ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ਦੇ ਰੋਸ ’ਚ ਰੋਡ ਜਾਮ
ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ਦੇ ਰੋਸ ਵਜੋਂ ਬਠਿੰਡਾ–ਮਾਨਸਾ ਰੋਡ ਜਾਮ
Publish Date: Mon, 16 Mar 2026 05:15 PM (IST)
Updated Date: Tue, 17 Mar 2026 04:07 AM (IST)

-ਮਾਮਲਾ ਦਰਜ ਹੋਣ ਦੇ ਬਾਵਜੂਦ ਪੁਲਿਸ ਦੋਸ਼ੀਆਂ ਨੂੰ ਨਹੀਂ ਕਰ ਰਹੀ ਗ੍ਰਿਫ਼ਤਾਰ : ਪੀੜਤਾ ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ ਥਾਣਾ ਸਦਰ ਬਠਿੰਡਾ ਵਿਚ ਦਰਜ ਇਕ ਮਾਮਲੇ ਵਿਚ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾ ਹੋਣ ਦੇ ਰੋਸ ਵਜੋਂ ਅੱਜ ਪੀੜਤ ਪਰਿਵਾਰਕ ਮੈਂਬਰਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ (ਹੀਰਕੇ) ਦੇ ਆਗੂਆਂ ਵੱਲੋਂ ਪੁਲਿਸ ਚੌਕੀ ਸਾਹਮਣੇ ਧਰਨਾ ਲਗਾਇਆ ਗਿਆ। ਜਾਣਕਾਰੀ ਮੁਤਾਬਕ ਕਰਮਜੀਤ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਪਿੰਡ ਗੁਰੂਸਰ ਗਿੱਦੜਬਾਹਾ ਵੱਲੋਂ ਹਰਜੀਤ ਸਿੰਘ, ਹਰਵਿੰਦਰ ਕੌਰ ਵਾਸੀ ਪਿੰਡ ਰਾਮਸਰਾ ਅਤੇ ਨਰਾਇਣ ਸਿੰਘ ਵਾਸੀ ਪਿੰਡ ਕੋਟਸ਼ਮੀਰ ਖ਼ਿਲਾਫ਼ ਥਾਣਾ ਸਦਰ ਬਠਿੰਡਾ ਵਿਚ ਮਾਮਲਾ ਦਰਜ ਕਰਵਾਇਆ ਗਿਆ ਸੀ। ਪੀੜਤਾ ਨੇ ਦੱਸਿਆ ਕਿ ਮਾਮਲਾ ਦਰਜ ਹੋਣ ਦੇ ਬਾਵਜੂਦ ਪੁਲਿਸ ਵੱਲੋਂ ਅਜੇ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਸਨੇ ਦੱਸਿਆ ਕਿ ਉਸਦਾ ਪਤੀ ਬਠਿੰਡਾ ਦੇ ਇਕ ਹਸਪਤਾਲ ਵਿਚ ਇਲਾਜ ਅਧੀਨ ਹੈ ਤੇ ਦੋਸ਼ੀ ਉੱਥੇ ਵੀ ਆ ਕੇ ਧਮਕੀਆਂ ਦੇਣ ਅਤੇ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਕਾਰਨ ਅੱਜ ਪਰਿਵਾਰਕ ਮੈਂਬਰਾਂ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਪਹਿਲਾਂ ਪੁਲਿਸ ਚੌਂਕੀ ਸਾਹਮਣੇ ਧਰਨਾ ਲਗਾ ਕੇ ਰੋਸ ਪ੍ਰਗਟ ਕੀਤਾ ਗਿਆ। ਇਸ ਤੋਂ ਬਾਅਦ ਧਰਨਾਕਾਰੀਆਂ ਵੱਲੋਂ ਬਠਿੰਡਾ–ਮਾਨਸਾ ਰੋਡ ‘ਤੇ ਧਰਨਾ ਲਗਾ ਕੇ ਆਵਾਜਾਈ ਰੋਕ ਦਿੱਤੀ ਗਈ, ਜਿਸ ਕਾਰਨ ਕੁਝ ਸਮੇਂ ਲਈ ਟ੍ਰੈਫਿਕ ਪ੍ਰਭਾਵਿਤ ਰਿਹਾ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਮਾਮਲੇ ਵਿਚ ਨਾਮਜ਼ਦ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ (ਹੀਰਕੇ) ਦੇ ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ, ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਜੌੜਕੀਆਂ, ਜ਼ਿਲ੍ਹਾ ਜਰਨਲ ਸਕੱਤਰ ਸੁੱਚਾ ਸਿੰਘ ਹੀਰਕੇ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੋਨੂੰ ਗਿੱਲ ਝੰਡਾ ਕਲਾਂ, ਬਲਾਕ ਪ੍ਰਧਾਨ ਜੱਸਾ ਸਿੰਘ ਝੰਡਾ ਕਲਾਂ, ਗੁਰਤੇਜ ਸਿੰਘ ਬੱਲੋ, ਬਲਾਕ ਪ੍ਰਧਾਨ ਗਿੱਦੜਬਾਹਾ ਜਗਦੇਵ ਸਿੰਘ, ਕਿਸਾਨ ਆਗੂ ਪਾਲ ਸਿੰਘ ਪਾਲੀ, ਜ਼ਿਲ੍ਹਾ ਖ਼ਜ਼ਾਨਚੀ ਮੁਕਤਸਰ ਸਾਹਿਬ ਮੰਦਰ ਸਿੰਘ ਅਤੇ ਹਰਬਿੰਦਰ ਸਿੰਘ ਕਟਾਰ ਸਿੰਘ ਵਾਲਾ ਆਦਿ ਹਾਜ਼ਰ ਸਨ। ਖ਼ਬਰ ਲਿਖੇ ਜਾਣ ਤਕ ਧਰਨਾ ਜਾਰੀ ਸੀ।