- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਕ ਹਫ਼ਤੇ ਵਿੱਚ ਚੋਰੀ ਤੇ ਝਪਟਮਾਰੀ ਦੀਆਂ ਦਰਜਨ ਭਰ ਵਾਰਦਾਤਾਂ, ਹੁਣ ਤਕ ਬਹੁਤੀਆਂ ਘਟਨਾਵਾਂ ਦੇ ਦੋਸ਼ੀ ਤਕ ਨਹੀਂ ਪਹੁੰਚ ਸਕੀ ਪੁਲਿਸ

-ਸ਼ਹਿਰ ’ਚ ਹੁਣ ਤਕ ਵਾਪਰੀਆਂ ਅਪਰਾਧਕ ਘਟਨਾਵਾਂ ਦੇ ਦੋਸ਼ੀਆਂ ਤਕ ਨਹੀਂ ਪੁੱਜੀ ਪੁਲਿਸ
-ਤਸਵੀਰਾਂ)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਪੁਲਿਸ ਵੱਲੋਂ ਰਾਤ ਦੇ ਸਮੇਂ ਗਸ਼ਤ ਵਧਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਇਨ੍ਹਾਂ ਦਾਅਵਿਆਂ ਤੋਂ ਬਿਲਕੁਲ ਉਲਟ ਨਜ਼ਰ ਆ ਰਹੀ ਹੈ। ਸ਼ਹਿਰ ਅਤੇ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿਚ ਲਗਾਤਾਰ ਹੋ ਰਹੀਆਂ ਚੋਰੀਆਂ ਅਤੇ ਝਪਟਮਾਰੀ ਦੀਆਂ ਘਟਨਾਵਾਂ ਨੇ ਪੁਲਿਸ ਪ੍ਰਬੰਧ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਪਿਛਲੇ ਇਕ ਹਫ਼ਤੇ ਦੇ ਅੰਦਰ ਹੀ ਜ਼ਿਲ੍ਹੇ ਵਿੱਚ ਦਰਜਨ ਤੋਂ ਵੱਧ ਚੋਰੀ ਅਤੇ ਝਪਟਮਾਰੀ ਦੀਆਂ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇੰਨ੍ਹੀਆਂ ਘਟਨਾਵਾਂ ਦੇ ਬਾਵਜੂਦ ਪੁਲਿਸ ਹਾਲੇ ਤਕ ਕਿਸੇ ਵੀ ਮਾਮਲੇ ਵਿੱਚ ਦੋਸ਼ੀਆਂ ਤਕ ਨਹੀਂ ਪਹੁੰਚ ਸਕੀ। ਇਸ ਨਾਲ ਲੋਕਾਂ ਵਿੱਚ ਪੁਲਿਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਨਾਰਾਜ਼ਗੀ ਵਧਦੀ ਜਾ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸੱਚਮੁੱਚ ਰਾਤ ਦੇ ਸਮੇਂ ਪੁਲਿਸ ਦੀ ਗਸ਼ਤ ਪ੍ਰਭਾਵਸ਼ਾਲੀ ਹੁੰਦੀ ਤਾਂ ਅਪਰਾਧੀ ਇੰਨੇ ਬੇਖੌਫ਼ ਹੋ ਕੇ ਵਾਰਦਾਤਾਂ ਨੂੰ ਅੰਜਾਮ ਨਾ ਦੇ ਸਕਦੇ। ਲਗਾਤਾਰ ਵਧ ਰਹੀਆਂ ਘਟਨਾਵਾਂ ਤੋਂ ਸਾਫ਼ ਦਿਖਾਈ ਦੇ ਰਿਹਾ ਹੈ ਕਿ ਅਪਰਾਧੀਆਂ ਦੇ ਹੌਸਲੇ ਬੁਲੰਦ ਹਨ ਅਤੇ ਉਨ੍ਹਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ। ਲਗਾਤਾਰ ਵਧ ਰਹੀਆਂ ਅਪਰਾਧਿਕ ਵਾਰਦਾਤਾਂ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਹੈ।
