- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਕ ਹਲਕਾ, ਇਕ ਟਿਕਟ… ਪਰ ਦਾਅਵੇਦਾਰ ਕਈ

-ਤਲਵੰਡੀ ਸਾਬੋ ਵਿਖੇ ਕਾਂਗਰਸ ਦੀ ਸਿਆਸਤ ਭਖਣਾ ਹਾਈਕਮਾਨ ਲਈ ਬਣੀ ਚੁਣੌਤੀ
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ
ਤਲਵੰਡੀ ਸਾਬੋ : ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਹਾਲੇ ਕਰੀਬ ਇਕ ਸਾਲ ਦੂਰ ਹਨ, ਪਰ ਸਿਆਸੀ ਪਾਰਟੀਆਂ ਨੇ ਮੈਦਾਨ ਵਿਚ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਕੜੀ ਹੇਠ ਕਾਂਗਰਸ ਪਾਰਟੀ ਵੀ ਆਪਣੇ ਮਜ਼ਬੂਤ ਤੇ ਕਮਜ਼ੋਰ ਹਲਕਿਆਂ ’ਤੇ ਫੋਕਸ ਕਰ ਰਹੀ ਹੈ। ਇਸੇ ਦੌਰਾਨ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਦੀ ਟਿਕਟ ਨੂੰ ਲੈ ਕੇ ਅੰਦਰੂਨੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਇੱਕੋ ਟਿਕਟ ਲਈ ਕਈ ਮਜ਼ਬੂਤ ਦਾਅਵੇਦਾਰਾਂ ਦੀ ਦੌੜ ਨੇ ਪਾਰਟੀ ਹਾਈਕਮਾਨ ਨੂੰ ਮੁਸ਼ਕਲ ਫੈਸਲੇ ਦੇ ਮੋੜ ‘ਤੇ ਖੜ੍ਹਾ ਕਰ ਦਿੱਤਾ ਹੈ।
-ਖੁਸ਼ਬਾਜ ਸਿੰਘ ਜਟਾਣਾ ਮੁੱਖ ਦਾਅਵੇਦਾਰਾਂ ’ਚ ਸ਼ਾਮਲ
ਖੁਸ਼ਬਾਜ ਸਿੰਘ ਜਟਾਣਾ ਵਾਸੀ ਪਿੰਡ ਪੰਨੀਵਾਲ (ਜ਼ਿਲ੍ਹਾ ਮੁਕਤਸਰ) ਤਲਵੰਡੀ ਸਾਬੋ ਤੋਂ ਕਾਂਗਰਸ ਦੀ ਟਿਕਟ ਦੇ ਮੁੱਖ ਦਾਅਵੇਦਾਰਾਂ ‘ਚ ਸ਼ਾਮਲ ਹਨ। ਉਨ੍ਹਾਂ ਨੇ ਆਪਣੀ ਸਿਆਸੀ ਯਾਤਰਾ ਯੂਨੀਵਰਸਿਟੀ ਚੰਡੀਗੜ੍ਹ ਤੋਂ ਸ਼ੁਰੂ ਕੀਤੀ ਅਤੇ ਬਾਅਦ ਵਿਚ ਯੂਥ ਕਾਂਗਰਸ ਵਿਚ ਸਰਗਰਮ ਭੂਮਿਕਾ ਨਿਭਾਈ। ਜਟਾਣਾ ਦੋ ਵਾਰ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਕਾਂਗਰਸ ਪ੍ਰਧਾਨ ਰਹਿ ਚੁੱਕੇ ਹਨ। ਉਹ 2017 ਅਤੇ 2022 ਵਿਚ ਤਲਵੰਡੀ ਸਾਬੋ ਤੋਂ ਵਿਧਾਨ ਸਭਾ ਚੋਣਾਂ ਲੜ ਚੁੱਕੇ ਹਨ, ਪਰ ਦੋਹਾਂ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਬਾਵਜੂਦ ਉਨ੍ਹਾਂ ਨੇ ਹਲਕੇ ਨਾਲ ਆਪਣਾ ਨਾਤਾ ਕਾਇਮ ਰੱਖਿਆ ਤੇ ਲਗਾਤਾਰ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਸੰਪਰਕ ਕਾਇਮ ਕੀਤਾ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਾਰ ਜਟਾਣਾ ਨੂੰ ਪੁਰਾਣੀ ਮਿਹਨਤ ਦੇ ਆਧਾਰ ‘ਤੇ ਹਮਦਰਦੀ ਦਾ ਲਾਭ ਮਿਲ ਸਕਦਾ ਹੈ, ਹਾਲਾਂਕਿ “ਬਾਹਰਲੇ ਜ਼ਿਲ੍ਹੇ” ਨਾਲ ਸਬੰਧਿਤ ਹੋਣ ਨੂੰ ਲੈ ਕੇ ਕੁਝ ਸਵਾਲ ਵੀ ਉਠ ਰਹੇ ਹਨ, ਜਿਨ੍ਹਾਂ ਦਾ ਅੰਤਿਮ ਫੈਸਲਾ ਹਾਈਕਮਾਨ ਨੇ ਕਰਨਾ ਹੈ।
-ਬਾਕਸ-
-ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਦੇ ਸਪੁੱਤਰ ਹਨ ਦੂਜੇ ਦਾਅਵੇਦਾਰ
ਦੂਜੇ ਮਜ਼ਬੂਤ ਦਾਅਵੇਦਾਰ ਗੁਰਬਾਜ਼ ਸਿੰਘ ਸਿੱਧੂ, ਜੋ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਦੇ ਸਪੁੱਤਰ ਹਨ। ਜੀਤ ਮਹਿੰਦਰ ਸਿੰਘ ਸਿੱਧੂ 2002 ਤੋਂ 2017 ਤੱਕ ਤਲਵੰਡੀ ਸਾਬੋ ਤੋਂ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ 2024 ਵਿਚ ਬਠਿੰਡਾ ਲੋਕ ਸਭਾ ਸੀਟ ਤੋਂ ਵੀ ਕਾਂਗਰਸ ਵੱਲੋਂ ਚੋਣ ਲੜ ਚੁੱਕੇ ਹਨ। ਸਿੱਧੂ ਪਿੰਡ ਪਥਰਾਲਾ (ਜ਼ਿਲ੍ਹਾ ਬਠਿੰਡਾ) ਦੇ ਰਹਿਣ ਵਾਲੇ ਹਨ ਅਤੇ ਸਿੱਧੂ ਬਰਾਦਰੀ ਨਾਲ ਸਬੰਧਤ ਹੋਣ ਕਰਕੇ ਉਨ੍ਹਾਂ ਦੀ ਸਮਾਜਿਕ ਪਕੜ ਮਜ਼ਬੂਤ ਮੰਨੀ ਜਾਂਦੀ ਹੈ। ਇਕ ਯੂਥ ਆਗੂ ਵਜੋਂ ਉਹ ਹਲਕੇ ਵਿਚ ਸਰਗਰਮ ਨਜ਼ਰ ਆ ਰਹੇ ਹਨ, ਜਿਸ ਨਾਲ ਨੌਜਵਾਨ ਵੋਟਰਾਂ ਵਿੱਚ ਉਨ੍ਹਾਂ ਦੀ ਪਹੁੰਚ ਵਧ ਰਹੀ ਹੈ। ਪਾਰਟੀ ਅੰਦਰ ਇਹ ਵੀ ਚਰਚਾ ਹੈ ਕਿ ਜੀਤ ਮਹਿੰਦਰ ਸਿੰਘ ਸਿੱਧੂ ਦੀ ਦਿੱਲੀ ਅਤੇ ਪੰਜਾਬ ਕਾਂਗਰਸ ਵਿੱਚ ਪਕੜ ਗੁਰਬਾਜ਼ ਸਿੱਧੂ ਲਈ ਫਾਇਦਾਮੰਦ ਸਾਬਤ ਹੋ ਸਕਦੀ ਹੈ।
-ਬਾਕਸ-
-ਕਾਂਗਰਸ ‘ਲੋਕਲ ਚਿਹਰੇ’ ’ਤੇ ਖੇਡ ਸਕਦੀ ਹੈ ਦਾਅ
ਤੀਜੇ ਅਤੇ ਸਭ ਤੋਂ ਵੱਧ ਚਰਚਿਤ ਦਾਅਵੇਦਾਰ ਹਨ ਕ੍ਰਿਸ਼ਨ ਸਿੰਘ ਭਾਗੀਵਾਂਦਰ, ਜੋ ਪਿੰਡ ਭਾਗੀਵਾਂਦਰ (ਹਲਕਾ ਤਲਵੰਡੀ ਸਾਬੋ) ਦੇ ਵਸਨੀਕ ਹਨ। ਉਹ ਇਸ ਸਮੇਂ ਕਾਂਗਰਸ ਦੇ ਬਲਾਕ ਪ੍ਰਧਾਨ ਹਨ ਅਤੇ ਲੰਮੇ ਸਮੇਂ ਤੋਂ ਪਾਰਟੀ ਸੰਗਠਨ ਨਾਲ ਜੁੜੇ ਹੋਏ ਹਨ। ਪਾਰਟੀ ਅੰਦਰ ਚੱਲ ਰਹੀਆਂ ਚਰਚਾਵਾਂ ਮੁਤਾਬਕ ਇਸ ਵਾਰ ਕਾਂਗਰਸ “ਲੋਕਲ ਚਿਹਰੇ” ’ਤੇ ਦਾਅ ਖੇਡ ਸਕਦੀ ਹੈ, ਜਿਸ ਕਾਰਨ ਭਾਗੀਵਾਂਦਰ ਦਾ ਨਾਮ ਅੱਗੇ ਚੱਲ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ‘ਰਾਜਾ ਵੜਿੰਗ’ ਅਤੇ ਹਾਈਕਮਾਨ ਦਾ ਭਰੋਸਾ ਵੀ ਹਾਸਲ ਹੈ। ਹਾਲ ਹੀ ਵਿਚ ਰਾਜਾ ਵੜਿੰਗ ਨਾਲ ਹੋਈ ਉਨ੍ਹਾਂ ਦੀ ਮੁਲਾਕਾਤ ਦੀ ਤਸਵੀਰ ਨੇ ਸੋਸ਼ਲ ਮੀਡੀਆ ‘ਤੇ ਸਿਆਸੀ ਹਲਚਲ ਤੇਜ਼ ਕਰ ਦਿੱਤੀ ਹੈ। ਇਨ੍ਹਾਂ ਤੋਂ ਇਲਾਵਾ, ਨਵੇਂ ਜ਼ਿਲ੍ਹਾ ਪ੍ਰਧਾਨ ਪ੍ਰੀਤਮ ਸਿੰਘ ਕੋਟ ਭਾਈ ਨਾਲ ਵੀ ਉਨ੍ਹਾਂ ਦੀ ਨੇੜਤਾ ਦਾਅਵੇਦਾਰੀ ਨੂੰ ਹੋਰ ਮਜ਼ਬੂਤ ਕਰ ਰਹੀ ਹੈ।
-ਬਾਕਸ-
-ਕਾਂਗਰਸ ਦਾ ਯੂਥ ਆਗੂ ਵੀ ਟਿਕਟ ਦੀ ਦੌੜ ’ਚ ਹੋਇਆ ਸ਼ਾਮਲ
