ਨਗਰ ਸੁਧਾਰ ਟਰੱਸਟ ਦੇ ਦਫ਼ਤਰ ’ਚ ਮਨਾਈ ਲੋਹੜੀ
ਚੇਅਰਮੈਨ ਭੱਲਾ ਦੀ ਅਗਵਾਈ ਹੇਠ ਨਗਰ ਸੁਧਾਰ ਟਰੱਸਟ ਦੇ ਦਫ਼ਤਰ ਵਿੱਚ ਲੋਹੜੀ ਮਨਾਈ
Publish Date: Tue, 13 Jan 2026 04:55 PM (IST)
Updated Date: Wed, 14 Jan 2026 04:01 AM (IST)

-ਦਫ਼ਤਰਾਂ ’ਚ ਅਜਿਹੇ ਸਮਾਗਮ ਸਾਂਝ, ਸਹਿਯੋਗ ਤੇ ਇਕਜੁੱਟਤਾ ਨੂੰ ਵਧਾਉਂਦੇ ਹਨ : ਜਤਿੰਦਰ ਭੱਲਾ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਨਗਰ ਸੁਧਾਰ ਟਰੱਸਟ ਦੇ ਦਫ਼ਤਰ ਵਿੱਚ ਲੋਹੜੀ ਦਾ ਤਿਓਹਾਰ ਪੂਰੇ ਉਤਸ਼ਾਹ ਅਤੇ ਰਵਾਇਤੀ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ’ਤੇ ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਦੀ ਅਗਵਾਈ ਹੇਠ ਦਫ਼ਤਰ ਦੇ ਸਮੂਹ ਅਧਿਕਾਰੀ ਅਤੇ ਕਰਮਚਾਰੀ ਇਕੱਠੇ ਹੋਏ ਅਤੇ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਟਰੱਸਟ ਦੇ ਅਹਾਤੇ ਵਿੱਚ ਤਿਓਹਾਰੀ ਮਾਹੌਲ ਬਣਿਆ ਹੋਇਆ ਸੀ ਅਤੇ ਸਾਰਾ ਸਟਾਫ਼ ਉਤਸ਼ਾਹ ਨਾਲ ਸਮਾਗਮ ਵਿੱਚ ਸ਼ਾਮਲ ਹੋਇਆ। ਸਮਾਗਮ ਦੌਰਾਨ ਰਵਾਇਤੀ ਤੌਰ ’ਤੇ ਲੋਹੜੀ ਨਾਲ ਸਬੰਧਤ ਮੂੰਗਫਲੀਆਂ, ਰਿਓੜੀਆਂ, ਗੱਚਕ ਅਤੇ ਹੋਰ ਸਮੱਗਰੀ ਵੰਡੀਂ ਗਈ। ਕਰਮਚਾਰੀਆਂ ਨੇ ਇਕ-ਦੂਜੇ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ ਅਤੇ ਖੁਸ਼ੀਆਂ ਮਨਾਈਆਂ। ਲੋਹੜੀ ਦੇ ਇਸ ਪਾਵਨ ਤਿਓਹਾਰ ਨੇ ਦਫ਼ਤਰ ਦੇ ਮਾਹੌਲ ਨੂੰ ਹੋਰ ਵੀ ਸੁਹਾਵਣਾ ਬਣਾ ਦਿੱਤਾ। ਕਰਮਚਾਰੀਆਂ ਨੇ ਰਵਾਇਤੀ ਗੀਤਾਂ ਤੇ ਗੱਲਬਾਤ ਰਾਹੀਂ ਤਿਓਹਾਰ ਦੀ ਮਹੱਤਤਾ ਨੂੰ ਯਾਦ ਕੀਤਾ। ਇਸ ਮੌਕੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਸਮੂਹ ਸਟਾਫ਼ ਨੂੰ ਲੋਹੜੀ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਲੋਹੜੀ ਪੰਜਾਬ ਦੇ ਸੱਭਿਆਚਾਰ ਅਤੇ ਰਵਾਇਤਾਂ ਨਾਲ ਜੁੜਿਆ ਮਹੱਤਵਪੂਰਨ ਤਿਓਹਾਰ ਹੈ। ਉਨ੍ਹਾਂ ਕਿਹਾ ਕਿ ਅਜਿਹੇ ਤਿਓਹਾਰ ਸਾਡੇ ਸਮਾਜ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ ਤੇ ਇਕ-ਦੂਜੇ ਪ੍ਰਤੀ ਪਿਆਰ ਤੇ ਮੁਹੱਬਤ ਨੂੰ ਵਧਾਉਂਦੇ ਹਨ। ਉਨ੍ਹਾਂ ਕਿਹਾ ਕਿ ਦਫ਼ਤਰਾਂ ਵਿੱਚ ਅਜਿਹੇ ਸਮਾਗਮ ਕਰਮਚਾਰੀਆਂ ਵਿਚਕਾਰ ਸਾਂਝ, ਸਹਿਯੋਗ ਅਤੇ ਇਕਜੁੱਟਤਾ ਨੂੰ ਵਧਾਉਂਦੇ ਹਨ, ਜੋ ਕੰਮਕਾਜ ਦੇ ਮਾਹੌਲ ਲਈ ਬਹੁਤ ਜ਼ਰੂਰੀ ਹੈ। ਭੱਲਾ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਇਕ ਟੀਮ ਵਜੋਂ ਕੰਮ ਕਰਦਾ ਹੈ ਅਤੇ ਸਾਰੇ ਕਰਮਚਾਰੀਆਂ ਦੀ ਮਿਹਨਤ ਨਾਲ ਹੀ ਵਿਕਾਸ ਕਾਰਜਾਂ ਨੂੰ ਸਫ਼ਲਤਾ ਮਿਲਦੀ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਾਰੇ ਕਰਮਚਾਰੀ ਮਿਲਜੁਲ ਕੇ ਕੰਮ ਕਰਦੇ ਰਹਿਣਗੇ ਤੇ ਸ਼ਹਿਰ ਦੇ ਵਿਕਾਸ ਲਈ ਆਪਣਾ ਪੂਰਾ ਯੋਗਦਾਨ ਪਾਉਣਗੇ। ਉਨ੍ਹਾਂ ਨੇ ਕਰਮਚਾਰੀਆਂ ਦੀ ਮਿਹਨਤ ਅਤੇ ਨਿਸ਼ਠਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਟਰੱਸਟ ਦੇ ਵਿਕਾਸ ਕਾਰਜਾਂ ਵਿੱਚ ਸਟਾਫ਼ ਦੀ ਭੂਮਿਕਾ ਬਹੁਤ ਅਹਿਮ ਹੈ। ਸਮਾਗਮ ਦੌਰਾਨ ਸਟਾਫ਼ ਮੈਂਬਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਜਿਹੇ ਤਿਓਹਾਰ ਦਫ਼ਤਰ ਦੇ ਰੋਜ਼ਾਨਾ ਕੰਮਕਾਜ ਵਿੱਚ ਤਾਜ਼ਗੀ ਲਿਆਉਂਦੇ ਹਨ। ਉਨ੍ਹਾਂ ਕਿਹਾ ਕਿ ਲੋਹੜੀ ਵਰਗੇ ਤਿਓਹਾਰ ਸਾਨੂੰ ਆਪਣੀ ਸੰਸਕ੍ਰਿਤੀ ਨਾਲ ਜੋੜ ਕੇ ਰੱਖਦੇ ਹਨ ਅਤੇ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕਰਦੇ ਹਨ। ਅੰਤ ’ਚ ਸਮੂਹ ਸਟਾਫ਼ ਵੱਲੋਂ ਚੇਅਰਮੈਨ ਜਤਿੰਦਰ ਸਿੰਘ ਭੱਲਾ ਦਾ ਧੰਨਵਾਦ ਕੀਤਾ ਗਿਆ ਕਿ ਉਨ੍ਹਾਂ ਨੇ ਹਮੇਸ਼ਾ ਕਰਮਚਾਰੀਆਂ ਨਾਲ ਮਿਲਜੁਲ ਕੇ ਤਿਓਹਾਰ ਮਨਾਉਣ ਦੀ ਪਰੰਪਰਾ ਨੂੰ ਕਾਇਮ ਰੱਖਿਆ ਹੈ। ਇਸ ਮੌਕੇ ਐਕਸੀਅਨ ਗੁਰਰਾਜ ਸਿੰਘ, ਟਰੱਸਟ ਇੰਜਨੀਅਰ ਬੇਅੰਤ ਕੌਰ, ਸੀਨੀਅਰ ਸਹਾਇਕ ਸਰੂਪ ਕੌਰ, ਸਹਾਇਕ ਟਰੱਸਟ ਇੰਜਨੀਅਰ ਮਾਨਵ ਗਰਗ, ਜੋੇਈ ਗਗਨਦੀਪ ਸਿੰਘ, ਕਲਰਕ ਗੌਤਮ ਸੌਖਲ ਸਮੇਤ ਸਮੁੱਚਾ ਸਟਾਫ਼ ਹਾਜ਼ਰ ਰਿਹਾ।