-ਬਾਕਸ-
-ਘਟਨਾ ਨੰਬਰ 1. ਸ਼ਹਿਰ ਦੇ ਇਕ ਘਰੋਂ ਸੋਨੇ-ਚਾਂਦੀ ਦੇ ਗਹਿਣੇ ਹੋਏ ਚੋਰੀ
ਅਣਪਛਾਤੇ ਚੋਰਾਂ ਨੇ ਬਠਿੰਡਾ ਸ਼ਹਿਰ ਦੇ ਇਕ ਘਰ ਤੋਂ ਹਜ਼ਾਰਾਂ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਕੋਤਵਾਲੀ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਸੰਤੋਸ਼ ਰਾਣੀ ਨਿਵਾਸੀ ਗੁਰਮੁਖ ਸਾਈਕਲ ਵਾਲੀ ਗਲੀ, ਪੁਰਾਣਾ ਥਾਣਾ ਨੇੜੇ, ਮੁਹੱਲਾ ਖਟੀਕਾਂ ਵਾਲਾ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦੀ ਹੈ ਅਤੇ ਅਕਸਰ ਕੰਮ ਕਾਰਨ ਘਰ ਤੋਂ ਬਾਹਰ ਰਹਿੰਦੀ ਹੈ। ਇਸ ਦੌਰਾਨ ਇਕ ਅਣਪਛਾਤਾ ਵਿਅਕਤੀ ਉਸਦੇ ਘਰ ਵਿੱਚ ਦਾਖਲ ਹੋ ਗਿਆ ਅਤੇ ਦੋ ਚਾਂਦੀ ਦੀਆਂ ਪਾਜੇਬਾਂ, ਚਾਂਦੀ ਦੇ ਕੜੇ ਅਤੇ ਸੋਨੇ ਦੀਆਂ ਬਾਲੀਆਂ ਚੋਰੀ ਕਰਕੇ ਲੈ ਗਿਆ। ਇਹ ਘਟਨਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ। ਫੁਟੇਜ ਵਿੱਚ ਇਕ ਵਿਅਕਤੀ ਟੋਪੀ ਅਤੇ ਮਾਸਕ ਪਹਿਨ ਕੇ ਘਰ ਵਿੱਚ ਦਾਖਲ ਹੁੰਦਾ ਦਿਖਾਈ ਦੇ ਰਿਹਾ ਹੈ। ਕੋਤਵਾਲੀ ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
-ਬਾਕਸ-
-ਘਟਨਾ ਨੰਬਰ 2. ਘਰ ਦੇ ਬਾਹਰੋਂ ਮੋਟਰਸਾਈਕਲ ਚੋਰੀ
ਸ਼ਹਿਰ ਦੇ ਗੁਰੂ ਨਾਨਕ ਪੁਰਾ ਮੁਹੱਲੇ ਵਿਚ ਇਕ ਘਰ ਦੇ ਬਾਹਰੋਂ ਅਣਪਛਾਤੇ ਚੋਰਾਂ ਨੇ ਇਕ ਮੋਟਰਸਾਈਕਲ ਚੋਰੀ ਕਰ ਲਿਆ। ਥਾਣਾ ਕੋਤਵਾਲੀ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਰਮਜੀਤ ਸਿੰਘ ਨੇ ਦੱਸਿਆ ਕਿ 3 ਮਾਰਚ ਦੀ ਰਾਤ ਨੂੰ ਕੋਈ ਅਣਪਛਾਤਾ ਵਿਅਕਤੀ ਉਸਦੇ ਘਰ ਦੇ ਬਾਹਰੋਂ ਉਸਦਾ ਮੋਟਰਸਾਈਕਲ ਨੰਬਰ ਪੀਬੀ-03ਏਐਕਸ-9098 ਚੋਰੀ ਕਰਕੇ ਲੈ ਗਿਆ।