ਭਰੋਸੇਯੋਗ ਸੂਤਰਾਂ ਮੁਤਾਬਕ ਤਲਵੰਡੀ ਸਾਬੋ ਸ਼ਹਿਰ ਦਾ ਇਕ ਹੋਰ ਯੂਥ ਆਗੂ ਵੀ ਟਿਕਟ ਦੀ ਦੌੜ ਵਿਚ ਹੈ, ਜੋ ਦਿੱਲੀ ਤਕ ਉੱਚ ਪੱਧਰੀ ਲੀਡਰਸ਼ਿਪ ਨਾਲ ਸੰਪਰਕ ਵਿਚ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਪਰਿਵਾਰਕ ਰਿਸ਼ਤੇ ਰਾਹੁਲ ਗਾਂਧੀ ਪਰਿਵਾਰ ਨਾਲ ਵੀ ਨੇੜੇ ਹਨ। ਭਾਵੇਂ ਉਹ ਹਾਲੇ ਖੁੱਲ੍ਹ ਕੇ ਮੈਦਾਨ ਵਿਚ ਨਹੀਂ ਆਇਆ, ਪਰ ਇਕ ਬੇਦਾਗ ਅਤੇ ਨਵੇਂ ਚਿਹਰੇ ਵਜੋਂ ਪਾਰਟੀ ਉਸ ‘ਤੇ ਵੀ ਵਿਚਾਰ ਕਰ ਸਕਦੀ ਹੈ। ਕੁੱਲ ਮਿਲਾ ਕੇ ਤਲਵੰਡੀ ਸਾਬੋ ਵਿਚ ਕਾਂਗਰਸ ਦੀ ਟਿਕਟ ਨੂੰ ਲੈ ਕੇ ਅੰਦਰੂਨੀ ਸਿਆਸਤ ਪੂਰੀ ਤਰ੍ਹਾਂ ਗਰਮ ਹੋ ਚੁੱਕੀ ਹੈ। ਹਾਈਕਮਾਨ ਲਈ ਇਹ ਫੈਸਲਾ ਕਰਨਾ ਵੱਡੀ ਚੁਣੌਤੀ ਬਣ ਗਿਆ ਹੈ ਕਿ ਕਿਸ ਨੂੰ ਅੱਗੇ ਕੀਤਾ ਜਾਵੇ ਅਤੇ ਕਿਸ ਨੂੰ ਰੋਕਿਆ ਜਾਵੇ। ਇਸ ਖਿੱਚੋ-ਤਾਣ ਕਾਰਨ ਕਈ ਟਕਸਾਲੀ ਕਾਂਗਰਸੀ ਵਰਕਰ ਅਜੇ ਤਕ ਖੁੱਲ੍ਹ ਕੇ ਕਿਸੇ ਉਮੀਦਵਾਰ ਦੇ ਹੱਕ ਵਿੱਚ ਨਹੀਂ ਆਏ। ਕੁਝ ਵਰਕਰਾਂ ਵੱਲੋਂ ਪਾਰਟੀ ਵਿੱਚ ਮਾਨ-ਸਨਮਾਨ ਨਾ ਮਿਲਣ ਦੀ ਨਾਰਾਜ਼ਗੀ ਵੀ ਸਾਹਮਣੇ ਆ ਰਹੀ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੋ ਵੀ ਉਮੀਦਵਾਰ ਇਨ੍ਹਾਂ ਨਾਰਾਜ਼ ਧੜਿਆਂ ਨੂੰ ਨਾਲ ਜੋੜ ਲਏਗਾ, ਉਹ ਆਪਣੀ ਪੋਜ਼ੀਸ਼ਨ ਕਾਫੀ ਮਜ਼ਬੂਤ ਕਰ ਲਏਗਾ। ਹੁਣ ਸਭ ਦੀਆਂ ਨਜ਼ਰਾਂ ਕਾਂਗਰਸ ਹਾਈਕਮਾਨ ਦੇ ਅੰਤਿਮ ਫੈਸਲੇ ‘ਤੇ ਟਿਕੀਆਂ ਹੋਈਆਂ ਹਨ। ਇਹ ਵੀ ਦੇਖਣਾ ਦਿਲਚਸਪ ਹੋਵੇਗਾ ਕਿ ਜੇ ਕਿਸੇ ਇਕ ਨੂੰ ਟਿਕਟ ਮਿਲਦੀ ਹੈ, ਤਾਂ ਬਾਕੀ ਦਾਅਵੇਦਾਰ ਪਾਰਟੀ ਨਾਲ ਇਕਜੁੱਟ ਰਹਿੰਦੇ ਹਨ ਜਾਂ ਫਿਰ ਬਾਗੀ ਸੁਰ ਉਭਰਦੇ ਹਨ।