- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਪਰੇਸ਼ਨ ਥੀਏਟਰ ਵਿੱਚ ਲੱਗੀ ਅੱਗ: ਲਾਪਰਵਾਹੀ ਦੀ ਭੇਟ ਚੜ੍ਹੀ ਸਿਹਤ ਵਿਵਸਥਾ, ਘਟਨਾ ਨੂੰ ਦਬਾਉਣ ਵਿੱਚ ਜੁਟਿਆ ਵਿਭਾਗ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿਵਲ ਹਸਪਤਾਲ ਦੇ ਵੂਮੈਨ ਐਂਡ ਚਿਲਡਰਨ ਹਸਪਤਾਲ ਦੇ ਆਪਰੇਸ਼ਨ ਥੀਏਟਰ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸਿਹਤ ਵਿਭਾਗ ਦੇ ਅਧਿਕਾਰੀ ਪਿਛਲੇ ਤਿੰਨ ਦਿਨ੍ਹਾਂ ਤੋਂ ਇਸ ਘਟਨਾ ਨੂੰ ਛੁਪਾਉਣ ਵਿੱਚ ਲੱਗੇ ਹੋਏ ਹਨ। ਮੰਨਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਿਟ ਕਾਰਨ ਇਹ ਅੱਗ ਲੱਗੀ ਹੈ, ਪਰ ਸਭ ਤੋਂ ਚਿੰਤਾਜਨਕ ਗੱਲ ਇਹ ਰਹੀ ਕਿ ਹਸਪਤਾਲ ਪ੍ਰਬੰਧਕਾਂ ਨੂੰ ਇਸ ਦੀ ਜਾਣਕਾਰੀ ਕਾਫ਼ੀ ਦੇਰ ਨਾਲ ਮਿਲੀ। ਇਹ ਦੇਰੀ ਨਾਂ ਸਿਰਫ਼ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲਦੀ ਹੈ, ਸਗੋਂ ਇਹ ਵੀ ਦਰਸਾਉਂਦੀ ਹੈ ਕਿ ਹਸਪਤਾਲ ਪ੍ਰਸ਼ਾਸਨ ਕਿੰਨੀ ਲਾਪਰਵਾਹੀ ਨਾਲ ਕੰਮ ਕਰ ਰਿਹਾ ਹੈ।
ਸੂਤਰਾਂ ਅਨੁਸਾਰ ਜਿਸ ਆਪਰੇਸ਼ਨ ਥੀਏਟਰ ਦਾ ਜਲਦੀ ਹੀ ਉਦਘਾਟਨ ਹੋਣਾ ਸੀ, ਉਸੇ ਵਿੱਚ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋਇਆ ਹੈ। ਸਿਹਤ ਵਿਭਾਗ ਦੇ ਸੂਤਰਾਂ ਅਨੁਸਾਰ ਲੱਖਾਂ ਰੁਪਏ ਦੇ ਸਾਜੋ-ਸਮਾਨ ਸੜਨ ਦੀ ਗੱਲ ਸਾਹਮਣੇ ਆ ਰਹੀ ਹੈ। ਹਾਲਾਂਕਿ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਅਧਿਕਾਰੀ ਇਸਨੂੰ ਛੋਟੀ ਘਟਨਾ ਦੱਸ ਰਹੇ ਹਨ। ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਕਿਹਾ ਕਿ ਅੱਗ ਲੱਗਣ ਨਾਲ ਸਿਰਫ਼ ਇਕ ਮਸ਼ੀਨ ਨੂੰ ਨੁਕਸਾਨ ਹੋਇਆ ਹੈ ਅਤੇ ਅੱਗ ਕੋਈ ਬਹੁਤੀ ਜ਼ਿਆਦਾ ਨਹੀਂ ਸੀ, ਜਿਸ ਨੂੰ ਸਮੇਂ ਸਿਰ ਬੁਝਾ ਦਿੱਤਾ ਗਿਆ, ਪਰ ਸਵਾਲ ਇਹ ਹੈ ਕਿ ਜੇਕਰ ਅੱਗ ਬਹੁਤ ਘੱਟ ਲੱਗੀ ਸੀ, ਤਾਂ ਆਪਰੇਸ਼ਨ ਥੀਏਟਰ ਵਿਚ ਕੰਮ-ਕਾਜ ਕਿਉਂ ਬੰਦ ਕੀਤਾ ਗਿਆ। ਹਸਪਤਾਲ ਵਿਚ ਇਕ ਵਾਰ ਆਪਰੇਸ਼ਨ ਬੰਦ ਕਰ ਦਿੱਤੇ ਗਏ। ਇਸ ਪੂਰੇ ਮਾਮਲੇ ਵਿੱਚ ਹਸਪਤਾਲ ਦੀ ਐੱਸਐੱਮਓ ਤੋਂ ਲੈ ਕੇ ਹੋਰ ਅਧਿਕਾਰੀ ਘਟਨਾ ਨੂੰ ਛੁਪਾਉਣ ਵਿੱਚ ਲੱਗੇ ਹੋਏ ਨਜ਼ਰ ਆ ਰਹੇ ਹਨ। ਨਾਂ ਕਿਸੇ ਤਰ੍ਹਾਂ ਦੀ ਅਧਿਕਾਰਕ ਜਾਂਚ ਦਾ ਐਲਾਨ ਕੀਤਾ ਗਿਆ ਹੈ ਅਤੇ ਨਾ ਹੀ ਜ਼ਿੰਮੇਵਾਰ ਕਰਮਚਾਰੀਆਂ ਖ਼ਿਲਾਫ਼ ਕੋਈ ਕਾਰਵਾਈ ਦੀ ਗੱਲ ਸਾਹਮਣੇ ਆਈ ਹੈ। ਇਸ ਨਾਲ ਸ਼ੱਕ ਹੋਰ ਗਹਿਰਾ ਹੋ ਜਾਂਦਾ ਹੈ ਕਿ ਕਿਤੇ ਨਾ ਕਿਤੇ ਵੱਡੀ ਲਾਪਰਵਾਹੀ ਨੂੰ ਜਾਣਬੁੱਝ ਕੇ ਦਬਾਇਆ ਜਾ ਰਿਹਾ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਕ ਨਵੇਂ ਬਣੇ ਆਪ੍ਰੇਸ਼ਨ ਥੀਏਟਰ ਵਿੱਚ ਇਸ ਤਰ੍ਹਾਂ ਦੀ ਘਟਨਾ ਕਿਵੇਂ ਹੋ ਸਕਦੀ ਹੈ? ਕੀ ਨਿਰਮਾਣ ਕੰਮ ਵਿੱਚ ਗੁਣਵੱਤਾ ਦਾ ਧਿਆਨ ਨਹੀਂ ਰੱਖਿਆ ਗਿਆ? ਕੀ ਬਿਜਲੀ ਪ੍ਰਣਾਲੀ ਦੀ ਠੀਕ ਤਰੀਕੇ ਨਾਲ ਜਾਂਚ ਨਹੀਂ ਕੀਤੀ ਗਈ ਸੀ? ਜੇਕਰ ਉਦਘਾਟਨ ਤੋਂ ਪਹਿਲਾਂ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਤਾਂ ਮਰੀਜ਼ਾਂ ਦੀ ਸੁਰੱਖਿਆ ਦਾ ਕੀ ਭਰੋਸਾ ਕੀਤਾ ਜਾ ਸਕਦਾ ਹੈ। ਇਸ ਘਟਨਾ ਕਾਰਨ ਹਸਪਤਾਲ ਵਿੱਚ ਦੋ ਦਿਨ ਲਈ ਆਪਰੇਸ਼ਨ ਬੰਦ ਰਹੇ, ਜਿਸ ਨਾਲ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪਈ। ਆਪ੍ਰੇਸ਼ਨ ਥੀਏਟਰ ਵਿਚ ਉਦਘਾਟਨ ਤੋਂ ਪਹਿਲਾਂ ਹੀ ਅੱਗ ਲੱਗ ਜਾਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਿਹਾ ਹੈ। ਹਾਲਕਿ ਸਿਹਤ ਵਿਭਾਗ ਨੂੰ ਇਸ ਮਾਮਲੇ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਪਰ ਵਿਭਾਗ ਦੇ ਅਧਿਕਾਰੀ ਮਾਮਲੇ ਨੂੰ ਦਬਾਉਣ ’ਚ ਲੱਗੇ ਹੋਏ ਹਨ ਅਤੇ ਇਸ ਘਟਨਾ ਨੂੰ ਬਹੁਤੀ ਛੋਟ ਦੱਸਿਆ ਜਾ ਰਿਹਾ ਹੈ।