- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਧੂ ਵੱਲੋਂ ਮੌੜ ਵਿਖੇ ਦਫਤਰ ਦੀ ਆਰੰਭਤਾ ਮੌਕੇ

-ਬੇਅਦਬੀ ਸਬੰਧੀ ਅਦਾਲਤੀ ਕੇਸ ਸਰਕਾਰ ਦੀ ਨਾਲਾਇਕੀ ਕਾਰਨ ਹੋਰਨਾਂ ਸੂਬਿਆਂ ’ਚ ਹੋਏ ਤਬਦੀਲ
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਵਿਧਾਨ ਸਭਾ ਹਲਕਾ ਮੌੜ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਮੌੜ ਮੰਡੀ ਵਿਖੇ ਹਲਕਾ ਪੱਧਰੀ ਦਫਤਰ ਦੀ ਆਰੰਭਤਾ ਮੌਕੇ ਕਰਵਾਏ ਧਾਰਮਿਕ ਸਮਾਗਮ ’ਚ ਪੰਜਾਬ ਕਾਂਗਰਸ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਹਲਕੇ ਭਰ ’ਚੋਂ ਹਜ਼ਾਰਾਂ ਦੀ ਗਿਣਤੀ ’ਚ ਕਾਂਗਰਸੀ ਵਰਕਰਾਂ ਤੇ ਆਮ ਲੋਕਾਂ ਦੀ ਸ਼ਮੂਲੀਅਤ ਨੇ ਹਲਕੇ ਦੇ ਰਾਜਸੀ ਸਮੀਕਰਨਾਂ ’ਚ ਬਦਲਾਅ ਦਾ ਵੱਡਾ ਸੰਕੇਤ ਦਿੱਤਾ ਹੈ ਕਿਉਂਕਿ ਧਾਰਮਿਕ ਸਮਾਗਮ ’ਚ ਲੋਕਾਂ ਦੀ ਇਕੱਤਰਤਾ ਕਿਸੇ ਰਾਜਸੀ ਰੈਲੀ ਤੋਂ ਵੀ ਵਧੇਰੇ ਹੋ ਨਿੱਬੜੀ।
ਇਸ ਮੌਕੇ ਧਾਰਮਿਕ ਸਮਾਗਮ ਉਪਰੰਤ ਸੰਗਤਾਂ ਨੂੰ ਸੰਬੋਧਨ ਦੌਰਾਨ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਹਲਕਾ ਪੱਧਰੀ ਦਫਤਰ ਖੋਲ੍ਹਣ ਲਈ ਜੀਤਮਹਿੰਦਰ ਸਿੰਘ ਸਿੱਧੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਦਫਤਰ ਦੀ ਆਰੰਭਤਾ ਮੌਕੇ ਹਲਕੇ ਦੀ ਸੰਗਤ ਦੀ ਵੱਡੀ ਪੱਧਰ ਤੇ ਮੌਜੂਦਗੀ ਇਹ ਦਰਸਉਂਦੀ ਹੈ ਕਿ ਹਲਕਾ ਵਾਸੀ ਜੀਤਮਹਿੰਦਰ ਸਿੰਘ ਸਿੱਧੂ ਨੂੰ ਦਿਲੋਂ ਪਿਆਰ ਕਰਦੇ ਹਨ।ਇਸ ਮੌਕੇ ਉਨ੍ਹਾਂ ਨੇ ਪੰਜਾਬ ਦੀ ‘ਆਪ’ ਸਰਕਾਰ ਤੇ ਰੱਜ ਕੇ ਹੱਲੇ ਬੋਲਦਿਆਂ ਕਿਹਾ ਕਿ ਸੂਬੇ ਦਾ ਮੁੱਖ ਮੰਤਰੀ ਸਾਰੀਆਂ ਗਾਰੰਟੀਆਂ ਪੂਰੀਆਂ ਕਰਨ ਦੀ ਗੱਲ ਕਰਦਾ ਹੈ ਪਰ ਬਹਿਬਲ ਕਲਾਂ ਗੋਲੀਕਾਂਡ ਅਤੇ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀਆਂ ਖ਼ਿਲਾਫ਼ ਅੱਜ ਤੱਕ ਕੋਈ ਕਾਰਵਾਈ ਨਹੀ ਕੀਤੀ ਗਈ। ਹੋਰ ਤਾਂ ਹੋਰ ਬੇਅਦਬੀ ਸਬੰਧੀ ਅਦਾਲਤੀ ਕੇਸ ਵੀ ਸਰਕਾਰ ਦੀ ਨਲਾਇਕੀ ਕਾਰਨ ਹੋਰਨਾਂ ਰਾਜਾਂ ਦੀਆਂ ਅਦਾਲਤਾਂ ਚ ਤਬਦੀਲ ਹੋ ਗਏ। ਸ਼੍ਰੋਮਣੀ ਅਕਾਲੀ ਦਲ ’ਤੇ ਨਿਸ਼ਾਨੇ ਵਿੰਨ੍ਹਦਿਆਂ ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਤੇ ਮਾਹੌਲ ਸਿਰਜ ਕੇ ਅਕਾਲੀ ਜਿੰਨਾ ਮਰਜ਼ੀ ਆਪਣੀ ਪਾਰਟੀ ਦੀ ਮਜ਼ਬੂਤੀ ਦੇ ਦਾਅਵੇ ਕਰੀ ਜਾਣ ਪਰ ਸਿੱਖ ਇੰਨੇ ਕਮਜ਼ੋਰ ਯਾਦਦਾਸ਼ਤ ਦੇ ਮਾਲਿਕ ਨਹੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਭੁੱਲ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ 2027 ਚ ਸੂਬੇ ਚ ਕਾਂਗਰਸ ਪਾਰਟੀ ਦੀ ਸਰਕਾਰ ਹੋਂਦ ਚ ਆਵੇਗੀ। ਇਸ ਮੌਕੇ ਸੰਗਤ ਨੂੰ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਯਕੀਨ ਦਵਾਇਆ ਕਿ ਉਹ ਹਲਕਾ ਵਾਸੀਆਂ ਦੀ ਇੱਕ ਆਵਾਜ਼ ਤੇ ਅੱਧੀ ਰਾਤ ਨੂੰ ਵੀ ਉਨ੍ਹਾਂ ਨਾਲ ਖੜੇ ਦਿਖਾਈ ਦੇਣਗੇ।
ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਸਾਬਕਾ ਮੰਤਰੀ ਹੰਸ ਰਾਜ ਜੋਸਨ,ਗੁਰਜੰਟ ਸਿੰਘ ਕੁੱਤੀਵਾਲ,ਡਾ.ਮਹਿੰਦਰ ਕੁਮਾਰ ਰਿਣਵਾ ਅਤੇ ਪਰਮਿੰਦਰ ਸਿੰਘ ਪਿੰਕੀ ਤਿੰਨੇ ਸਾਬਕਾ ਵਿਧਾਇਕ, ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ,ਕਮਲ ਧਾਲੀਵਾਲ ਅਮਰਗੜ੍ਹ,ਫਤਹਿ ਸਿੰਘ ਬਾਦਲ, ਰਾਜਿੰਦਰ ਦੀਪਾ ਸੁਨਾਮ,ਕੁਲਵੰਤ ਰਾਏ ਸਿੰਗਲਾ ਜਿਲ੍ਹਾ ਕਾਂਗਰਸ ਪ੍ਰਧਾਨ ਮਾਨਸਾ, ਹਰੀ ਸਿੰਘ ਖਾਈ ਜਿਲ੍ਹਾ ਕਾਂਗਰਸ ਪ੍ਰਧਾਨ ਮੋਗਾ, ਸੱਤਪਾਲ ਸਿੰਘ ਮੂਲੇਵਾਲ, ਜੀਤਮਹਿੰਦਰ ਸਿੰਘ ਸਿੱਧੂ ਦੇ ਪੁੱਤਰ ਅਤੇ ਨੌਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ, ਜਥੇ. ਗੁਰਤੇਜ ਸਿੰਘ ਜੋਧਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਰਮੇਸ਼ਵਰ ਦਾਸ ਰਾਜੌਰਾ, ਜਸਵਿੰਦਰ ਕੌਰ ਜਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਤੋਂ ਇਲਾਵਾ ਸੰਤ ਪ੍ਰੀਤਮ ਦਾਸ ਮਲਕਾਣੇ ਵਾਲੇ, ਬਾਬਾ ਸ਼ਿਵਾਨੰਦ ਕਿਉਲ ਵਾਲੇ, ਬਾਬਾ ਗੋਪਾਲ ਦਾਸ ਸ਼ੇਖਪੁਰਾ, ਬਾਬਾ ਕੇਸ਼ੋਰਾਮ ਕੋਟਸ਼ਮੀਰ, ਬਾਬਾ ਗੁਰਸ਼ਰਨ ਦਾਸ ਟਿੱਲਾ ਮੌੜ ਵਰਗੀਆਂ ਧਾਰਮਿਕ ਸਖਸ਼ੀਅਤਾਂ ਨੇ ਵੀ ਹਾਜ਼ਰੀ ਲਵਾਈ।