- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਲੂਕਾ ਸਕੂਲ ਵੱਲੋਂ ਨਵੇ ਦਾਖਲੇ ਸਬੰਧੀ ਰੈਲੀ ਕੱਢੀ

-ਬੱਚਿਆਂ ਨੂੰ ਸਰਕਾਰੀ ਸਕੂਲ ’ਚ ਦਾਖਲ ਕਰਵਾਉਣ ਲਈ ਮਾਪਿਆਂ ਨੂੰ ਕੀਤਾ ਪ੍ਰੇਰਿਤ
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ
ਨਵੇਂ ਵਿੱਦਿਅਕ ਸੈਸ਼ਨ 2026-27 ਲਈ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ 'ਨਵਾਂ ਦਾਖਲਾ ਵਧਾਉਣ ਲਈ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਲੂਕਾ ਵੱਲੋਂ ਦਾਖ਼ਲਾ ਰੈਲੀ ਕੱਢੀ ਗਈ। ਦਾਖ਼ਲਾ ਰੈਲੀ ਸਕੂਲ ਤੋਂ ਸ਼ੁਰੂ ਹੋ ਕੇ ਪਿੰਡ ਦੀਆਂ ਵੱਖ ਜਗ੍ਹਾ ਤੋਂ ਗੁਜ਼ਰੀ ਅਤੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ 'ਚ ਦਾਖ਼ਲ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸੇ ਦੌਰਾਨ ਪਿੰਡ ਦੀਆਂ ਸਾਝੀਆਂ ਥਾਵਾਂ 'ਤੇ ਲੋਕਾਂ ਨੂੰ ਸਕੂਲਾਂ ਵਿੱਚ ਸਰਕਾਰ ਵੱਲੋਂ ਮਿਲਦੀਆਂ ਸਹੂਲਤਾਂ ਬਾਰੇ ਵੀ ਦੱਸਿਆ ਗਿਆ। ਸਕੂਲ ਮੁੱਖੀ ਬੇਅੰਤ ਸਿੰਘ ਮਲੂਕਾ ਸਟੇਟ ਐਵਾਰਡੀ ਨੇ ਦੱਸਿਆ ਹੈ ਕਿ ਨਵੇਂ ਦਾਖ਼ਲਿਆਂ ਲਈ ਹੋਰ ਵੀ ਵਡਮੁੱਲੇ ਯਤਨ ਕੀਤੇ ਜਾ ਰਹੇ ਹਨ। ਸਮੂਹ ਸਟਾਫ਼ ਵੱਲੋਂ ਮੋਬਾਈਲ ਰਾਹੀਂ ਬੱਚਿਆਂ ਦੇ ਮਾਪਿਆਂ ਨਾਲ ਨਿੱਜੀ ਤੌਰ 'ਤੇ ਗੱਲਬਾਤ ਕਰਕੇ ਉਨ੍ਹਾਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਹੋਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਆਨਲਾਈਨ ਵਿਧੀ ਰਾਹੀਂ ਵੀ ਬੱਚਿਆਂ ਦਾ ਦਾਖਲਾ ਕੀਤਾ ਜਾ ਰਿਹਾ ਹੈ।
ਇੱਥੇ ਵਰਣਨਯੋਗ ਹੈ ਕਿ ਸਕੂਲ ਦੇ ਮਿਹਨਤੀ ਅਧਿਆਪਕਾਂ ਵੱਲੋਂ ਘਰ-ਘਰ ਦਾਖ਼ਲਾ ਮੁਹਿੰਮ ਚਲਾਈ ਜਾ ਰਹੀ ਹੈ। ਪਹਿਲਾਂ ਤੋਂ ਪੜ੍ਹ ਰਹੇ ਬੱਚਿਆਂ, ਪਿੰਡ ਦੀ ਪੰਚਾਇਤ, ਐੱਸਐੱਮਸੀ ਕਮੇਟੀ ਅਤੇ ਯੂਥ ਕਲੱਬਾਂ ਆਦਿ ਦੇ ਸਹਿਯੋਗ ਨਾਲ ਨਵੇਂ ਦਾਖ਼ਲ ਹੋਣ ਵਾਲੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਦੀਆਂ ਸਹੂਲਤਾਂ ਬਾਰੇ ਦੱਸ ਕੇ ਦਾਖ਼ਲੇ ਲਈ ਮੁਹਿੰਮ ਚਲਾਈ ਜਾ ਰਹੀ ਹੈ। ਹੁਣ ਤੱਕ 41 ਨਵੇਂ ਬੱਚਿਆਂ ਦਾ ਦਾਖਲਾ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਸਕੂਲ ਦਾ ਫੇਸਬੁੱਕ ਪੇਜ਼/ਮਾਪਿਆਂ ਦਾ ਵਟਸਐਪ ਗਰੁੱਪ ਵੀ ਬਣਾਇਆ ਗਿਆ ਹੈ। ਦਾਖਲ ਹੋ ਚੁੱਕੇ ਬੱਚਿਆਂ ਨੂੰ ਜਮਾਤ ਵਾਈਜ਼ ਵਟਸ ਐਪ ਗਰੁੱਪ ਬਣਾ ਕੇ ਸਮੂਹ ਸਟਾਫ਼ ਵੱਲੋਂ ਉਨ੍ਹਾਂ ਨੂੰ ਲਗਾਤਾਰ ਕੰਮ ਦਿੱਤਾ ਰਿਹਾ ਹੈ। ਸਮੂਹ ਸਕੂਲ ਸਟਾਫ਼ ਵੱਲੋਂ ਨਵਾਂ ਦਾਖ਼ਲਾ ਮੁਹਿੰਮ ਨੂੰ ਇੰਨੇ ਵਿਧੀਬੱਧ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ ਕਿ ਆਸ-ਪਾਸ ਦੇ ਪਿੰਡਾਂ ਵਿੱਚੋਂ ਬੱਚੇ ਵੀ ਲਗਾਤਾਰ ਦਾਖਲ ਹੋ ਰਹੇ ਹਨ। ਜ਼ਿਆਦਾਤਰ ਬੱਚੇ ਪ੍ਰਾਈਵੇਟ ਸਕੂਲਾਂ ਵਿੱਚੋਂ ਹਟਕੇ ਆ ਰਹੇ ਹਨ। ਦੱਸਣਯੋਗ ਹੈ ਕਿ ਪਿਛਲੇ ਸੈਸ਼ਨ ਦੌਰਾਨ ਨਵੇਂ ਦਾਖਲਿਆਂ ਵਿੱਚ ਪਾਇਮਰੀ ਸਕੂਲ ਮਲੂਕਾ ਨੇ ਜ਼ਿਲ੍ਹੇ ਭਰ ਵਿੱਚੋਂ ਰਿਕਾਰਡ ਯੋਗ ਵਾਧਾ ਦਰਜ ਕੀਤਾ ਸੀ। ਸਕੂਲ ਮੁਖੀ ਨੇ ਦੱਸਿਆ ਕਿ ਸਮੁੱਚਾ ਸਕੂਲ, ਸਮਾਰਟ ਸਕੂਲ ਹੈ। ਹਰ ਜਮਾਤ ਵਿਚ ਐੱਲਈਡੀ ਪ੍ਰੋਜੈਕਟਰ, ਟੱਚ ਪੈਨਲ, ਸੀਸੀਟੀਵੀ ਕੈਮਰੇ, ਫਰਨੀਚਰ, ਪਾਰਕ, ਝੂਲੇ ਆਦਿ ਲੱਗੇ ਹੋਏ ਹਨ। ਨਰਸਰੀ ਜਮਾਤ ਨੂੰ ਵਿਸ਼ੇਸ਼ ਤਵੱਜੋ ਦਿੱਤੀ ਗਈ ਹੈ। ਬੱਚਿਆਂ ਦੇ ਆਉਣ-ਜਾਣ ਲਈ ਸਕੂਲ ਵੈਨਾਂ ਦਾ ਯੋਗ ਪ੍ਰਬੰਧ ਹੈ। ਹੁਣ ਨਵੇਂ ਵਿੱਦਿਅਕ ਸੈਸ਼ਨ ਤੋਂ ਦਾਖਲੇ ਹੋਰ ਵਧਣ ਦੀ ਉਮੀਦ ਹੈ,ਯਤਨ ਲਗਾਤਾਰ ਜਾਰੀ ਹਨ। ਅੱਜ ਰੀ ਰੈਲੀ ਦੀ ਸਫ਼ਲਤਾ ਲਈ ਹਰਜਿੰਦਰ ਸਿੰਘ ਬੁਰਜ ਥਰੋੜ, ਕੁਲਦੀਪ ਸ਼ਰਮਾ ਭਗਤਾ, ਅਮਰੀਕ ਸਿੰਘ ਕਲਿਆਣ, ਸੁਖਜਿੰਦਰ ਸਿੰਘ ਘਣੀਆਂ, ਸੁਖਜੀਤ ਕੌਰ, ਜਸਵਿੰਦਰ ਕੌਰ, ਰਾਜਵਿੰਦਰ ਕੌਰ, ਮਨਦੀਪ ਕੌਰ, ਮਨਦੀਪ ਕੌਰ ਬੱਬੂ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ।