- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੜਕ ਹਾਦਸੇ ‘ਚ ਔਰਤ ਦੀ ਮੌਤ ਦਾ ਮਾਮਲਾ, ਮੁਲਜ਼ਮ ਖਿਲਾਫ਼ ਕੇਸ ਦਰਜ ਕਰਨ ਬਾਅਦ ਧਰਨਾ ਚੁੱਕਿਆ

-ਹਾਦਸੇ ’ਚ ਔਰਤ ਦੀ ਮੌਤ ਦਾ ਮਾਮਲਾ, ਧਰਨੇ ਕਾਰਨ ਘੰਟਿਆਂਬੱਧੀ ਲੱਗੇ ਜਾਮ ਤੋਂ ਯਾਤਰੀ ਰਹੇ ਪਰੇਸ਼ਾਨ
8) ਮਾਮਲੇ ਸਬੰਧੀ ਜਾਣਕਾਰੀ ਦੇਣ ਸਮੇਂ ਪਿੰਡ ਭੁੱਚੋ ਖੁਰਦ ਦੇ ਲੋਕ।
9) ਪਿੰਡ ਵਾਸੀਆਂ ਵੱਲੋਂ ਲਾਏ ਗਏ ਧਰਨੇ ਦੌਰਾਨ ਲੱਗਿਆ ਹੋਇਆ ਲੰਮਾ ਟ੍ਰੈਫਿਕ ਜਾਮ।
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਪਿੰਡ ਭੁੱਚੋ ਖੁਰਦ ਕੋਲ ਐਤਵਾਰ ਨੂੰ ਹੋਏ ਸੜਕ ਹਾਦਸੇ ਵਿਚ ਔਰਤ ਦੀ ਮੌਤ ਦੇ ਮਾਮਲੇ ਵਿੱਚ ਸਕਾਰਪੀਓ ਚਾਲਕ ਖਿਲਾਫ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਕੀਤੇ ਜਾਣ ਬਾਅਦ ਪਿੰਡ ਵਾਸੀਆਂ ਨੇ ਧਰਨਾ ਚੁੱਕ ਲਿਆ ਹੈ। ਧਰਨਾ ਚੁੱਕੇ ਜਾਣ ਬਾਅਦ ਜਿੱਥੇ ਲੋਕਾਂ ਨੇ ਸੁੱਖ ਦਾ ਸਾਹ ਲਿਆ, ਉੱਥੇ ਹੀ ਇੱਕ ਵਾਰ ਟਰੈਫਿਕ ਸੁਚਾਰੂ ਰੂਪ ਨਾਲ ਚਾਲੂ ਹੋ ਗਿਆ ਹੈ। ਸੋਮਵਾਰ ਸ਼ਾਮ ਸਮੇਂ ਲਾਏ ਧਰਨੇ ਕਾਰਨ ਰਾਤ ਭਰ ਟਰੈਫਿਕ ਜਾਮ ਰਿਹਾ ਤੇ ਲੋਕ ਘੰਟਿਆਂਬੱਧੀ ਜਾਮ ਵਿੱਚ ਫਸੇ ਰਹੇ। ਇਕੱਲਾ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਹੀ ਨਹੀਂ ਸਗੋਂ ਬਠਿੰਡਾ ਬੀਬੀ ਵਾਲਾ, ਗੋਬਿੰਦਪੁਰਾ ਤੋਂ ਨਥਾਣਾ ਤਕ ਸੜਕਾਂ ’ਤੇ ਟਰੈਫਿਕ ਜਾਮ ਰਿਹਾ ਤੇ ਵਾਹਨ ਫਸੇ ਰਹੇ।
ਇਸ ਤੋਂ ਇਲਾਵਾ ਬਠਿੰਡਾ ਤੋਂ ਪੂਹਲਾ ਸਰਹਿੰਦ ਨਹਿਰ ਵਾਲੀ ਰੋਡ ’ਤੇ ਵੀ ਲੋਕ ਘੰਟਿਆਂਬੱਧੀ ਜਾਮ ਵਿੱਚ ਫਸੇ ਰਹੇ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪੁਲਿਸ ਨੇ ਸੜਕ ਹਾਦਸੇ ਦੇ ਮਾਮਲੇ ਵਿੱਚ ਤੀਰਥ ਸਿੰਘ ਵਾਸੀ ਭੁੱਚੋ ਖੁਰਦ ਦੀ ਸ਼ਿਕਾਇਤ ਦੇ ਅਧਾਰ ’ਤੇ ਸਕਾਰਪੀਓ ਚਾਲਕ ਕਰਨਵੀਰ ਸਿੰਘ ਵਾਸੀ ਪਿੰਡ ਮਰਾੜ ਕਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਤੀਰਥ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਗੁਰਪ੍ਰੀਤ ਸਿੰਘ ਭਰਜਾਈ, ਸ਼ਹਿਨਾਜ਼ ਕੌਰ ਅਤੇ ਭਤੀਜੀ ਅੰਮ੍ਰਿਤਾ ਕੌਰ ਆਪਣੇ ਮੋਟਰਸਾਈਕਲ ਨੰਬਰ ਪੀਬੀ 03ਏ 7346 ’ਤੇ ਸਵਾਰ ਹੋ ਕੇ ਜਾ ਰਹੇ ਸਨ ਕਿ ਇੱਕ ਕਾਲੇ ਰੰਗ ਦੀ ਤੇਜ਼ ਰਫਤਾਰ ਸਕਾਰਪੀਓ ਗੱਡੀ ਨੰਬਰ ਪੀਬੀ 03 ਏਬੀ 8478 ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸਦੀ ਭਤੀਜੀ ਸ਼ਹਿਨਾਜ਼ ਕੌਰ 30 ਦੀ ਮੌਤ ਹੋ ਗਈ।
ਇਸ ਤੋਂ ਬਾਅਦ ਭੜਕੇ ਪਿੰਡ ਵਾਸੀਆਂ ਨੇ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ ਗਿਆ ਸੀ। ਸੋਮਵਾਰ ਰਾਤ ਭਰ ਲੋਕ ਧਰਨੇ ’ਤੇ ਬੈਠੇ ਰਹੇੇ, ਜਿਸ ਕਾਰਨ ਦੋਵੇਂ ਪਾਸੇ ਲਗਭਗ ਦੋ ਕਿਲੋਮੀਟਰ ਲੰਮਾ ਟ੍ਰੈਫਿਕ ਜਾਮ ਹੋ ਗਿਆ, ਜਿਸ ਕਾਰਨ ਯਾਤਰੀਆਂ ਤੇ ਡਰਾਈਵਰਾਂ ਨੂੰ ਪਰੇਸ਼ਾਨੀ ਝੱਲਣੀ ਪਈ। ਲੋਕਾਂ ਨੇ ਦੱਸਿਆ ਕਿ ਜ਼ਖਮੀ ਔਰਤ ਤੇ ਹੋਰ ਜ਼ਖਮੀਆਂ ਕੋਲ ਆਯੁਸ਼ਮਾਨ ਭਾਰਤ ਯੋਜਨਾ ਤੇ ਪੰਜਾਬ ਸਰਕਾਰ ਵੱਲੋਂ ਜਾਰੀ 10 ਲੱਖ ਰੁਪਏ ਤਕ ਦੇ ਸਿਹਤ ਕਾਰਡ ਮੌਜੂਦ ਸੀ, ਪਰ ਹਸਪਤਾਲ ਪ੍ਰਬੰਧਕਾਂ ਨੇ ਸਮੇਂ ‘ਤੇ ਇਲਾਜ ਸ਼ੁਰੂ ਨਹੀਂ ਕੀਤਾ। ਇਸ ਕਾਰਨ ਇਲਾਜ ਵਿਚ ਦੇਰੀ ਹੋਈ ਅਤੇ ਔਰਤ ਦੀ ਜਾਨ ਚਲੀ ਗਈ। ਔਰਤ ਦੀ ਮੌਤ ਦੀ ਖ਼ਬਰ ਮਿਲਣ ਨਾਲ ਪਿੰਡਵਾਸੀਆਂ ਵਿਚ ਭਾਰੀ ਰੋਸ ਫੈਲ ਗਿਆ। ਗੁੱਸੇ ਵਿਚ ਲੋਕਾਂ ਨੇ ਵੱਡੀ ਗਿਣਤੀ ਵਿਚ ਨੈਸ਼ਨਲ ਹਾਈਵੇ ‘ਤੇ ਧਰਨਾ ਦੇ ਕੇ ਸੜਕ ਜਾਮ ਕਰ ਦਿੱਤੀ। ਧਰਨਾਕਾਰੀ ਨੇ ਹਸਪਤਾਲ ਪ੍ਰਬੰਧਨ ਦੀ ਲਾਪਰਵਾਹੀ ਅਤੇ ਪੈਸਿਆਂ ਦੀ ਮੰਗ ਕਰਕੇ ਜ਼ਖਮੀਆਂ ਦਾ ਢੰਗ ਨਾਲ ਇਲਾਜ ਨਾ ਹੋਣ ਦਾ ਦੋਸ਼ ਲਾਇਆ। ਪਿੰਡ ਵਾਸੀਆਂ ਦੀ ਮੰਗ ਕਰ ਰਹੇ ਸਨ ਕਿ ਦੋਸ਼ੀ ਹਸਪਤਾਲ ਪ੍ਰਬੰਧਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ।
-ਬਾਕਸ-
ਟ੍ਰੈਫਿਕ ਜਾਮ ਕਾਰਨ ਹਾਈਵੇਅ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਕਈ ਬੱਸਾਂ, ਟਰੱਕ ਤੇ ਨਿੱਜੀ ਵਾਹਨ ਘੰਟਿਆਂਬੱਧੀ ਜਾਮ ’ਚ ਫਸੇ ਰਹੇ। ਯਾਤਰੀਆਂ ਨੂੰ ਕੜਾਕੇ ਦੀ ਠੰਢ ਵਿਚ ਸੜਕ 'ਤੇ ਉਡੀਕ ਕਰਨ ਲਈ ਮਜਬੂਰ ਹੋਣਾ ਪਿਆ। ਕੁਝ ਲੋਕ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਪੈਦਲ ਹੀ ਨਿਕਲ ਪਏ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਮੁਲਾਜ਼ਮਾਂ ਨੇ ਆਵਾਜਾਈ ਨੂੰ ਬਦਲਵੇਂ ਰਸਤਿਆਂ ਰਾਹੀਂ ਮੋੜਨ ਦੀ ਕੋਸ਼ਿਸ਼ ਕੀਤੀ, ਪਰ ਹਾਈਵੇਅ 'ਤੇ ਭਾਰੀ ਵਾਹਨਾਂ ਦੀ ਜ਼ਿਆਦਾ ਗਿਣਤੀ ਕਾਰਨ ਜਾਮ ਪੂਰੀ ਤਰ੍ਹਾਂ ਨਹੀਂ ਹਟਾਇਆ ਜਾ ਸਕਿਆ। ਜਦੋਂ ਲੋਕ ਬਦਲਵੇ ਰਾਸਤੇ ਪਿੰਡ ਗੋਬਿੰਦਪੁਰਾ ’ਚ ਦੀ ਆਉਣ ਲੱਗੇ ਤਾਂ ਉਥੇ ਵੀ ਲੰਬਾ ਜਾਮ ਲੱਗ ਗਿਆ, ਜਿਸ ਤੋਂ ਬਾਅਦ ਪਿੰਡ ਦੇ ਲੋਕ ਘਰਾਂ ਤੋਂ ਬਾਹਰ ਆ ਗਏ ਅਤੇ ਜਾਮ ਵਿਚ ਫਸੀਆਂ ਗੱਡੀਆਂ ਨੂੰ ਕੱਢਣ ’ਚ ਮਦਦ ਕੀਤੀ।