- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ਿਆਂ ਦੀ ਵਿਕਰੀ ‘ਤੇ ਸਖ਼ਤੀ: ਕੋਟਸ਼ਮੀਰ ਚੌਕੀ ਦਾ ਸਾਰਾ ਸਟਾਫ਼ ਬਦਲਿਆ, ਮੁੱਖ ਮੰਤਰੀ ਦੇ ਆਦੇਸ਼ਾਂ ਬਾਅਦ ਹੋਈ ਕਾਰਵਾਈ

-ਮੁੱਖ ਮੰਤਰੀ ਨੇ ਕਾਰਵਾਈ ਕਰਦਿਆਂ ਲਾਪਰਵਾਹ ਅਧਿਕਾਰੀਆਂ ਨੂੰ ਦਿੱਤੀ ਚਿਤਾਵਨੀ, ਨਸ਼ੇ ਵਿਕਣ ’ਤੇ ਲਾਈ ਪਾਬੰਦੀ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਜ਼ਿਲ੍ਹੇ ਵਿੱਚ ਨਸ਼ਿਆਂ ਦੇ ਖਿਲਾਫ ਪੁਲਿਸ ਦੀ ਲਾਪਰਵਾਹੀ ਇਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਪਿੰਡਾਂ ਵਿੱਚ ਖੁਲ੍ਹੇਆਮ ਨਸ਼ਾ ਵੇਚੇ ਜਾਣ ਅਤੇ ਨੌਜਵਾਨਾਂ ਦੀ ਮੌਤ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡਾ ਪ੍ਰਸ਼ਾਸਕੀ ਕਦਮ ਉਠਾਇਆ ਹੈ। ਇਸਦੇ ਤਹਿਤ ਸਦਰ ਥਾਣੇ ਦੇ ਅਧੀਨ ਆਉਣ ਵਾਲੀ ਕੋਟਸਮੀਰ ਪੁਲਿਸ ਚੌਕੀ ਦੇ ਸਾਰੇ ਸਟਾਫ਼ ਨੂੰ ਤੁਰੰਤ ਪ੍ਰਭਾਵ ਨਾਲ ਜ਼ਿਲ੍ਹੇ ਤੋਂ ਬਾਹਰ ਟਰਾਂਸਫਰ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਐਤਵਾਰ ਨੂੰ ਬਠਿੰਡਾ ਸਥਿਤ ਬਲਵੰਤ ਗਾਰਗੀ ਆਡੀਟੋਰੀਅਮ ਵਿੱਚ ਹੋਈ ਇਕ ਮੀਟਿੰਗ ਦੌਰਾਨ ਕੀਤੀ ਗਈ, ਜਿੱਥੇ ਮੁੱਖ ਮੰਤਰੀ ਮਾਨ ਪਾਰਟੀ ਵਰਕਰਾਂ, ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰ ਰਹ ਸਨ। ਇਸ ਦੌਰਾਨ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਨੇ ਮੁੰਖ ਮੰਤਰੀ ਕੋਲ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਰੱਖੀਆਂ।
ਬਾਕਸ
-ਪਿੰਡ ਗੁਲਾਬਗੜ੍ਹ ਤੋਂ ਉਠੀ ਸ਼ਿਕਾਇਤ, ਮੀਟਿੰਗ ਦੌਰਾਨ ਹੜਕੰਪ
ਮੀਟਿੰਗ ਦੌਰਾਨ ਪਿੰਡ ਗੁਲਾਬਗੜ੍ਹ ਦੇ ਸਰਪੰਚ ਅਤੇ ਪੰਚਾਇਤੀ ਮੈਂਬਰਾਂ ਨੇ ਖੇਤਰ ਵਿੱਚ ਫੈਲ ਰਹੇ ਨਸ਼ਿਆਂ ਦੇ ਮੁੱਦੇ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਸਨਮੁੱਖ ਬੜੇ ਜੋਰ ਨਾਲ ਉਠਾਇਆ। ਸਰਪੰਚ ਲੱਖਾ ਸਿੰਘ ਨੇ ਦਾਅਵਾ ਕੀਤਾ ਕਿ ਪਿੰਡ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਨਸ਼ਾ ਖੁਲ੍ਹੇਆਮ ਵੇਚਿਆ ਜਾ ਰਿਹਾ ਹੈ, ਜਿਸ ਨਾਲ ਕਈ ਨੌਜਵਾਨਾਂ ਦੀ ਮੌਤ ਹੋ ਚੁਕੀ ਹੈ। ਹਾਲ ਹੀ ਵਿੱਚ ਦੋ ਨੌਜਵਾਨਾਂ ਦੀ ਮੌਤ ਦੇ ਮਾਮਲੇ ਵੀ ਸਾਹਮਣੇ ਆਏ ਹਨ। ਉਨ੍ਹਾਂ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦਾ ਕਿ ਇਸ ਸਬੰਧ ਵਿੱਚ ਕਈ ਵਾਰ ਥਾਣਾ ਸਦਰ ਬਠਿੰਡਾ ਅਤੇ ਕੋਟਸ਼ਮੀਰ ਚੌਕੀ ਵਿੱਚ ਲਿਖਤੀ ਸ਼ਿਕਾਇਤਾਂ ਦਿੱਤੀਆਂ ਗਈਆਂ, ਪਰ ਪੁਲਿਸ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਸਗੋਂ ਮਾਮਲੇ ਵਿਚ ਲਗਾਤਾਰ ਟਾਲਮਟੋਲ ਕੀਤੀ ਜਾਂਦੀ ਰਹੀ। ਸਰਪੰਚ ਦੀ ਇਹ ਗੱਲ ਸੁਣ ਕੇ ਮੁੱਖ ਮੰਤਰੀ ਦਾ ਗੁੱਸਾ ਚੜ੍ਹ ਗਿਆ ਅਤੇ ਉਨ੍ਹਾਂ ਕਿਹਾ ਕਿ ਅਜਿਹੇ ਮੁਲਜ਼ਮਾਂ ਦੀ ਕੋਈ ਲੋੜ ਨਹੀਂ ਹੈ ਜਿਹੜੇ ਨਸ਼ਿਆਂ ਦੇ ਮਾਮਲੇ ਵਿਚ ਢਿੱਲ ਵਰਤਦੇ ਹਨ।
ਬਾਕਸ
-ਸਾਰਾ ਸਟਾਫ਼ ਬਦਲਣ ਦੇ ਦਿੱਤੇ ਹੁਕਮ
ਸਰਪੰਚ ਤੇ ਪੰਚਾਇਤ ਵੱਲੋਂ ਇਸ ਖੇਤਰ ਵਿਚ ਨਸ਼ੇ ਵਿਕਣ ਦੇ ਮੁੱਦੇ ਨੂੰ ਗੰਭੀਰਤਾ ਲੈਂਦਿਆਂ ਮੁੱਖ ਮੰਤਰੀ ਨੇ ਤਰੁੰਤ ਸਬੰਧਤ ਥਾਣੇ ਦੇ ਸਾਰੇ ਸਟਾਫ਼ ਨੂੰ ਤਬਦੀਲ ਕਰਨ ਦੇ ਹੁਕਮ ਦਿੱਤੇ। ਮੁੱਖ ਮੰਤਰੀ ਭਗਵੰਤ ਮਾਨ ਨੇ ਮੌਕੇ ‘ਤੇ ਹੀ ਹਰਜੀਤ ਸਿੰਘ ਡੀਆਈਜੀ, ਬਠਿੰਡਾ ਰੇਂਜ ਨਾਲ ਗੱਲ ਕਰਕੇ ਤੁਰੰਤ ਕਾਰਵਾਈ ਦੇ ਹੁਕਮ ਦਿੱਤੇ। ਹੁਕਮ ਦੇ ਬਾਅਦ ਡੀਆਈਜੀ ਨੇ ਕੋਟਸ਼ਮੀਰ ਪੁਲਿਸ ਚੌਕੀ ਦੇ ਇੰਚਾਰਜ ਸਮੇਤ ਕੁੱਲ 11 ਪੁਲਿਸ ਕਰਮੀਆਂ ਨੂੰ ਮਾਨਸਾ ਜ਼ਿਲ੍ਹੇ ਵਿੱਚ ਤਬਦੀਲ ਕਰਨ ਦੇ ਹੁਕਮ ਜਾਰੀ ਕੀਤੇ। ਇਸਦੇ ਨਾਲ ਹੀ ਸਬੰਧਤ ਅਧਿਕਾਰੀਆਂ ਨੂੰ ਹੁਕਮ ਦਿੱਤਾ ਗਿਆ ਕਿ ਚੌਕੀ ਵਿੱਚ ਨਵਾਂ ਸਟਾਫ਼ ਜਲਦੀ ਤਾਇਨਾਤ ਕੀਤਾ ਜਾਵੇ, ਤਾਂ ਜੋ ਕਾਨੂੰਨ-ਵਿਵਸਥਾ ਪ੍ਰਭਾਵਿਤ ਨਾ ਹੋਵੇ।
ਬਾਕਸ
-ਨਸ਼ਿਆਂ ‘ਤੇ ਕੋਈ ਸਮਝੌਤਾ ਨਹੀਂ: ਮੁੱਖ ਮੰਤਰੀ
ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਖ਼ਤਮ ਕਰਨ ਨੂੰ ਪਹਿਲ ਦੇ ਅਧਾਰ ’ਤੇ ਕੰਮ ਕਰ ਰਹੀ ਹੈ। ਇਸਦੇ ਬਾਵਜੂਦ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਇਸ ਗੰਭੀਰ ਮਾਮਲੇ ਨੂੰ ਹਲਕੇ ਵਿੱਚ ਲੈਂਦਾ ਹੈ ਤਾਂ ਉਸਦੇ ਖਿਲਾਫ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਚ ਲਾਪਰਵਾਹੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੁਲਿਸ ਅਧਿਕਾਰੀਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਹੋਵੇਗੀ, ਨਹੀਂ ਤਾਂ ਕਾਰਵਾਈ ਲਈ ਤਿਆਰ ਰਹਿਣਾ ਪਏਗਾ।
