- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਦਘਾਟਨ ਤੋਂ ਕੇਵਲ 23 ਦਿਨਾਂ ਬਾਅਦ ਹੀ ਟੁੱਟਣ ਲੱਗੀ ਮੁਲਤਾਨੀਆ ਰੇਲਵੇ ਓਵਰਬ੍ਰਿਜ਼ ਦੀ ਸੜਕ

-ਨਿਰਮਾਣ ਦੀ ਗੁਣਵੱਤਾ ’ਤੇ ਉੱਠੇ ਸਵਾਲ, ਮੁੱਖ ਮੰਤਰੀ ਨੇ ਕੀਤਾ ਸੀ ਉਦਘਾਟਨ, ਜਲਦ ਪਹੁੰਚ ਕੇ ਲਵਾਂਗਾ ਜਾਇਜ਼ਾ : ਮੇਅਰ ਮਹਿਤਾ
ਕੈਪਸ਼ਨ: ਮੁਲਤਾਨੀਆਾ ਰੇਲ ਓਵਰਬ੍ਰਿਜ ’ਤੇ ਲਗਾਤਾਰ ਟੁੱਟ ਰਹੀ ਨਵੀਂ ਬਣੀ ਸੜਕ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ਨੂੰ ਸਾਲਾਂ ਤੋਂ ਚੱਲੀ ਆ ਰਹੀ ਰੇਲਵੇ ਫਾਟਕ ਦੀ ਸਮੱਸਿਆ ਅਤੇ ਟ੍ਰੈਫਿਕ ਜਾਮ ਤੋਂ ਨਿਜਾਤ ਦਿਵਾਉਣ ਲਈ ਬਣਾਇਆ ਗਿਆ ਮੁਲਤਾਨੀਆ ਰੇਲਵੇ ਓਵਰਬ੍ਰਿਜ਼ ਹੁਣ ਆਪਣੇ ਉਦਘਾਟਨ ਤੋਂ ਸਿਰਫ਼ 23 ਦਿਨਾਂ ਬਾਅਦ ਹੀ ਵਿਵਾਦਾਂ ਵਿੱਚ ਘਿਰ ਗਿਆ ਹੈ। 10 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਦਘਾਟਨ ਕੀਤੇ ਗਏ ਇਸ ਓਵਰਬ੍ਰਿਜ ਦੀ ਸੜਕ ਕਈ ਥਾਵਾਂ ਤੋਂ ਟੁੱਟਣ ਲੱਗ ਪਈ ਹੈ, ਜਿਸ ਕਾਰਨ ਨਿਰਮਾਣ ਦੀ ਗੁਣਵੱਤਾ ’ਤੇ ਗੰਭੀਰ ਸਵਾਲ ਖੜੇ ਹੋ ਗਏ ਹਨ। ਓਵਰਬ੍ਰਿਜ ਦੇ ਚਾਲੂ ਹੋਣ ਨਾਲ ਲਾਈਨਪਾਰ ਇਲਾਕੇ, ਜਨਤਾ ਨਗਰ, ਗੁਰੂ ਨਾਨਕਪੁਰਾ ਤੇ ਨੇੜਲੇ ਖੇਤਰਾਂ ਦੇ ਵਸਨੀਕਾਂ ਨੂੰ ਰੇਲਵੇ ਫਾਟਕ ’ਤੇ ਲੱਗਦੇ ਲੰਮੇ ਜਾਮ ਤੋਂ ਵੱਡੀ ਰਾਹਤ ਮਿਲੀ ਸੀ। ਇਹ ਪ੍ਰੋਜੈਕਟ ਲਗਭਗ 35 ਸਾਲ ਪੁਰਾਣੀ ਮੰਗ ਨੂੰ ਪੂਰਾ ਕਰਨ ਵਜੋਂ ਦੇਖਿਆ ਜਾ ਰਿਹਾ ਸੀ, ਪਰ ਇੰਨ੍ਹੇ ਘੱਟ ਸਮੇਂ ਵਿੱਚ ਹੀ ਸੜਕ ਦਾ ਉਖੜ ਜਾਣਾ ਲੋਕਾਂ ਦੀਆਂ ਆਸਾਂ ’ਤੇ ਪਾਣੀ ਫੇਰਦਾ ਨਜ਼ਰ ਆ ਰਿਹਾ ਹੈ।
ਸਥਾਨਕ ਲੋਕਾਂ ਤੇ ਵਾਹਨ ਚਾਲਕਾਂ ਨੇ ਕਿਹਾ ਕਿ ਓਵਰਬ੍ਰਿਜ ਦੀ ਸੜਕ ਦੀ ਉਪਰਲੀ ਪਰਤ ਕਈ ਥਾਵਾਂ ਤੋਂ ਉਖੜ ਚੁੱਕੀ ਹੈ। ਕੁਝ ਸਥਾਨਾਂ ’ਤੇ ਡੂੰਘੇ ਖੱਡੇ ਪੈ ਗਏ ਹਨ, ਜਦਕਿ ਕਈ ਜਗ੍ਹਾਂ ’ਤੇ ਦਰਾਰਾਂ ਸਾਫ਼ ਨਜ਼ਰ ਆ ਰਹੀਆਂ ਹਨ। ਭਾਰੀ ਵਾਹਨਾਂ ਦੀ ਲਗਾਤਾਰ ਆਵਾਜਾਈ ਕਾਰਨ ਸੜਕ ਦੀ ਹਾਲਤ ਹੋਰ ਵੀ ਖਰਾਬ ਹੁੰਦੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਨਵੀਂ ਬਣੀ ਸੜਕ ’ਤੇ ਵੀ ਗੱਡੀਆਂ ਚਲਾਉਂਦੇ ਸਮੇਂ ਖ਼ਤਰਾ ਮਹਿਸੂਸ ਹੁੰਦਾ ਹੈ, ਜਿਸ ਨਾਲ ਹਾਦਸਿਆਂ ਦੀ ਸੰਭਾਵਨਾ ਬਣੀ ਰਹਿੰਦੀ ਹੈ। ਜ਼ਿਕਰਯੋਗ ਹੈ ਕਿ ਮੁਲਤਾਨੀਆ ਰੇਲਵੇ ਓਵਰਬ੍ਰਿਜ ਦੇ ਨਿਰਮਾਣ ’ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ ਅਤੇ ਇਸਨੂੰ ਸ਼ਹਿਰ ਦੇ ਵਿਕਾਸ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸਦਾ ਉਦਘਾਟਨ ਕਰਦੇ ਸਮੇਂ ਇਸਨੂੰ ਬਠਿੰਡਾ ਵਾਸੀਆਂ ਲਈ ਵੱਡੀ ਸੌਗਾਤ ਦੱਸਿਆ ਸੀ। ਪਰ ਉਦਘਾਟਨ ਤੋਂ ਕੁਝ ਹੀ ਦਿਨਾਂ ਬਾਅਦ ਸੜਕ ਦਾ ਟੁੱਟਣਾ ਪ੍ਰਸ਼ਾਸਨ ਅਤੇ ਨਿਰਮਾਣ ਏਜੰਸੀ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਾ ਹੈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਓਵਰਬ੍ਰਿਜ਼ ਦੀ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਨਿਰਮਾਣ ਕੰਮ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਤੇ ਸੜਕ ਬਣਾਉਣ ਸਮੇਂ ਗੈਰ ਮਿਆਰੀ ਮਟੀਰੀਅਲ ਵਰਤਣ ਵਾਲੇ ਠੇਕੇਦਾਰਾਂ ਖਿਲਾਫ਼ ਕਾਰਵਾਈ ਕੀਤੀ ਜਾਵੇ।
ਲੋਕਾਂ ਦਾ ਕਹਿਣਾ ਹੈ ਕਿ ਜੇਕਰ ਲਾਪਰਵਾਹੀ ਸਾਬਤ ਹੁੰਦੀ ਹੈ ਤਾਂ ਜ਼ਿੰਮੇਵਾਰ ਏਜੰਸੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ। ਉਦਘਾਟਨ ਤੋਂ ਸਿਰਫ਼ 23 ਦਿਨ ਬਾਅਦ ਸੜਕ ਦੇ ਟੁੱਟਣ ਕਾਰਨ ਪੰਜਾਬ ਸਰਕਾਰ ਦੀ ਕਿਰਕਿਰੀ ਹੋ ਰਹੀ ਹੈ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਸਾਫ਼ ਤੌਰ ’ਤੇ ਕਹਿੰਦੇ ਆ ਰਹੇ ਹਨ ਕਿ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮਾਮਲੇ ’ਤੇ ਨਿਗਮ ਦੇ ਮੇਅਰ ਪਦਮਜੀਤ ਮਹਿਤਾ ਨੇ ਕਿਹਾ ਕਿ ਇਹ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਜਲਦੀ ਹੀ ਮੌਕੇ ’ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲੈਣਗੇ। ਮੇਅਰ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਜਾਂਚ ਦੌਰਾਨ ਨਿਰਮਾਣ ਕੰਮ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਏਜੰਸੀ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸ਼ਹਿਰਵਾਸੀਆਂ ਦੀ ਸੁਰੱਖਿਆ ਅਤੇ ਸੁਵਿਧਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।