- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਠਿੰਡਾ ਲਾਈਵ ਪੇਸ਼ੈਂਟ ਸੰਤੁਸ਼ਟੀ ਪ੍ਰਣਾਲੀ ਲਾਗੂ ਕਰਨ ਵਾਲਾ ਪੰਜਾਬ ਦਾ ਪਹਿਲਾਂ ਹਸਪਤਾਲ ਬਣਿਆ

-‘ਲਾਈਵ ਪੇਸ਼ੈਂਟ ਸੰਤੁਸ਼ਟੀ ਪ੍ਰਣਾਲੀ’ ਲਾਗੂ ਕਰਨ ਵਾਲਾ ਸੂਬੇ ਦਾ ਪਹਿਲਾ ਹਸਪਤਾਲ, ਸ਼ਿਕਾਇਤਾਂ ਦਾ ਤੁਰੰਤ ਹੋਵੇਗਾ ਹੱਲ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਸਿਹਤ ਸੇਵਾਵਾਂ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਵਧਾਉਣ ਵੱਲ ਬਠਿੰਡਾ ਦੇ ਸਿਵਲ ਹਸਪਤਾਲ ਪ੍ਰਬੰਧਕਾਂ ਨੇ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਲਾਈਵ ਪੇਸ਼ੈਂਟ ਸੰਤੁਸ਼ਟੀ ਪ੍ਰਣਾਲੀ ਲਾਗੂ ਕੀਤੀ ਹੈ। ਇਸ ਨਵੀਂ ਵਿਵਸਥਾ ਦੇ ਤਹਿਤ ਹੁਣ ਮਰੀਜ਼ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਲਾਜ ਦੇ ਤੁਰੰਤ ਬਾਅਦ ਹਸਪਤਾਲ ਦੀਆਂ ਸੇਵਾਵਾਂ ਬਾਰੇ ਆਪਣੀ ਰਾਏ, ਸ਼ਿਕਾਇਤ ਜਾਂ ਸੁਝਾਅ ਦਰਜ ਕਰ ਸਕਣਗੇ। ਇਸ ਨਾਲ ਜਿੱਥੇ ਮਰੀਜ਼ ਦੀ ਸੰਤੁਸ਼ਟੀ ਹੋਵੇਗੀ, ਉਥੇ ਹੀ ਡਾਕਟਰਾਂ ਦੀ ਕਾਰਗਜ਼ਾਰੀ ਵੀ ਸਭ ਦੇ ਸਾਹਮਣੇ ਆ ਜਾਵੇਗੀ। ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਦੇ ਪ੍ਰਬੰਧਕਾਂ ਅਨੁਸਾਰ ਇਹ ਪੰਜਾਬ ਦਾ ਪਹਿਲਾ ਸਰਕਾਰੀ ਹਸਪਤਾਲ ਹੈ, ਜਿੱਥੇ ਇਸ ਤਰ੍ਹਾਂ ਦੀ ਡਿਜ਼ਿਟਲ ਫੀਡਬੈਕ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ। ਇਸ ਰਾਹੀਂ ਮਰੀਜ਼ਾਂ ਤੋਂ ਮਿਲਣ ਵਾਲਾ ਫੀਡਬੈਕ ਸਮੇਂ ਸਿਰ ਇਕੱਠਾ ਕੀਤਾ ਜਾਵੇਗਾ, ਜਿਸ ਨਾਲ ਪ੍ਰਸ਼ਾਸਨ ਨੂੰ ਸੇਵਾਵਾਂ ਦੀ ਗੁਣਵੱਤਾ ਦਾ ਸਹੀ ਅਤੇ ਤੁਰੰਤ ਅੰਦਾਜ਼ਾ ਲੱਗੇਗਾ। ਇਸ ਪ੍ਰਣਾਲੀ ਅਧੀਨ ਸਰਕਾਰੀ ਹਸਪਤਾਲ ਕੰਪਲੈਕਸ ਵਿਚ ਡਿਜ਼ਿਟਲ ਕਿਓਸਕ ਲਗਾਏ ਗਏ ਹਨ। ਇਸ ਤੋਂ ਇਲਾਵਾ ਮਰੀਜ਼ ਆਪਣੇ ਮੋਬਾਈਲ ਫੋਨ ਜਾਂ ਕੰਪਿਊਟਰ ਰਾਹੀਂ ਵੀ ਹਸਪਤਾਲ ਦੇ ਪੋਰਟਲ dhbathinda.in ‘ਤੇ ਜਾ ਕੇ ਆਸਾਨੀ ਨਾਲ ਫੀਡਬੈਕ ਦੇ ਸਕਦੇ ਹਨ। ਖਾਸ ਗੱਲ ਇਹ ਹੈ ਕਿ ਫੀਡਬੈਕ ਪ੍ਰਕਿਰਿਆ ਨੂੰ ਸਧਾਰਣ ਅਤੇ ਬਹੁਭਾਸ਼ੀ ਬਣਾਇਆ ਗਿਆ ਹੈ, ਤਾਂ ਜੋ ਹਰ ਵਰਗ ਦੇ ਲੋਕ ਬਿਨਾਂ ਕਿਸੇ ਝਿਜਕ ਦੇ ਆਪਣੀ ਗੱਲ ਰੱਖ ਸਕਣ। ਇਸ ਤਰ੍ਹਾ ਕੋਈ ਵੀ ਮਰੀਜ਼ ਜਾਂ ਉਸਦਾ ਵਾਰਿਸ ਆਸਾਨੀ ਨਾਲ ਹਸਪਤਾਲ ਦੇ ਪ੍ਰਬੰਧਾਂ ਤੇ ਇਲਾਜ ਸਬੰਧੀ ਆਪਦੀ ਫੀਡਬੈਕ ਦਰਜ ਕਰਵਾ ਸਕੇਗਾ। ਮਰੀਜ਼ ਹਸਪਤਾਲ ਦੀਆਂ ਵੱਖ-ਵੱਖ ਸੇਵਾਵਾਂ ਜਿਵੇਂ ਓਪੀਡੀ, ਐਮਰਜੈਂਸੀ, ਡਾਇਲਿਸਿਸ, ਐਕਸਰੇ ਅਤੇ ਅਲਟ੍ਰਾਸਾਊਂਡ, ਲੈਬ ਟੈਸਟ, ਬਲੱਡ ਬੈਂਕ, ਫਿਜ਼ਿਓਥੈਰੇਪੀ, ਓਪਰੇਸ਼ਨ ਥੀਏਟਰ, ਟੀਬੀ ਵਾਰਡ, ਆਯੁਸ਼ਮਾਨ ਸਿਹਤ ਯੋਜਨਾ, ਮੁਫ਼ਤ ਦਵਾਈ ਵੰਡ ਅਤੇ ਸਟਾਫ ਦੇ ਵਿਵਹਾਰ ਨਾਲ ਨਾਲ ਸਫ਼ਾਈ ਬਾਰੇ ਆਪਣੀ ਪ੍ਰਤੀਕਿਰਿਆ ਦੇ ਸਕਣਗੇ। ਸਿਵਲ ਹਸਪਤਾਲ ਦੀ ਓਪੀਡੀ ਵਿੱਚ ਰੋਜ਼ਾਨਾ ਲਗਭਗ 1800 ਤੋਂ 2000 ਮਰੀਜ਼ ਇਲਾਜ ਲਈ ਪਹੁੰਚਦੇ ਹਨ। ਇਸ ਸੰਦਰਭ ਵਿੱਚ ਇਹ ਪ੍ਰਣਾਲੀ ਵੱਡੀ ਗਿਣਤੀ ਵਿੱਚ ਮਰੀਜ਼ਾਂ ਦੀ ਅਸਲ ਰਾਏ ਇਕੱਠੀ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ। ਜਿਨ੍ਹਾਂ ਵਿਭਾਗਾਂ ਜਾਂ ਸੇਵਾਵਾਂ ਵਿਰੁੱਧ ਵੱਧ ਸ਼ਿਕਾਇਤਾਂ ਆਉਣਗੀਆਂ, ਉੱਥੇ ਤੁਰੰਤ ਸੁਧਾਰਾਤਮਕ ਕਦਮ ਚੁੱਕੇ ਜਾਣਗੇ। ਇਸਦੇ ਨਾਲ ਹੀ ਵਧੀਆ ਕੰਮ ਅਤੇ ਚੰਗੇ ਵਿਵਹਾਰ ਲਈ ਸਬੰਧਤ ਸਟਾਫ ਅਤੇ ਵਿਭਾਗਾਂ ਨੂੰ ਉਤਸ਼ਾਹਿਤ ਕਰਨ ਦੀ ਯੋਜਨਾ ਵੀ ਬਣਾਈ ਗਈ ਹੈ।