-ਬਾਕਸ-
-ਘਟਨਾ ਨੰਬਰ 3. ਘਰ ਦੇ ਬਾਹਰੋਂ ਆਟੋ ਰਿਕਸ਼ਾ ਚੋਰੀ
ਮਾਡਲ ਟਾਊਨ ਇਲਾਕੇ ਵਿੱਚ ਇਕ ਘਰ ਦੇ ਬਾਹਰੋਂ ਆਟੋ ਰਿਕਸ਼ਾ ਵੀ ਚੋਰੀ ਹੋ ਗਿਆ। ਥਾਣਾ ਸਿਵਲ ਲਾਈਨ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਟੋ ਰਿਕਸ਼ਾ ਚਲਾਉਂਦਾ ਹੈ। 7 ਮਾਰਚ ਦੀ ਰਾਤ ਨੂੰ ਕੋਈ ਅਣਪਛਾਤਾ ਵਿਅਕਤੀ ਉਸਦੇ ਘਰ ਦੇ ਬਾਹਰ ਖੜ੍ਹਾ ਉਸਦਾ ਆਟੋ ਰਿਕਸ਼ਾ ਨੰਬਰ ਪੀਬੀ-03ਬੀਕੇ-3948 ਚੋਰੀ ਕਰਕੇ ਲੈ ਗਿਆ।
-ਬਾਕਸ-
ਘਟਨਾ ਨੰਬਰ 4. ਕੋਰਟ ਕੰਪਲੈਕਸ ਦੇ ਬਾਹਰੋਂ ਮੋਟਰਸਾਈਕਲ ਚੋਰੀ
ਤਲਵੰਡੀ ਸਾਬੋ ਸਥਿਤ ਕੋਰਟ ਕੰਪਲੈਕਸ ਦੇ ਬਾਹਰੋਂ ਵੀ ਇਕ ਮੋਟਰਸਾਈਕਲ ਚੋਰੀ ਹੋ ਗਿਆ। ਥਾਣਾ ਤਲਵੰਡੀ ਸਾਬੋ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਕ੍ਰਿਸ਼ਨਾ ਲਾਲ ਨਿਵਾਸੀ ਡੱਬਵਾਲੀ (ਜ਼ਿਲ੍ਹਾ ਸਿਰਸਾ) ਨੇ ਦੱਸਿਆ ਕਿ 7 ਮਾਰਚ ਨੂੰ ਕੋਈ ਅਣਪਛਾਤਾ ਵਿਅਕਤੀ ਉਸਦਾ ਮੋਟਰਸਾਈਕਲ ਨੰਬਰ ਐਚਆਰ-25ਐਚ-0105 ਕੋਰਟ ਕੰਪਲੈਕਸ ਦੇ ਬਾਹਰੋਂ ਚੋਰੀ ਕਰਕੇ ਲੈ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬਾਕਸ
ਘਟਨਾ ਨੰਬਰ 5
ਪ੍ਰਬੰਧਕੀ ਕੰਪਲੈਕਸ ਨੇੜਿਓ ਤੋਂ ਮੋਟਰਸਾਈਕਲ ਤੇ ਗਣੇਸ਼ਾ ਬਸਤੀ ਤੋਂ ਈ-ਰਿਕਸ਼ਾ ਚੋਰੀ
ਮਿ਼ੰਨ੍ਹੀ ਸਕੱਰਤੇਰ ਰੋਡ ਤੋਂ ਚੋਰਾਂ ਨੇ ਇਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਕਰ ਲਿਆ। ਪੀੜਤ ਲਲਿਤ ਮੋਹਨ ਨੇ ਦੱਸਿਆ ਕਿ 3 ਮਾਰਚ ਨੂੰ ਉਸਨੇ ਆਪਣਾ ਮੋਟਰਸਾਈਕਲ ਨੰਬਰ ਪੀਬੀ-03ਏਐਕਸ-0510 ਮਿੰਨੀ ਸਕੱਤਰੇਤ ਰੋਡ ’ਤੇ ਖੜ੍ਹਾ ਕੀਤਾ ਸੀ, ਜਿਸਨੂੰ ਤਿੰਨ ਨੌਜਵਾਨ ਚੋਰੀ ਕਰਕੇ ਲੈ ਗਏ। ਇਹ ਵਾਰਦਾਤ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸੇ ਤਰ੍ਹਾਂ ਗਣੇਸ਼ਾ ਬਸਤੀ ਦੀ ਗਲੀ ਨੰਬਰ 8 ਤੋਂ ਇਕ ਈ-ਰਿਕਸ਼ਾ ਵੀ ਚੋਰੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਅਣਪਛਾਤਾ ਵਿਅਕਤੀ ਉੱਥੇ ਪਹੁੰਚਿਆ ਅਤੇ ਮੌਕਾ ਵੇਖ ਕੇ ਈ-ਰਿਕਸ਼ਾ ਲੈ ਕੇ ਫਰਾਰ ਹੋ ਗਿਆ। ਇਹ ਘਟਨਾ ਵੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ।
