ਭਗੌੜਾ 30 ਬੋਰ ਪਿਸਤੌਲ ਸਣੇ ਕਾਬੂ
ਭਗੌੜਾ ਮੁਲਜ਼ਮ 30 ਬੋਰ ਪਿਸਤੌਲ ਸਮੇਤ ਗ੍ਰਿਫ਼ਤਾਰ
Publish Date: Fri, 06 Mar 2026 05:30 PM (IST)
Updated Date: Sat, 07 Mar 2026 04:06 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਥਾਣਾ ਸੰਗਤ ਪੁਲਿਸ ਅਤੇ ਏਜੀਟੀਐਫ ਦੀ ਸਾਂਝੀ ਟੀਮ ਨੇ ਕਾਰਵਾਈ ਕਰਦੇ ਹੋਏ ਇਕ ਭਗੌੜੇ ਮੁਲਜ਼ਮ ਨੂੰ ਗੈਰਕਾਨੂੰਨੀ ਹਥਿਆਰ ਸਮੇਤ ਕਾਬੂ ਕੀਤਾ ਹੈ। ਥਾਣਾ ਸੰਗਤ ਦੇ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਬਰਾਡ਼ ਨੇ ਦੱਸਿਆ ਕਿ ਐੱਸਐੱਸਪੀ ਬਠਿੰਡਾ ਦੇ ਹੁਕਮਾਂ ਅਨੁਸਾਰ ਨਸ਼ੇ ਖ਼ਿਲਾਫ਼ ਖਾਸ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ 4 ਮਾਰਚ 2026 ਨੂੰ ਸਬ-ਇੰਸਪੈਕਟਰ ਪਰਵਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਥਾਣਾ ਸੰਗਤ ਇਲਾਕੇ ਵਿੱਚ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਜੱਸੀ ਬਾਗਵਾਲੀ ਇਲਾਕੇ ’ਚ ਨਾਕੇਬੰਦੀ ਕੀਤੀ ਗਈ ਸੀ। ਇਸ ਦੌਰਾਨ ਸੀਨੀਅਰ ਸਿਪਾਹੀ ਰਾਜਿੰਦਰ ਸਿੰਘ ਨੇ ਸੂਚਨਾ ਮਿਲੀ ਕਿ ਥਾਣਾ ਕੈਂਟ ਵਿੱਚ ਦਰਜ ਇਕ ਮਾਮਲੇ ਵਿੱਚ ਭਗੌੜਾ ਚੱਲ ਰਿਹਾ ਮੁਲਜ਼ਮ ਸੁਖਦੇਵ ਰਾਮ ਉਰਫ਼ ਸੈਹਬੀ ਪੁੱਤਰ ਨੈਬ ਰਾਮ ਵਾਸੀ ਰੁਲਦੂ ਸਿੰਘ ਵਾਲਾ, ਜੱਸੀ ਬਾਗਵਾਲੀ ਦੇ ਰਸਤੇ ਪੱਕਾ ਕਲਾ ਵੱਲ ਆ ਰਿਹਾ ਹੈ। ਸੂਚਨਾ ਦੇ ਆਧਾਰ ’ਤੇ ਪੁਲਿਸ ਟੀਮ ਨੇ ਜੱਸੀ ਬਾਗਵਾਲੀ ਤੋਂ ਪੱਕਾ ਕਲਾ ਲਿੰਕ ਰੋਡ ’ਤੇ ਪੁਲ ਹੇਠਾਂ ਨਾਕਾਬੰਦੀ ਕਰ ਲਈ। ਕੁਝ ਸਮੇਂ ਬਾਅਦ ਇਕ ਨੌਜਵਾਨ ਪੱਕੀ ਥੜੀ ’ਤੇ ਗੱਡੀ ਦੀ ਲਾਈਟ ਜਲਾ ਕੇ ਬੈਠਿਆ ਦਿਸਿਆ। ਪੁਲਿਸ ਟੀਮ ਨੂੰ ਦੇਖ ਕੇ ਉਹ ਘਬਰਾ ਗਿਆ। ਸ਼ੱਕ ਦੇ ਆਧਾਰ ’ਤੇ ਉਸਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਨਾਮ ਸੁਖਦੇਵ ਰਾਮ ਉਰਫ਼ ਸੈਹਬੀ ਦੱਸਿਆ। ਤਲਾਸ਼ੀ ਦੌਰਾਨ ਮੁਲਜ਼ਮ ਕੋਲੋਂ ਇਕ .30 ਬੋਰ ਪਿਸਤੌਲ ਅਤੇ 3 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਪੁਲਿਸ ਨੇ ਮੁਲਜ਼ਮ ਦੇ ਖ਼ਿਲਾਫ਼ ਥਾਣਾ ਸੰਗਤ ਵਿੱਚ ਮੁਕੱਦਮਾ ਨੰਬਰ 46, ਮਿਤੀ 04.03.2026 ਅਧੀਨ ਆਰਮਜ਼ ਐਕਟ ਦੀਆਂ ਧਾਰਾਵਾਂ 25, 54 ਅਤੇ 59 ਤਹਿਤ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਸਦੇ ਅਪਰਾਧਿਕ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ।