- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਨਲਾਈਨ ਗੇਮਿੰਗ ਦੇ ਨਾਂ ’ਤੇ ਠੱਗੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਦੋ ਦੋਸ਼ੀ ਗ੍ਰਿਫ਼ਤਾਰ

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਆਨਲਾਈਨ ਗੇਮਿੰਗ ਦੇ ਨਾਂ ’ਤੇ ਲੋਕਾਂ ਨਾਲ ਠੱਗੀ ਕਰਨ ਵਾਲੇ ਇਕ ਗਿਰੋਹ ਦਾ ਬਠਿੰਡਾ ਪੁਲਿਸ ਵੱਲੋਂ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ ’ਚ ਦੋ ਵਪਾਰੀ ਵੀ ਸ਼ਾਮਲ ਦੱਸੇ ਜਾ ਰਹੇ ਹਨ। ਫਿਲਹਾਲ ਪੁਲਿਸ ਨੇ ਦੋ ਦੋਸ਼ੀਆਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਵੱਡੀ ਮਾਤਰਾ ’ਚ ਇਲੈਕਟ੍ਰਾਨਿਕ ਉਪਕਰਨ ਬਰਾਮਦ ਕੀਤੇ ਹਨ। ਥਾਣਾ ਕੋਤਵਾਲੀ ਬਠਿੰਡਾ ਦੇ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਅਨੁਸਾਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਹਿਰ ਵਿਚ ਇਕ ਗਿਰੋਹ ਸਰਗਰਮ ਹੈ, ਜੋ ਫਰਜ਼ੀ ਆਨਲਾਈਨ ਗੇਮਿੰਗ ਐਪ ਰਾਹੀਂ ਲੋਕਾਂ ਨੂੰ ਲਾਲਚ ਦੇ ਕੇ ਠੱਗੀ ਮਾਰ ਰਿਹਾ ਹੈ। ਸੂਚਨਾ ਅਨੁਸਾਰ ਗਿਰੋਹ ਦੇ ਕੁਝ ਮੈਂਬਰ ਬਠਿੰਡਾ ਦੇ ਇਕ ਹੋਟਲ ’ਚ ਰਹਿ ਕੇ ਇਸ ਗ਼ੈਰ-ਕਾਨੂੰਨੀ ਧੰਦੇ ਨੂੰ ਅੰਜਾਮ ਦੇ ਰਹੇ ਸਨ। ਪੁਲਿਸ ਨੇ ਵਿਸ਼ੇਸ਼ ਟੀਮ ਬਣਾਕੇ ਹੋਟਲ ਅਰਮਾਨ ’ਚ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਹੋਟਲ ਦੇ ਕਮਰਾ ਨੰਬਰ 107 ਤੋਂ ਜਸਬੀਰ ਸਿੰਘ ਵਾਸੀ ਖੈਰਥਲ (ਰਾਜਸਥਾਨ) ਤੇ ਯਹਿਆ ਖਾਨ ਵਾਸੀ ਜ਼ਿਲ੍ਹਾ ਮੇਵਾਤ (ਰਾਜਸਥਾਨ) ਨੂੰ ਗ੍ਰਿਫ਼ਤਾਰ ਕੀਤਾ। ਤਲਾਸ਼ੀ ਦੌਰਾਨ ਦੋਸ਼ੀਆਂ ਕੋਲੋਂ ਵੱਖ-ਵੱਖ ਕੰਪਨੀਆਂ ਦੇ 13 ਮੋਬਾਈਲ ਫ਼ੋਨ ਅਤੇ ਦੋ ਕਾਰਡ ਸਵਾਈਪ ਮਸ਼ੀਨਾਂ ਬਰਾਮਦ ਹੋਈਆਂ। ਪੁਲਿਸ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਉਹ ਰਾਜੂ ਉਰਫ਼ ਸਰਪੰਚ ਦੇ ਨਾਲ ਨਾਲ ਗੁਰੁਗ੍ਰਾਮ (ਹਰਿਆਣਾ) ਸਥਿਤ ਐਸਕੇ ਟੈਕਸਟਾਈਲ ਕੰਪਨੀ ਅਤੇ ਹਕਨ ਬਿਲਡਿੰਗ ਮਟੀਰੀਅਲ ਸਪਲਾਇਰ ਦੇ ਮਾਲਕਾਂ ਨਾਲ ਮਿਲ ਕੇ ਇਸ ਗੋਰਖਧੰਦੇ ਨੂੰ ਚਲਾ ਰਹੇ ਸਨ। ਦੋਸ਼ੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਕ ਫਰਜ਼ੀ ਆਨਲਾਈਨ ਗੇਮਿੰਗ ਐਪ ਤਿਆਰ ਕਰਵਾਈ ਗਈ ਸੀ, ਜਿਸ ਵਿਚ ਯੈਨੋ ਗੇਮ ਸਮੇਤ ਹੋਰ ਕਈ ਗੇਮਾਂ ਦੇ ਸਲਾਟ ਬਣਾਏ ਗਏ ਸਨ। ਗਿਰੋਹ ਦੀ ਕਾਰਗੁਜ਼ਾਰੀ ਅਨੁਸਾਰ, ਸ਼ੁਰੂ ਵਿਚ ਲੋਕਾਂ ਨੂੰ ਘੱਟ ਰਕਮ ਲਗਵਾ ਕੇ ਆਟੋ ਮੋਡ ਰਾਹੀਂ ਜਾਣ-ਬੁੱਝ ਕੇ ਜਤਾਇਆ ਜਾਂਦਾ ਸੀ, ਤਾਂ ਜੋ ਉਨ੍ਹਾਂ ਦਾ ਭਰੋਸਾ ਜਿੱਤਿਆ ਜਾ ਸਕੇ। ਬਾਅਦ ਵਿਚ ਜਦੋਂ ਖਿਡਾਰੀ ਵੱਧ ਰਕਮ ਲਗਾਉਣ ਲੱਗ ਪੈਂਦੇ ਸਨ, ਤਾਂ ਕੰਪਿਊਟਰ ਸੈਟਿੰਗ ਬਦਲ ਕੇ ਉਨ੍ਹਾਂ ਨੂੰ ਲਗਾਤਾਰ ਹਰਾਇਆ ਜਾਂਦਾ ਸੀ ਤੇ ਸਾਰੀ ਰਕਮ ਹੜਪ ਲਈ ਜਾਂਦੀ ਸੀ। ਦੋਸ਼ੀਆਂ ਨੇ ਇਹ ਵੀ ਮੰਨਿਆ ਕਿ ਠੱਗੀ ਦੀ ਰਕਮ ਨੂੰ ਲੁਕਾਉਣ ਲਈ ਵੱਖ-ਵੱਖ ਲੋਕਾਂ ਦੇ ਨਾਂ ’ਤੇ ਬੈਂਕ ਖਾਤੇ ਖੁੱਲ੍ਹਵਾਏ ਗਏ ਸਨ। ਇਨ੍ਹਾਂ ਖਾਤਿਆਂ ਵਿਚ ਪੈਸੇ ਪਾ ਕੇ ਬਾਅਦ ਵਿੱਚ ਕੱਢ ਲਏ ਜਾਂਦੇ ਸਨ। ਸਾਈਬਰ ਸੈੱਲ ਤੋਂ ਬਚਣ ਲਈ ਫ਼ਰਜ਼ੀ ਐਪ ਦਾ ਆਈਪੀ ਐਡਰੈੱਸ ਵਿਦੇਸ਼ ਦਾ ਰੱਖਿਆ ਜਾਂਦਾ ਸੀ। ਵੱਡੀ ਰਕਮ ਦੀ ਠੱਗੀ ਤੋਂ ਬਾਅਦ ਐਪ ਨੂੰ ਬੰਦ ਕਰਕੇ ਨਵੀਂ ਐਪ ਲਾਂਚ ਕਰ ਦਿੱਤੀ ਜਾਂਦੀ ਸੀ। ਪੁਲਿਸ ਮੁਤਾਬਕ ਇਸ ਗਿਰੋਹ ਵੱਲੋਂ ਸੈਂਕੜਿਆਂ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਹੈ ਤੇ ਠੱਗੀ ਦੀ ਰਕਮ ਕਰੋੜਾਂ ਰੁਪਏ ਤੱਕ ਪੁੱਜਣ ਦੀ ਸੰਭਾਵਨਾ ਹੈ। ਗ੍ਰਿਫ਼ਤਾਰ ਦੋਸ਼ੀਆਂ ਨੂੰ ਰਿਮਾਂਡ ’ਤੇ ਲੈ ਕੇ ਪੁਲਿਸ ਹੋਰ ਦੋਸ਼ੀਆਂ ਤੇ ਪੂਰੇ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਪੁਲਿਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਆਨਲਾਈਨ ਗੇਮਿੰਗ ਐਪ ਰਾਹੀਂ ਵੱਧ ਪੈਸਾ ਕਮਾਉਣ ਦੇ ਲਾਲਚ ਵਿੱਚ ਨਾ ਆਉਣ। ਜ਼ਿਆਦਾਤਰ ਮਾਮਲਿਆਂ ਵਿਚ ਅਜਿਹੀਆਂ ਐਪਸ ਪੂਰੀ ਤਰ੍ਹਾਂ ਫਰਜ਼ੀ ਹੁੰਦੀਆਂ ਹਨ ਤੇ ਗੇਮ ਦਾ ਨਿਯੰਤਰਣ ਐਪ ਚਲਾਉਣ ਵਾਲਿਆਂ ਦੇ ਹੱਥ ਵਿਚ ਹੁੰਦਾ ਹੈ। ਇੰਟਰਨੈੱਟ ਮੀਡੀਆ ’ਤੇ ਆ ਰਹੇ ਗੇਮਿੰਗ ਇਸ਼ਤਿਹਾਰਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ, ਕਿਉਂਕਿ ਇਹ ਮਨੋਰੰਜਨ ਨਹੀਂ ਸਗੋਂ ਠੱਗੀ ਦਾ ਜਾਲ ਵੀ ਹੋ ਸਕਦੇ ਹਨ।