ਵਾਰਦਾਤ ਦੀ ਫਿਰਾਕ 'ਚ ਘੁੰਮ ਰਿਹਾ ਮੁਲਜ਼ਮ ਹਥਿਆਰਾਂ ਸਣੇ ਕਾਬੂ
ਵਾਰਦਾਤ ਦੀ ਫਿਰਾਕ 'ਚ ਘੁੰਮ ਰਿਹਾ ਮੁਲਜ਼ਮ ਹਥਿਆਰਾਂ ਸਮੇਤ ਕਾਬੂ
Publish Date: Mon, 02 Feb 2026 05:12 PM (IST)
Updated Date: Tue, 03 Feb 2026 04:08 AM (IST)

ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਘੁੰਮ ਰਹੇ ਇੱਕ ਮੁਲਜ਼ਮ ਨੂੰ ਬਠਿੰਡਾ ਪੁਲਿਸ ਨੇ ਨਾਜਾਇਜ਼ ਅਸਲੇ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਕਥਿਤ ਦੋਸ਼ੀ ਕੋਲੋਂ 32 ਬੋਰ ਦਾ ਦੇਸੀ ਪਿਸਤੌਲ ਤੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮੁਲਜਮ ਖਿਲਾਫ ਥਾਣਾ ਸੰਗਤ ਵਿਖੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਵੇਰਵੇ ਦਿੰਦਿਆਂ ਡੀਐੱਸਪੀ ਸੰਦੀਪ ਭਾਟੀ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਗੈਂਗਸਟਰਾਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਐੱਸਐੱਸਪੀ ਜਯੋਤੀ ਯਾਦਵ ਦੀ ਅਗਵਾਈ ਹੇਠ ਤੇ ਐੱਸਪੀਡੀ ਜਸਮੀਤ ਸਿੰਘ ਸਾਹੀਵਾਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੀਆਈਏ ਸਟਾਫ਼-1 ਦੇ ਏਐੱਸਆਈ ਗੁਰਪ੍ਰੀਤ ਸਿੰਘ ਦੀ ਟੀਮ ਰੋਜਾਨਾਂ ਦੀ ਗਸ਼ਤ ਦੌਰਾਨ ਜਦ ਸੰਗਤ ਕਲਾਂ ਪੈਟਰੋਲ ਪੰਪ ਦੇ ਕੋਲ ਪਹੁੰਚੀ ਤਾਂ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 32 ਬੋਰ ਦੇ ਦੋ ਪਿਸਤੌਲ, ਦੋ ਮੈਗਜ਼ੀਨ, ਦੋ ਰੌਂਦ ਬਰਾਮਦ ਕੀਤੇ ਗਏ। ਡੀਐਸਪੀ ਅਨੁਸਾਰ ਕਥਿਤ ਦੋਸ਼ੀ ਦੀ ਪਛਾਣ ਆਕਾਸ਼ ਵਾਸੀ ਪਿੰਡ ਸੰਗਤ ਕਲਾਂ ਵਜੋਂ ਹੋਈ ਹੈ। ਮੁਲਜ਼ਮ ਨੂੰ ਮੌਕੇ ’ਤੇ ਹੀ ਗ੍ਰਿਫਤਾਰ ਕਰ ਕੇ ਥਾਣਾ ਸੰਗਤ ਵਿਖੇ ਅਸਲਾ ਐਕਟ ਅਧੀਨ ਕੇਸ ਦਰਜ ਕੀਤਾ ਹੈ। ਡੀਐੱਸਪੀ ਨੇ ਦੱਸਿਆ ਕਿ ਮੁੱਢਲੀ ਪੜਤਾਲ ’ਚ ਸਾਹਮਣੇ ਆਇਆ ਕਥਿਤ ਦੋਸ਼ੀ ਦੇ ਖਿਲਾਫ ਇਸ ਤੋਂ ਪਹਿਲਾਂ ਵੀ ਲੜਾਈ ਝਗੜੇ ਦਾ ਮਾਮਲਾ ਦਰਜ ਹੈ, ਜਿਸ ’ਤੇ ਉਹ ਜ਼ਮਾਨਤ ’ਤੇ ਜੇਲ੍ਹ ਵਿੱਚੋਂ ਬਾਹਰ ਆਇਆ ਹੋਇਆ ਹੈ। ਡੀਐੱਸਪੀ ਨੇ ਦੱਸਿਆ ਕਿ ਕਥਿਤ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਉਹ ਇਸ ਨਾਜਾਇਜ਼ ਅਸਲੇ ਨਾਲ ਹੋਰ ਵਾਰਦਾਤਾਂ ਵੀ ਕਰ ਚੁੱਕਾ ਅਤੇ ਉਸ ਨੇ ਹੁਣ ਇਸ ਅਸਲੇ ਦੀ ਵਰਤੋਂ ਕਿੱਥੇ ਕਰਨੀ ਸੀ?। ਉਹ ਅਸਲਾ ਕਿੱਥੋਂ ਖਰੀਦ ਕੇ ਲੈ ਕੇ ਆਇਆ ਸੀ ਤੇ ਉਸ ਨਾਲ ਹੋਰ ਕਿੰਨੇ ਵਿਅਕਤੀ ਇਸ ਮਾਮਲੇ ਵਿੱਚ ਸ਼ਾਮਲ ਹਨ।