ਨਿਗਮ ਚੋਣਾਂ ਸਬੰਧੀ ਸਿਆਸੀ ਸਰਗਰਮੀਆਂ ਤੇਜ, ਭਾਜਪਾ ’ਚ ਟਿਕਟ ਵੰਡ ਨੂੰ ਲੈ ਕੇ ਬਣੀ ਉਲਝਣ
ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ, ਭਾਜਪਾ ’ਚ ਟਿਕਟ ਵੰਡ ਨੂੰ ਲੈ ਕੇ ਉਲਝਣਤਾਣੀ ਬਣੀ
Publish Date: Wed, 07 Jan 2026 04:32 PM (IST)
Updated Date: Thu, 08 Jan 2026 04:00 AM (IST)

-ਸਰੂਪ ਚੰਦ ਸਿੰਗਲਾ ਤੋਂ ਇਲਾਵਾ ਮਨਪ੍ਰੀਤ ਬਾਦਲ ਹਨ ਸਰਗਰਮ, ਦੋਵਾਂ ਦੀ ਖਿੱਚੋਤਾਣ ’ਚ ਫਸੇ ਵਰਕਰਜ਼ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਆਉਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਜਿੱਥੇ ਇਕ ਪਾਸੇ ਰਾਜਨੀਤਕ ਸਰਗਰਮੀਆਂ ਤੇਜ਼ ਹੋ ਰਹੀਆਂ ਹਨ, ਉੱਥੇ ਹੀ ਭਾਜਪਾ ’ਚ ਟਿਕਟ ਵੰਡ ਨੂੰ ਲੈ ਕੇ ਅਸੰਜਮ ਦੀ ਸਥਿਤੀ ਬਣੀ ਹੋਈ ਹੈ। ਚੋਣ ਲੜਨ ਦੇ ਇੱਛੁਕ ਬੀਜੇਪੀ ਦੇ ਉਮੀਦਵਾਰ ਇਸ ਸਮੇਂ ਸਭ ਤੋਂ ਵੱਧ ਉਲਝਣ ਵਿੱਚ ਦਿਖਾਈ ਦੇ ਰਹੇ ਹਨ। ਪਾਰਟੀ ’ਚ ਮਾਰਗਦਰਸ਼ਨ ਨੂੰ ਲੈ ਕੇ ਸਪੱਸ਼ਟਤਾ ਨਾ ਹੋਣ ਕਾਰਨ ਸੰਭਾਵੀ ਉਮੀਦਵਾਰ ਇਹ ਸਮਝ ਨਹੀਂ ਪਾ ਰਹੇ ਕਿ ਟਿਕਟ ਲਈ ਸਿਫਾਰਸ਼ ਕਿਸ ਕੋਲ ਕਰਵਾਈ ਜਾਵੇ, ਕਿਊਂਕਿ ਸ਼ਹਿਰ ਸਰੂਪ ਚੰਦ ਸਿੰਗਲਾ ਦੇ ਨਾਲ ਨਾਲ ਮਨਪ੍ਰੀਤ ਸਿੰਘ ਬਾਦਲ ਵੀ ਕੁੱਝ ਸਮੇਂ ਤੋਂ ਸਰਗਰਮ ਹਨ। ਬੀਜੇਪੀ ਵੱਲੋਂ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਜੀਵਨ ਗੁਪਤਾ ਨੂੰ ਇੰਚਾਰਜ ਅਤੇ ਮੋਨਾ ਜੈਸਵਾਲ ਨੂੰ ਬਠਿੰਡਾ ਦਾ ਕੋ-ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਸਮੇਂ ਸੰਗਠਨ ਵਿੱਚ ਸ਼ਹਿਰੀ ਪੱਧਰ ’ਤੇ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਕਾਫ਼ੀ ਸਰਗਰਮ ਹਨ, ਜਦਕਿ ਦੂਜੇ ਪਾਸੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਪਾਰਟੀ ਗਤੀਵਿਧੀਆਂ ਵਿੱਚ ਲਗਾਤਾਰ ਸਰਗਰਮ ਨਜ਼ਰ ਆ ਰਹੇ ਹਨ। ਦੋਵੇਂ ਆਗੂਆਂ ਦੀ ਬੜੀ ਸਰਗਰਮੀ ਕਾਰਨ ਪਾਰਟੀ ਵਰਕਰਾਂ ਤੇ ਇੱਛੁਕ ਉਮੀਦਵਾਰਾਂ ’ਚ ਭਰਮ ਦੀ ਸਥਿਤੀ ਪੈਦਾ ਹੋ ਗਈ ਹੈ। ਉਮੀਦਵਾਰ ਇਹ ਨਿਰਧਾਰਤ ਨਹੀਂ ਕਰ ਪਾ ਰਹੇ ਕਿ ਟਿਕਟ ਲਈ ਜ਼ਿਲ੍ਹਾ ਪ੍ਰਧਾਨ ਨਾਲ ਸੰਪਰਕ ਕੀਤਾ ਜਾਵੇ ਜਾਂ ਮਨਪ੍ਰੀਤ ਸਿੰਘ ਬਾਦਲ ਦੇ ਖੇਮੇ ਦਾ ਰੁਖ ਕੀਤਾ ਜਾਵੇ। ਸੂਤਰਾਂ ਮੁਤਾਬਕ ਭਾਜਪਾ ’ਚ ਉਲਝਣ ਸਿਰਫ ਟਿਕਟ ਵੰਡ ਤਕ ਹੀ ਸੀਮਤ ਨਹੀਂ, ਸਗੋਂ ਪਾਰਟੀ ਸੰਗਠਨ ਦੀ ਜ਼ਮੀਨੀ ਸਥਿਤੀ ਵੀ ਕਮਜ਼ੋਰ ਮੰਨੀ ਜਾ ਰਹੀ ਹੈ। ਸ਼ਹਿਰ ਦੇ ਕਈ ਵਾਰਡਾਂ ਵਿੱਚ ਪਾਰਟੀ ਨੂੰ ਐਸੇ ਚਿਹਰੇ ਨਹੀਂ ਮਿਲ ਰਹੇ ਜੋ ਚੋਣ ਮੈਦਾਨ ਵਿੱਚ ਉਤਰਣ ਲਈ ਤਿਆਰ ਹੋਣ। ਕੁਝ ਵਾਰਡਾਂ ’ਚ ਮਜ਼ਬੂਤ ਤੇ ਪ੍ਰਭਾਵਸ਼ਾਲੀ ਉਮੀਦਵਾਰਾਂ ਦੀ ਘਾਟ ਸਾਫ਼ ਦਿਖਾਈ ਦੇ ਰਹੀ ਹੈ। ਇਸ ਕਾਰਨ ਟਿਕਟ ਦੇ ਦਾਅਵੇਦਾਰ ਘੱਟ ਅਤੇ ਅੰਦਰੂਨੀ ਖਿੱਚਤਾਨ ਜ਼ਿਆਦਾ ਨਜ਼ਰ ਆ ਰਹੀ ਹੈ। ਭਾਜਪਾ ਦੇ ਵਰਕਰਾਂ ਦਾ ਕਹਿਣਾ ਹੈ ਕਿ ਪਿਛਲੀਆਂ ਕੁਝ ਚੋਣਾਂ ’ਚ ਪਾਰਟੀ ਨੂੰ ਨਿਗਮ ਪੱਧਰ ‘ਤੇ ਉਮੀਦਾਂ ਅਨੁਸਾਰ ਸਫਲਤਾ ਪ੍ਰਾਪਤ ਨਹੀਂ ਹੋਈ। ਇਸ ਕਰਕੇ ਕਈ ਪੁਰਾਣੇ ਅਤੇ ਸਰਗਰਮ ਵਰਕਰ ਚੋਣ ਲੜਨ ਤੋਂ ਕਤਰਾਉਣ ਲੱਗੇ ਹਨ। ਕੁਝ ਨੇਤਾਵਾਂ ਨੂੰ ਇਹ ਵੀ ਚਿੰਤਾ ਹੈ ਕਿ ਜੇਕਰ ਸੰਗਠਨ ਨੂੰ ਮਜ਼ਬੂਤ ਨਾ ਕੀਤਾ ਗਿਆ ਤਾਂ ਚੋਣਾਂ ਵਿੱਚ ਪਾਰਟੀ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ। ਦੂਜੇ ਪਾਸੇ ਨਵੇਂ ਚਿਹਰਿਆਂ ਨੂੰ ਮੈਦਾਨ ਵਿੱਚ ਉਤਾਰਨ ਦੀ ਚਰਚਾ ਤਾਂ ਹੈ, ਪਰ ਨਵੇਂ ਚਿਹਰਿਆਂ ਬਾਰੇ ਕੋਈ ਪੱਕੀ ਰਣਨੀਤੀ ਅਜੇ ਸਾਹਮਣੇ ਨਹੀਂ ਆਈ। ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਪਾਰਟੀ ਸਮੇਂ ਰਹਿੰਦਿਆਂ ਸਪਸ਼ਟ ਆਗੂ ਦੀ ਅਗਵਾਈ ਅਤੇ ਟਿਕਟ ਵੰਡ ਦੀ ਪ੍ਰਕਿਰਿਆ ਤੈਅ ਨਹੀਂ ਕਰਦੀ, ਤਾਂ ਇਸਦਾ ਸਿੱਧਾ ਅਸਰ ਚੋਣ ਨਤੀਜਿਆਂ ‘ਤੇ ਪੈ ਸਕਦਾ ਹੈ। ਉਮੀਦਵਾਰਾਂ ਵਿੱਚ ਭਰੋਸਾ ਪੈਦਾ ਕਰਨਾ ਅਤੇ ਸੰਗਠਨ ਨੂੰ ਇਕਜੁੱਟ ਕਰਨਾ ਇਸ ਸਮੇਂ ਬੀਜੇਪੀ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਭਾਜਪਾ ਦੇ ਕੁਝ ਸੀਨੀਅਰ ਨੇਤਾਵਾਂ ਦਾ ਕਹਿਣਾ ਹੈ ਕਿ ਪਾਰਟੀ ਹਾਈਕਮਾਨ ਵੱਲੋਂ ਸਥਿਤੀ ਸਪਸ਼ਟ ਕਰ ਦਿੱਤੀ ਜਾਵੇਗੀ ਅਤੇ ਟਿਕਟ ਵੰਡ ਸੰਬੰਧੀ ਅੰਤਿਮ ਫੈਸਲਾ ਲਿਆ ਜਾਵੇਗਾ। ਕੁੱਲ ਮਿਲਾ ਕੇ ਨਿਗਮ ਚੋਣਾਂ ਤੋਂ ਪਹਿਲਾਂ ਬੀਜੇਪੀ ਅੰਦਰ ਚੱਲ ਰਹੀ ਇਹ ਉਲਝਣ ਪਾਰਟੀ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਪਾਰਟੀ ਇਸ ਚੁਣੌਤੀ ਦਾ ਹੱਲ ਕਿਵੇਂ ਕੱਢਦੀ ਹੈ।