨਹੀਂ ਨਿਕਲਦੇ ਅਤੇ ਕੰਮ ਤੇ ਜਾਣ ਤੋਂ ਵੀ ਝਿਜਕਦੇ ਹਨ। ਬੱਸਾਂ ਵਾਲਿਆਂ ਦੀ ਵੀ ਆਮਦਨ ਘੱਟ ਜਾਂਦੀ ਹੈ।
-ਬਾਕਸ-
-ਠੰਢ ਤੋਂ ਹੋਣ ਵਾਲੇ ਲਾਭ ਤੇ ਹਾਨੀਆਂ
ਆਕਸਫੋਰਡ ਸਕੂਲ ਆਫ ਐਜੂਕੇਸ਼ਨ ਭਗਤਾ ਭਾਈਕਾ ਦੀ ਨੌਵੀ ਜਮਾਤ ਦੀ ਵਿਦਿਆਰਥਣ ਮਨਮੀਤ ਕੌਰ ਪਿੰਡ ਹਮੀਰਗੜ੍ਹ ਨੇ ਕਿਹਾ ਕਿ ਠੰਢ ਕਈ ਵਾਰ ਘੱਟ ਪੈਂਦੀ ਹੈ ਅਤੇ ਕਈ ਵਾਰ ਕੜਾਕੇ ਦੀ ਠੰਢ ਹੁੰਦੀ ਹੈ। ਇਸ ਰੁੱਤ ਵਿਚ ਕਾਫ਼ੀ ਤਿਉਹਾਰ ਵੀ ਆਉਂਦੇ ਹਨ, ਜਿਸ ਕਾਰਨ ਲੋਕ ਖੁਸ਼ੀ ਮਨਾਉਂਦੇ ਹਨ। ਪਰ ਇਹ ਸਭ ਨੂੰ ਪਤਾ ਹੈ ਕਿ ਜੇ ਕਿਸੇ ਚੀਜ਼ ਦੇ ਲਾਭ ਹੁੰਦੇ ਹਨ ਤਾਂ ਉਸ ਦੀ ਹਾਨੀ ਵੀ ਹੁੰਦੀ ਹੈ। ਜਿਵੇਂ ਕਿ ਠੰਢ ਵਿਚ ਬੇਰੁਜ਼ਗਾਰੀ ਵੱਧ ਜਾਂਦੀ ਹੈ। ਲੋਕ ਠੰਢ ਕਾਰਨ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ। ਕਈ ਲੋਕ ਸਵੇਰੇ ਕੰਮ ਤੇ ਜਾਂਦੇ ਹਨ ਪਰ ਕੰਮ ਬੰਦ ਹੋਣ ਕਾਰਨ ਬੇਰੁਜ਼ਗਾਰੀ ਪੈਦਾ ਹੋ ਜਾਂਦੀ ਹੈ। ਕਈ ਲੋਕ ਤਾਂ ਆਲਸ ਕਾਰਨ ਹੀ ਬਾਹਰ ਨਹੀਂ ਨਿਕਲਦੇ ਅਤੇ ਕੰਮਾਂ ‘ਤੇ ਨਹੀਂ ਜਾਂਦੇ। ਠੰਢ ਕਾਰਨ ਬਜ਼ਾਰ ਵੀ ਖਾਲੀ ਰਹਿੰਦੇ ਹਨ ਅਤੇ ਜੋ ਲੋਕ ਨੌਕਰੀ ਕਰਦੇ ਹਨ, ਉਨ੍ਹਾਂ ਨੂੰ ਠੰਢ ਦੀਆਂ ਛੁੱਟੀਆਂ ਹੁੰਦੀਆਂ ਹਨ ਅਤੇ ਉਹ ਓਨੇ ਸਮੇਂ ਲਈ ਬੇਰੁਜ਼ਗਾਰ ਹੋ ਜਾਂਦੇ ਹਨ। ਠੰਢ ਵਿਚ ਤਿਉਹਾਰਾਂ ਦਾ ਮਜ਼ਾ ਤਾਂ ਬੜਾ ਆਉਂਦਾ ਹੈ ਪਰ ਠੰਢ ਨਾਲ ਬੇਰੁਜ਼ਗਾਰੀ ਤੇ ਨੁਕਸਾਨ ਵੀ ਬਹੁਤ ਵੱਧ ਜਾਂਦੇ ਹਨ।