ਬਾਕਸ
ਘਟਨਾ ਨੰਬਰ 6
ਸਫ਼ੇਦੇ ਦੇ 22 ਦਰੱਖਤ ਚੋਰੀ, ਘਰ ’ਚ ਕਣਕ ਤੇ ਨਗਦੀ ਵੀ ਚੋਰੀ
ਥਾਣਾ ਤਲਵੰਡੀ ਸਾਬੋ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਲਛਮਣ ਸਿੰਘ ਨਿਵਾਸੀ ਪਿੰਡ ਮਾੜੀ ਨੇ ਦੱਸਿਆ ਕਿ 3 ਮਾਰਚ ਨੂੰ ਉਸਦੇ ਤਲਵੰਡੀ ਸਾਬੋ ਸਥਿਤ ਪਲਾਟ ਵਿੱਚੋਂ ਅਣਪਛਾਤੇ ਵਿਅਕਤੀ ਸਫ਼ੇਦੇ ਦੇ 22 ਦਰੱਖਤ ਚੋਰੀ ਕਰਕੇ ਲੈ ਗਏ ਅਤੇ ਪਲਾਟ ਦੀਆਂ ਕੰਧਾਂ ਵੀ ਤੋੜ ਦਿੱਤੀਆਂ। ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਇਸ ਤੋਂ ਇਲਾਵਾ ਥਾਣਾ ਫੂਲ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਸਰਬਜੀਤ ਕੌਰ ਨਿਵਾਸੀ ਬੁਰਜ ਗਿੱਲ ਨੇ ਦੱਸਿਆ ਕਿ ਧਰਮਪ੍ਰੀਤ ਸਿੰਘ ਉਸਦੇ ਘਰ ਵਿੱਚ ਦਾਖਲ ਹੋਇਆ ਅਤੇ ਘਰ ਵਿੱਚ ਰੱਖੇ 35 ਕਿਲੋ ਗੇਂਹੂ ਅਤੇ 4500 ਰੁਪਏ ਨਕਦ ਚੋਰੀ ਕਰਕੇ ਲੈ ਗਿਆ।
ਬਾਕਸ
ਘਟਨਾ ਨੰਬਰ 7
ਕੰਨ ਦੀ ਬਾਲੀ ਝਪਟੀ
ਰਾਮਪੁਰਾ ਦੇ ਰੇਲਵੇ ਸਟੇਸ਼ਨ ਨੇੜੇ ਇਕ ਔਰਤ ਦੇ ਕੰਨ ਵਿਚ ਪਾਈ ਸੋਨੇ ਦੀ ਬਾਲੀ ਝਪਟਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਸਿਟੀ ਰਾਮਪੁਰਾ ਨੂੰ ਦਿੱਤੇ ਬਿਆਨ ਵਿੱਚ ਸਰਬਜੀਤ ਕੌਰ ਨਿਵਾਸੀ ਕਰਾੜਵਾਲਾ ਨੇ ਦੱਸਿਆ ਕਿ ਉਹ ਪੈਦਲ ਮਾਲ ਰੋਡ ਵੱਲ ਜਾ ਰਹੀ ਸੀ। ਜਦੋਂ ਉਹ ਰੇਲਵੇ ਸਟੇਸ਼ਨ ਦੇ ਨੇੜੇ ਪਹੁੰਚੀ ਤਾਂ ਪਰਵਿੰਦਰ ਕੁਮਾਰ ਨਿਵਾਸੀ ਰਾਮਪੁਰਾ ਮੰਡੀ ਨੇ ਉਸਦੇ ਕਾਨ ਵਿੱਚ ਪਾਈ ਸੋਨੇ ਦੀ ਬਾਲੀ ਝਪਟ ਲਈ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।
-ਬਾਕਸ-
ਘਟਨਾ ਨੰਬਰ 8. ਮੋਟਰਸਾਈਕਲ ਚੋਰੀ ਕਰ ਵੇਚਣ ਵਾਲੇ ਦੋ ਕਾਬੂ
ਪੁਲਿਸ ਨੇ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਵਾਲੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਦਰ ਰਾਮਪੁਰਾ ਦੇ ਹਵਾਲਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਜੇਠੂਕੇ ਦਾ ਗੁਰਪ੍ਰੀਤ ਸਿੰਘ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਦਾ ਹੈ। ਸੂਚਨਾ ਦੇ ਆਧਾਰ ’ਤੇ ਪੁਲਿਸ ਟੀਮ ਨੇ ਛਾਪੇਮਾਰੀ ਕਰਕੇ ਉਸਨੂੰ ਇੱਕ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰ ਲਿਆ। ਇਸੇ ਤਰ੍ਹਾਂ ਥਾਣਾ ਕੋਤਵਾਲੀ ਪੁਲਿਸ ਨੇ ਵੀ ਚਰਨਜੀਤ ਸਿੰਘ ਨਾਮਕ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਨੰਬਰ ਪੀਬੀ-03ਏ-7416 ਸਮੇਤ ਹਾਜੀਰਤਨ ਚੌਕ ਤੋਂ ਗ੍ਰਿਫ਼ਤਾਰ ਕੀਤਾ।
-ਬਾਕਸ-
ਘਟਨਾ ਨੰਬਰ 9. -ਚੋਰੀ ਦੀ ਕਾਰ ਸਮੇਤ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
ਥਾਣਾ ਫੂਲ ਦੀ ਪੁਲਿਸ ਨੇ ਪਟਿਆਲਾ ਤੋਂ ਚੋਰੀ ਹੋਈ ਕਾਰ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਫੂਲ ਦੇ ਐਸਐਚਓ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਵਾਇਰਲੈਸ ਸੂਚਨਾ ਮਿਲੀ ਸੀ ਕਿ ਪਟਿਆਲਾ ਤੋਂ ਕਾਰ ਨੰਬਰ ਸੀਐਚ-04ਐਫ਼-0066 ਚੋਰੀ ਹੋ ਗਈ ਹੈ। ਪਤਾ ਲੱਗਾ ਸੀ ਕਿ ਇਹ ਕਾਰ ਬਠਿੰਡਾ ਜ਼ਿਲ੍ਹੇ ਵੱਲ ਆ ਰਹੀ ਹੈ। ਇਸ ਤੋਂ ਬਾਅਦ ਪੁਲਿਸ ਨੇ ਚੌਕਸੀ ਵਧਾ ਦਿੱਤੀ। ਗਸ਼ਤ ਦੌਰਾਨ ਪਿੰਡ ਰਾਈਆਂ ਨੇੜੇ ਪੁਲਿਸ ਨੇ ਗੱਡੀ ਸਮੇਤ ਦੋਸ਼ੀ ਬਲਵੀਰ ਸਿੰਘ ਨਿਵਾਸੀ ਪੱਤੀ ਸੰਦਲੀ ਮਹਿਰਾਜ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਦੋਸ਼ੀ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।