ਬਾਕਸ
-ਬਕਾਇਆ ਰਹਿੰਦੀਆਂ ਸ਼ਿਕਾਇਤਾਂ ‘ਤੇ ਨਾਰਾਜ਼ਗੀ
ਮੀਟਿੰਗ ਦੌਰਾਨ ਪਾਰਟੀ ਵਰਕਰਾਂ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਲੰਬਿਤ ਪਈ ਸ਼ਿਕਾਇਤਾਂ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਦੱਸਿਆ ਕਿ ਕਈ ਮਾਮਲਿਆਂ ਵਿੱਚ ਛੇ-ਛੇ ਮਹੀਨੇ ਤਕ ਕੋਈ ਕਾਰਵਾਈ ਨਹੀਂ ਹੁੰਦੀ, ਜਿਸ ਨਾਲ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੇ ਖਾਸ ਕਰਕੇ ਪੁਲਿਸ ਦੇ ਕੰਮ ਕਾਜ ’ਤੇ ਨਰਾਜ਼ਗੀ ਪ੍ਰਗਟ ਕੀਤੀ। ਇਸ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਰੇ ਵਿਭਾਗਾਂ ਨੂੰ ਹੁਕਮ ਦਿੱਤਾ ਕਿ ਆਪਣੇ-ਆਪਣੇ ਦਫਤਰਾਂ ਵਿੱਚ ਲੰਬਿਤ ਸ਼ਿਕਾਇਤਾਂ ਦੀ ਸਮੀਖਿਆ ਕਰਨ ਅਤੇ ਉਨ੍ਹਾਂ ਦਾ ਸਮੇਂ-ਬੱਧ ਨਿਪਟਾਰਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਹਰ ਮਹੀਨੇ ਇਹ ਮਾਮਲੇ ਰਿਵਿਊ ਕੀਤੇ ਜਾਣ ਅਤੇ ਲਾਪਰਵਾਹ ਅਧਿਕਾਰੀਆਂ ਉੱਤੇ ਕਾਰਵਾਈ ਦੀ ਗੱਲ ਕੀਤੀ।
ਬਾਕਸ
-ਪੁਲਿਸ ’ਤੇ ਦਬਾਅ ਵਧਿਆ
ਮੁੱਖ ਮੰਤਰੀ ਦੀ ਇਸ ਕਾਰਵਾਈ ਦੇ ਬਾਅਦ ਪੁਲਿਸ ਮਹਕਮੇ ਵਿੱਚ ਹੜਕੰਪ ਮਚ ਗਿਆ ਹੈ। ਨਸ਼ਿਆਂ ਦੇ ਮਾਮਲਿਆਂ ਵਿੱਚ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਉੱਤੇ ਹੁਣ ਸਖ਼ਤ ਨਿਗਰਾਨੀ ਰੱਖੀ ਜਾਵੇਗੀ। ਸੂਤਰਾਂ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਹੋਰ ਸੰਵੇਦਨਸ਼ੀਲ ਖੇਤਰਾਂ ਵਿੱਚ ਵੀ ਇਸ ਤਰ੍ਹਾਂ ਦੀ ਸਮੀਖਿਆ ਕੀਤੀ ਜਾ ਸਕਦੀ ਹੈ। ਪਿੰਡ ਗੁਲਾਬਗੜ੍ਹ ਤੇ ਆਲੇ-ਦੁਆਲੇ ਦੇ ਲੋਕਾਂ ਨੇ ਮੁੱਖ ਮੰਤਰੀ ਦੇ ਇਸ ਕਦਮ ਦਾ ਸਵਾਗਤ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਇਸੇ ਤਰ੍ਹਾਂ ਸਖ਼ਤੀ ਜਾਰੀ ਰਹੀ, ਤਾਂ ਨਸ਼ਿਆਂ ਦੇ ਕਾਰੋਬਾਰ ‘ਤੇ ਪੂਰੀ ਤਰ੍ਹਾਂ ਕੰਟਰੋਲ ਕੀਤਾ ਜਾ ਸਕੇਗਾ ਅਤੇ ਨੌਜਵਾਨਾਂ ਨੂੰ ਬਚਾਇਆ ਜਾ ਸਕੇਗਾ। ਇਸ ਖ਼ਬਰ ਵਿੱਚ ਮੁੱਖ ਮੰਤਰੀ ਦੇ ਐਕਸ਼ਨ, ਪੁਲਿਸ ਟ੍ਰਾਂਸਫਰ, ਨਸ਼ਿਆਂ ਦੇ ਖਿਲਾਫ ਸਖ਼ਤ ਰੁੱਖ ਅਤੇ ਆਮ ਲੋਕਾਂ ਦੀ ਪ੍ਰਤੀਕਿਰਿਆ ਸਪੱਸ਼ਟ ਤੌਰ ‘ਤੇ ਦਰਸਾਈ ਹੈ।