ਤਲਵੰਡੀ ਸਾਬੋ ਵਿਖੇ ਨੌਜਵਾਨ ਦੀ ਚਿੱਟੇ ਨਾਲ ਮੌਤ
ਤਲਵੰਡੀ ਸਾਬੋ ਖੇਤਰ ’ਚ ਨੌਜਵਾਨ ਦੀ ਚਿੱਟੇ ਨਾਲ ਮੌਤ
Publish Date: Fri, 20 Feb 2026 05:47 PM (IST)
Updated Date: Sat, 21 Feb 2026 04:07 AM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਤਲਵੰਡੀ ਸਾਬੋ ਇਲਾਕੇ ’ਚ ਚਿੱਟੇ ਦਾ ਟੀਕਾ ਲਾਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਮਾਤਾ ਸੁਖਪਾਲ ਕੌਰ ਦੇ ਦੱਸਣ ਅਨੁਸਾਰ 28 ਸਾਲਾ ਗੁਰਸੇਵਕ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਉਸਦੀ ਲਾਸ਼ ਤਲਵੰਡੀ ਸਾਬੋ ਦੀ ਦਾੇਣਾ ਮੰਡੀ ਵਿੱਚੋਂ ਮਿਲੀ ਹੈ। ਨੌਜਵਾਨ ਦੀ ਚਿੱਟੇ ਕਾਰਨ ਹੋਈ ਮੌਤ ਬਾਅਦ ਹਲਕਾ ਤਲਵੰਡੀ ਸਾਬੋ ਤੋਂ ਖੁਸ਼ਬਾਜ਼ ਸਿੰਘ ਜਟਾਣਾ ਨੇ ਪਿੰਡ ਸ਼ੇਖਪੁਰਾ ਪਹੁੰਚ ਕੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਤੇ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ’ਤੇ ਵੀ ਸਵਾਲ ਚੁੱਕੇ ਹਨ। ਸਾਰੇ ਜਾਣਦੇ ਹਨ ਕਿ ਗੁਰਸੇਵਕ ਸਿੰਘ ਚਿੱਟਾ ਲਾਉਂਦਾ ਸੀ। ਪਰ ਪੁਲਿਸ ਨੇ ਪੋਸਟਮਾਰਟਮ ਨਹੀਂ ਕਰਵਾਇਆ ਤੇ ਪਰਿਵਾਰ ਤੋਂ ਐਫੀਡੇਵਿਟ ਲੈ ਲਿਆ ਕਿ ਨੌਜਵਾਨ ਦੀ ਐਕਸੀਡੈਂਟਲ ਮੌਤ ਹੈ, ਜਦੋਂ ਕਿ ਨੌਜਵਾਨ ਦੀ ਲਾਸ਼ ਨੇੜਿਓ ਸਰਿੰਜ ਵੀ ਮਿਲੀ ਹੈ। ਜਟਾਣਾ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਨੇ ਉਨ੍ਹਾਂ ਕੋਲ ਖੁਲਾਸਾ ਕੀਤਾ ਹੈ ਕਿ ਚਾਰ ਦਰਜ਼ਨ ਨੌਜਵਾਨ ਚਿੱਟਾ ਵਰਤਦੇ ਹਨ। ਉਨ੍ਹਾਂ ਪੁਲਿਸ ’ਤੇ ਚਿੱਟੇ ਨਾਲ ਹੋਈ ਇਸ ਮੌਤ ਨੂੰ ਲੁਕਾਉਣ ਦੇ ਦੋਸ਼ ਵੀ ਲਗਾਏ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਦੀ ਬਜਾਏ ਇਸ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ਼ ਮੁਹਿੰਮ ਸਿਰਫ਼ ਕਾਗਜਾਂ ਵਿਚ ਹੀ ਚੱਲ ਰਹੀ ਹੈ ਜਦੋਂਕਿ ਹਰ ਰੋਜ਼ ਚਿੱਟੇ ਨਾਲ ਨੌਜਵਾਨ ਮਰ ਰਹੇ ਹਨ। ਜਟਾਣਾ ਨੇ ਕਿਹਾ ਕਿ ਸਰਕਾਰ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਦੇ ਝੂਠੇ ਦਾਅਵੇ ਕਰ ਰਹੀ ਹੈ।