- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਰਾਣੇ ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚੇ ਦੀ ਮੀਟਿੰਗ ਹੋਈ, 15 ਫਰਵਰੀ ਨੂੰ ਸੰਗਰੂਰ ਵਿਖੇ ਕੀਤੀ ਜਾਵੇਗੀ ਰੈਲੀ

-ਮੁਲਾਜ਼ਮਾਂ ਦੇ ਆਰਥਿਕ ਮਸਲੇ ਹੱਲ ਨਾ ਕਰਨ ਦਾ ਲਾਇਆ ਦੋਸ਼
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਪੁਰਾਣੇ ਸਕੇਲ ਪੈਨਸ਼ਨ ਤੇ ਭੱਤੇ ਬਹਾਲੀ ਮੋਰਚੇ ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਟੀਚਰ ਹੋਮ ਬਠਿੰਡਾ ਵਿਖੇ ਹੋਈ। ਜ਼ਿਲ੍ਹਾ ਆਗੂਆਂ ਜਗਪਾਲ ਬੰਗੀ, ਕੁਲਦੀਪ ਖੋਖਰ, ਅੰਮ੍ਰਿਤਪਾਲ ਸਿੰਘ ਮਾਨ, ਹਰਦੀਪ ਸਿੰਘ, ਰਮਨਜੀਤ ਸਿੰਘ, ਤਰਸੇਮ ਸਿੰਘ, ਬਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ’ਤੇ ਜੋ ਸਕੇਲ ਲੈ ਕੇ ਆਈ ਹੈ, ਉਸ ਨਾਲ ਪੰਜਾਬ ਦੇ ਮੁਲਾਜ਼ਮ ਵੱਡੇ ਪੱਧਰ ’ਤੇ ਆਰਥਿਕ ਨੁਕਸਾਨ ਝੱਲ ਰਹੇ ਹਨ। ਇਹ ਸਕੇਲ ਨਾ ਪੁਰਾਣੇ ਪੰਜਾਬ ਦੇ ਸਕੇਲ ਹਨ ਅਤੇ ਨਾ ਹੀ ਕੇਂਦਰ ਦੇ ਹਨ। ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲੀ ਲਈ ਜਿਹੜਾ ਨੋਟੀਫਿਕੇਸ਼ਨ 2022 ਵਿੱਚ ਸਰਕਾਰ ਆਉਣ ’ਤੇ ਜਾਰੀ ਕੀਤਾ ਸੀ, ਉਸ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਇਸੇ ਤਰ੍ਹਾਂ ਪੰਜਾਬ ਦੇ ਮੁਲਾਜ਼ਮਾਂ ਦੇ 37 ਤਰ੍ਹਾਂ ਦੇ ਕੱਟੇ ਭੱਤੇ ਪੰਜਾਬ ਸਰਕਾਰ ਨੇ ਲਾਗੂ ਨਹੀਂ ਕੀਤੇ। ਇਸੇ ਤਰ੍ਹਾਂ ਪੰਜਾਬ ਦੇ ਮੁਲਾਜ਼ਮ ਕੇਂਦਰ ਅਤੇ ਗੁਆਂਢੀ ਰਾਜਾਂ ਨਾਲੋਂ 16 ਫੀਸਦੀ ਮਹਿੰਗਾਈ ਭੱਤਾ ਵੀ ਘੱਟ ਲੈ ਰਹੇ ਹਨ। ਇਸ ਸਭ ਨਾਲ ਪੰਜਾਬ ਦੇ ਮੁਲਾਜ਼ਮ ਹਰ ਮਹੀਨੇ ਹਜ਼ਾਰਾਂ ਰੁਪਏ ਦਾ ਘਾਟਾ ਝੱਲ ਰਹੇ ਹਨ। ਏਸੀਪੀ ਸਕੀਮ 4-9-14 ਸਾਲਾ ਵਿਸ਼ੇਸ਼ ਤਰੱਕੀ ਬੰਦ ਕੀਤੀ ਹੋਈ ਹੈ।
ਤਨਖਾਹ ਕਮਿਸ਼ਨ ਦੇ ਬਕਾਏ ਸਰਕਾਰ ਨੇ ਰੋਕ ਰੱਖੇ ਹਨ। ਡੈਮੋਕਰੇਟਿਕ ਟੀਚਰਜ਼ ਫਰੰਟ, 6635 ਈਟੀਟੀ ਅਧਿਆਪਕ ਯੂਨੀਅਨ, ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ,4161 ਮਾਸਟਰ ਕਾਡਰ ਯੂਨੀਅਨ, ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਯੂਨੀਅਨ, ਪੰਜਾਬ ਸਿੱਖਿਆ ਵਿਭਾਗ ਕਲਰਕ ਯੂਨੀਅਨ, ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਸਮੇਤ ਸਮੂਹ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ 15 ਫਰਵਰੀ ਨੂੰ ਸੰਗਰੂਰ ਮੁੱਖ ਮੰਤਰੀ ਤੇ ਵਿੱਤ ਮੰਤਰੀ ਦੀ ਰਿਹਾਇਸ਼ ਦੇ ਸ਼ਹਿਰ ਵਿਖੇ ਰੈਲੀ ਕਰਨ ਦਾ ਫੈਸਲਾ ਕੀਤਾ ਹੈ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਪੰਜਾਬ ਸਰਕਾਰ ਪੰਜਾਬ ਦੇ ਮੁਲਾਜ਼ਮਾਂ ਦੀਆ ਆਰਥਿਕ ਮੰਗਾਂ ਦਾ ਹੱਲ ਕਰੇ ਨਹੀਂ ਤਾਂ ਪੰਜਾਬ ਦੇ ਮੁਲਾਜ਼ਮ ਆਪਣੀਆਂ ਮੰਗਾਂ ਦੀ ਪੂਰਤੀ ਤਕ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਦੇ ਨਾਲ ਹੀ ਇਸ ਰੈਲੀ ਦੀ ਕਾਮਯਾਬੀ ਲਈ ਸਕੂਲਾਂ ਅਤੇ ਦਫਤਰਾਂ ਵਿੱਚ ਸਾਂਝੇ ਤੌਰ ’ਤੇ ਮੁਹਿੰਮ ਚਲਾਉਣ ਦਾ ਫੈਸਲਾ ਵੀ ਕੀਤਾ ਗਿਆ।
ਆਗੂਆਂ ਦੁਆਰਾ ਪੰਜਾਬ ਦੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਹਰ ਐਕਸ਼ਨ ਵਿੱਚ ਵੱਡੀ ਗਿਣਤੀ ਵਿੱਚ ਇਸ ਦਾ ਹਿੱਸਾ ਬਣਿਆ ਜਾਵੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਅਵਿਨਾਸ਼ ਕੁਮਾਰ, ਸੰਤਪਾਲ ਸਿੰਘ, ਸੁਨੀਲ ਕੁਮਾਰ, ਸਿਕੰਦਰ ਧਾਲੀਵਾਲ, ਬੂਟਾ ਸਿੰਘ ਤਰਸੇਮ ਸਿੰਘ ਸਿੱਧੂ, ਦੀਪਕ ਕੁਮਾਰ, ਕੁਲਦੀਪ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਸੇਣੇਵਾਲਾ ਹਾਜ਼ਰ ਸਨ।