ਨਿਗਮ ਦੇ 1333 ਮੁਲਾਜ਼ਮ ਵੀ ਨਾ ਹਟਾ ਸਕੇ ਕੂੜੇ ਦੇ ਢੇਰ
ਬਠਿੰਡਾ ਨਿਗਮ ਦਾ ‘ਸਫ਼ਾਈ ਮਿਸ਼ਨ’ ਫੇਲ੍ਹ: 1333
Publish Date: Sun, 19 Apr 2026 04:20 PM (IST)
Updated Date: Mon, 20 Apr 2026 04:03 AM (IST)
34-35) ਬਠਿੰਡਾ ਸ਼ਹਿਰ ’ਚ ਲੱਗੇ ਹੋਏ ਕੂੜੇ ਦੇ ਢੇਰ।
ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਸਵੱਛ ਭਾਰਤ ਅਭਿਆਨ ਦੇ ਵੱਡੇ-ਵੱਡੇ ਦਾਅਵਿਆਂ ਦੇ ਉਲਟ, ਬਠਿੰਡਾ ਨਗਰ ਨਿਗਮ ਦੀ ਸਫ਼ਾਈ ਵਿਵਸਥਾ ਅੱਜ-ਕੱਲ੍ਹ ਖ਼ੁਦ ਸਵਾਲਾਂ ਦੇ ਘੇਰੇ ਵਿਚ ਹੈ। ਸੂਚਨਾ ਦਾ ਅਧਿਕਾਰ (ਆਰਟੀਆਈ) ਤਹਿਤ ਸਾਹਮਣੇ ਆਏ ਅੰਕੜਿਆਂ ਨੇ ਸਾਬਿਤ ਕਰ ਦਿੱਤਾ ਹੈ ਕਿ ਸ਼ਹਿਰ ਨੂੰ ਸਾਫ਼ ਰੱਖਣ ਲਈ ਮੁਲਾਜ਼ਮਾਂ ਦੀ ਕੋਈ ਕਮੀ ਨਹੀਂ ਹੈ, ਪਰ ਇਸ ਦੇ ਬਾਵਜੂਦ ਬਠਿੰਡਾ ਦੀਆਂ ਸੜਕਾਂ 'ਤੇ ਕੂੜੇ ਦਾ ਰਾਜ ਹੈ।
ਨਿਗਮ ਦੀ ਸਿਹਤ ਸ਼ਾਖਾ ਦੇ ਅੰਦਰੂਨੀ ਵੇਰਵਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਆਰਟੀਆਈ ਰਾਹੀਂ ਮਿਲੀ ਜਾਣਕਾਰੀ ਮੁਤਾਬਕ, ਨਿਗਮ ਕੋਲ ਇਸ ਸਮੇਂ 1333 ਕਰਮਚਾਰੀਆਂ ਦਾ ਵੱਡਾ ਲਾਮ-ਲਸ਼ਕਰ ਮੌਜੂਦ ਹੈ। ਇਸ ਵਿਚ 587 ਪੱਕੇ ਅਤੇ 710 ਕੱਚੇ ਸਫ਼ਾਈ ਸੇਵਕਾਂ ਤੋਂ ਇਲਾਵਾ ਸੈਨੀਟੇਸ਼ਨ ਅਫ਼ਸਰ, ਚੀਫ਼ ਸੈਨੀਟਰੀ ਇੰਸਪੈਕਟਰ ਅਤੇ ਸੁਪਰਵਾਈਜ਼ਰਾਂ ਦੀ ਇੱਕ ਲੰਮੀ ਫ਼ੌਜ ਸ਼ਾਮਲ ਹੈ। ਪਰ ਸਵਾਲ ਇਹ ਉੱਠਦਾ ਹੈ ਕਿ ਜੇਕਰ ਸ਼ਹਿਰ ਦੀ ਸਫ਼ਾਈ ਲਈ ਇੰਨੀ ਵੱਡੀ ਗਿਣਤੀ ਵਿਚ ਹੱਥ ਮੌਜੂਦ ਹਨ, ਤਾਂ ਫਿਰ ਬਠਿੰਡਾ ਦੀਆਂ ਗਲੀਆਂ ਅਤੇ ਫੁੱਟਪਾਥ ਕੂੜੇ ਨਾਲ ਕਿਉਂ ਭਰੇ ਹੋਏ ਹਨ? ਨਗਰ ਨਿਗਮ ਵੱਲੋਂ 100 ਫੀਸਦੀ 'ਡੋਰ-ਟੂ-ਡੋਰ' ਕੂੜਾ ਚੁੱਕਣ ਦੇ ਕੀਤੇ ਜਾ ਰਹੇ ਦਾਅਵੇ ਜ਼ਮੀਨੀ ਪੱਧਰ 'ਤੇ ਖੋਖਲੇ ਸਾਬਤ ਹੋ ਰਹੇ ਹਨ। ਸ਼ਹਿਰ ਦੇ ਲਗਭਗ 90 ਤੋਂ 95 ਫੀਸਦੀ ਇਲਾਕਿਆਂ ਵਿਚ ਲੋਕਾਂ ਦੀ ਸਭ ਤੋਂ ਵੱਡੀ ਸ਼ਿਕਾਇਤ ਇਹੀ ਹੈ ਕਿ ਕੂੜਾ ਚੁੱਕਣ ਵਾਲੀਆਂ ਗੱਡੀਆਂ ਜਾਂ ਤਾਂ ਸਮੇਂ ਸਿਰ ਨਹੀਂ ਆਉਂਦੀਆਂ ਜਾਂ ਫਿਰ ਆਉਂਦੀਆਂ ਹੀ ਨਹੀਂ। ਇਸੇ ਲਾਪਰਵਾਹੀ ਕਾਰਨ ਲੋਕ ਕੂੜਾ ਖੁੱਲ੍ਹੇ ਵਿਚ ਸੁੱਟਣ ਲਈ ਮਜਬੂਰ ਹਨ, ਜਿਸ ਨਾਲ ਸ਼ਹਿਰ ਦੀ ਖ਼ੂਬਸੂਰਤੀ ਨੂੰ ਤਾਂ ਗ੍ਰਹਿਣ ਲੱਗ ਹੀ ਰਿਹਾ ਹੈ, ਨਾਲ ਹੀ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਵੀ ਬਣਿਆ ਹੋਇਆ ਹੈ।
ਨਿਗਮ ਦੀ ਕਾਰਜਪ੍ਰਣਾਲੀ 'ਤੇ ਉੱਠ ਰਹੇ ਇਹ ਸਵਾਲ ਸਿਰਫ਼ ਸਫ਼ਾਈ ਤਕ ਸੀਮਤ ਨਹੀਂ ਹਨ, ਸਗੋਂ ਇਹ ਪ੍ਰਸ਼ਾਸਨਕ ਫੇਲ੍ਹ ਹੋਣ ਦਾ ਸਬੂਤ ਵੀ ਹਨ। ਜਨਤਾ ਦਾ ਪੈਸਾ ਤਨਖ਼ਾਹਾਂ 'ਤੇ ਪਾਣੀ ਵਾਂਗ ਵਹਾਇਆ ਜਾ ਰਿਹਾ ਹੈ, ਪਰ ਨਤੀਜਾ 'ਸਿਫ਼ਰ' ਹੈ। ਸ਼ਹਿਰ ਵਾਸੀ ਹੁਣ ਪ੍ਰਸ਼ਾਸਨ ਤੋਂ ਇਹ ਜਵਾਬ ਮੰਗ ਰਹੇ ਹਨ ਕਿ ਇੰਨੇ ਵੱਡੇ ਸਟਾਫ਼ ਦੀ ਮੌਜੂਦਗੀ ਵਿਚ ਇਹ ਗੰਦਗੀ ਕਿਸ ਦੀ ਜ਼ਿੰਮੇਵਾਰੀ ਹੈ? ਜੇਕਰ ਹੁਣ ਵੀ ਕੋਈ ਠੋਸ ਕਾਰਵਾਈ ਨਾ ਕੀਤੀ ਗਈ, ਤਾਂ ਬਠਿੰਡਾ ਸਫ਼ਾਈ ਦੇ ਮਾਮਲੇ ਵਿਚ ਹੋਰ ਪਿੱਛੜ ਜਾਵੇਗਾ।