ਜਿਹੜੇ ਵਿਭਾਗ ਸਬੰਧੀ ਲੋਕ ਚੰਗੀ ਫੀਡ ਬੈਕ ਦੇਣਗੇ ਸਿਹਤ ਵਿਭਾਗ ਵੱਲੋਂ ਉਨ੍ਹਾਂ ਦਾ ਸਨਮਾਨ ਕਰਨ ਦੀ ਯੋਜਨਾ ਵੀ ਹੈ ਤਾਂ ਜੋ ਹੋਰ ਵਿਭਾਗ ਵੀ ਚੰਗਾ ਕੰਮ ਕਰਨ ਦੀ ਪ੍ਰੇਰਨਾ ਲੈ ਸਕਣ। ਸ਼ਹੀਦ ਭਾਈ ਮਨੀ ਸਿੰਘ ਸਰਕਾਰੀ ਹਸਪਤਾਲ ਦੇ ਐੱਸਐੱਮਓ ਡਾ. ਅਰੁਣ ਬਾਂਸਲ ਨੇ ਦੱਸਿਆ ਕਿ ਇਸ ਪ੍ਰਣਾਲੀ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਮਰੀਜ਼ਾਂ ਨੂੰ ਸ਼ਿਕਾਇਤ ਦਰਜ ਕਰਨ ਲਈ ਲੰਬੀ ਪ੍ਰਕਿਰਿਆ ਵਿੱਚੋਂ ਨਹੀਂ ਲੰਘਣਾ ਪਵੇਗਾ। ਇਲਾਜ ਦੇ ਤੁਰੰਤ ਬਾਅਦ ਲਿਆ ਗਿਆ ਫੀਡਬੈਕ ਜ਼ਿਆਦਾ ਸਹੀ ਅਤੇ ਪ੍ਰਭਾਵਸ਼ਾਲੀ ਹੁੰਦਾ ਹੈ, ਜਿਸ ਨਾਲ ਪ੍ਰਬੰਧਕਾਂ ਨੂੰ ਤੁਰੰਤ ਕਾਰਵਾਈ ਕਰਨ ਵਿੱਚ ਆਸਾਨੀ ਰਹੇਗੀ।
ਇਸ ਪ੍ਰਣਾਲੀ ਨਾ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੇ ਕੰਮ ਦੀ ਸਮੀਖਿਆ ਵੀ ਹੋ ਸਕੇਗੀ। ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਹ ਪ੍ਰਣਾਲੀ ਨੈਸ਼ਨਲ ਕੁਆਲਟੀ ਇੰਸ਼ੋਰੈਂਸ ਸਟੈਂਡਰਡ ਦੀਆਂ ਗਾਈਡਲਾਈਨਜ਼ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਪਰੰਪਰਾਗਤ ਸ਼ਿਕਾਇਤ ਪ੍ਰਣਾਲੀ ਨਾਲ ਤੁਲਨਾ ਕਰਦੇ ਹੋਏ ਇਹ ਵਿਵਸਥਾ ਹੋਰ ਵਧੇਰੇ ਪ੍ਰਭਾਵਸ਼ਾਲੀ ਮੰਨੀ ਜਾ ਰਹੀ ਹੈ, ਕਿਉਂਕਿ ਇਸ ਵਿੱਚ ਮਰੀਜ਼ਾਂ ਦਾ ਅਨੁਭਵ ਉਸੇ ਸਮੇਂ ਦਰਜ ਕੀਤਾ ਜਾਂਦਾ ਹੈ, ਜਦੋਂ ਉਹ ਇਲਾਜ ਕਰਵਾ ਰਹ ਹੁੰਦੇ ਹਨ। ਇਸ ਨਵੀਂ ਪਹਿਲ ਨਾਲ ਨਾ ਸਿਰਫ਼ ਹਸਪਤਾਲ ਸਟਾਫ ਦੀ ਜਵਾਬਦੇਹੀ ਤੈਅ ਹੋਵੇਗੀ, ਸਗੋਂ ਮਰੀਜ਼ਾਂ ਨੂੰ ਵੀ ਹੋਰ ਬਿਹਤਰ ਅਤੇ ਪਾਰਦਰਸ਼ੀ ਸਿਹਤ ਸੇਵਾਵਾਂ ਮਿਲਣਗੀਆਂ। ਆਉਣ ਵਾਲੇ ਸਮੇਂ ਵਿੱਚ ਇਸਦੇ ਸਕਾਰਾਤਮਕ ਨਤੀਜੇ ਦੇਖਣ ਦੀ ਉਮੀਦ ਜਤਾਈ ਜਾ ਰਹੀ ਹੈ।