- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਨਿਗਮ ਬਠਿੰਡਾ ਦੇ ਰਿਕਾਰਡ ਵਿੱਚ ਲੱਗੀ ਅੱਗ ਮਾਮਲੇ ’ਚ ਜਾਣਕਾਰੀ ਦੇਣ ਤੋਂ ਕਤਰਾਉਂਦੇ ਨਜ਼ਰ ਆ ਰਹੇ ਅਧਿਕਾਰੀ

-ਆਰਟੀਆਈ ਵਿੱਚ ਮੰਗੀਆਂ 15 ’ਚੋਂ 14 ਜਾਣਕਾਰੀਆਂ ਫਾਇਰ ਬ੍ਰਿਗੇਡ ਦੇ ਪੱਲੇ ਪਾਈਆਂ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪਿਛਲੇ 30 ਜਨਵਰੀ ਨੂੰ ਨਗਰ ਨਿਗਮ ਬਠਿੰਡਾ ਦੇ ਰਿਕਾਰਡ ਰੂਮ ਵਿੱਚ ਲੱਗੀ ਅੱਗ ਦਾ ਮਾਮਲਾ ਅਜੇ ਵੀ ਰਹੱਸ ਬਣਿਆ ਹੋਇਆ ਹੈ। ਘਟਨਾ ਨੂੰ ਇਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋ ਸਕਿਆ। ਇਸਦੇ ਨਾਲ ਹੀ ਇਸ ਮਾਮਲੇ ਵਿੱਚ ਮੰਗੀ ਗਈ ਜਾਣਕਾਰੀ ਨੂੰ ਲੈ ਕੇ ਨਿਗਮ ਦਾ ਰਵੱਈਆ ਵੀ ਸਵਾਲਾਂ ਦੇ ਘੇਰੇ ’ਚ ਆ ਗਿਆ ਹੈ। ਸੂਚਨਾ ਅਧਿਕਾਰ (ਆਰਟੀਆਈ) ਤਹਿਤ ਮੰਗੀ ਗਈ ਜਾਣਕਾਰੀ ਦੇਣ ਦੀ ਬਜਾਏ ਸਬੰਧਤ ਲੋਕ ਸੂਚਨਾ ਅਧਿਕਾਰੀ ਵੱਲੋਂ ਅਰਜ਼ੀ ਨੂੰ ਫਾਇਰ ਬ੍ਰਿਗੇਡ ਦਫ਼ਤਰ ਭੇਜ ਦਿੱਤਾ ਗਿਆ। ਇਸ ਸਾਰੇ ਮਾਮਲੇ ’ਚ ਹੁਣ ਇਹ ਸਵਾਲ ਖੜ੍ਹੇ ਹੋ ਰਹੇ ਹਨ ਕਿ ਨਿਗਮ ਦੇ ਰਿਕਾਰਡ ਰੂਮ ਵਿਚ ਲੱਗੀ ਅੱਗ ਦੀ ਜਾਂਚ ਆਖਿਰ ਕਦੋਂ ਪੂਰੀ ਹੋਵੇਗੀ ਤੇ ਸੜੇ ਹੋਏ ਰਿਕਾਰਡ ਨਾਲ ਹੋਏ ਅਸਲ ਨੁਕਸਾਨ ਦੀ ਸਥਿਤੀ ਕਦੋਂ ਸਾਹਮਣੇ ਆਏਗੀ।
ਫਿਲਹਾਲ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰਨ ਦੀ ਗੱਲ ਕੀਤੀ ਹੈ, ਪਰ ਹੁਣ ਤਕ ਕਿਸੇ ਢੁੱਕਵੇਂ ਨਤੀਜੇ ਤਕ ਨਹੀਂ ਪਹੁੰਚਿਆ ਗਿਆ। ਜ਼ਿਕਰਯੋਗ ਹੈ ਕਿ 30 ਜਨਵਰੀ 2026 ਨੂੰ ਸ਼ਾਮ ਕਰੀਬ 7:10 ਵਜੇ ਨਿਗਮ ਦਫ਼ਤਰ ਦੇ ਰਿਕਾਰਡ ਰੂਮ ਵਿੱਚ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਮਿਲੀ ਸੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਕਰੀਬ ਦੋ ਘੰਟਿਆਂ ਤੋਂ ਵੱਧ ਦੀ ਮਿਹਨਤ ਤੋਂ ਬਾਅਦ ਰਾਤ 9:19 ਵਜੇ ਤਕ ਅੱਗ ’ਤੇ ਲਗਭਗ ਕਾਬੂ ਪਾ ਲਿਆ ਗਿਆ। ਹਾਲਾਂਕਿ ਅੱਗ ਪੂਰੀ ਤਰ੍ਹਾਂ ਨਹੀਂ ਬੁਝੀ ਸੀ, ਇਸ ਲਈ ਫਾਇਰ ਬ੍ਰਿਗੇਡ ਦਾ ਟੈਂਡਰ ਅਤੇ ਸਟਾਫ 10 ਫਰਵਰੀ 2026 ਤਕ ਨਗਰ ਨਿਗਮ ਕੰਪਲੈਕਸ ਵਿਚ ਤਾਇਨਾਤ ਰਿਹਾ।
-ਬਾਕਸ-
-ਘਟਨਾ ਤੋਂ ਬਾਅਦ ਚਰਚਾਵਾਂ ਦਾ ਮਾਹੌਲ
ਘਟਨਾ ਤੋਂ ਬਾਅਦ ਸ਼ਹਿਰ ਵਿੱਚ ਇਸ ਗੱਲ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਕਿ ਅੱਗ ਇਕ ਹਾਦਸਾ ਸੀ ਜਾਂ ਕਿਸੇ ਨੇ ਜਾਣ-ਬੁੱਝ ਕੇ ਲਗਾਈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅੱਗ ਸ਼ੱਕੀ ਹਾਲਾਤਾਂ ਵਿੱਚ ਲੱਗੀ ਲੱਗਦੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਦੇ ਕੁਝ ਰਿਕਾਰਡਾਂ ਦੀ ਜਾਂਚ ਵਿਜੀਲੈਂਸ ਵਿਭਾਗ ਵੱਲੋਂ ਵੀ ਕੀਤੀ ਜਾ ਰਹੀ ਸੀ ਅਤੇ ਇਸ ਸਬੰਧੀ ਵਿਭਾਗ ਕੋਲ ਕਈ ਸ਼ਿਕਾਇਤਾਂ ਵੀ ਪਹੁੰਚੀਆਂ ਹੋਈਆਂ ਸਨ।
-ਬਾਕਸ-
-ਆਰਟੀਆਈ ਰਾਹੀਂ ਮੰਗੀ ਸੀ ਨਿਗਮ ਅਧਿਕਾਰੀਆਂ ਤੋਂ ਜਾਣਕਾਰੀ
ਇਸ ਮਾਮਲੇ ਨਾਲ ਜੁੜੀ ਜਾਣਕਾਰੀ ਹਾਸਲ ਕਰਨ ਲਈ 2 ਫਰਵਰੀ 2026 ਨੂੰ ਨਿਗਮ ਵਿੱਚ ਆਰਟੀਆਈ ਅਰਜ਼ੀ ਦਾਇਰ ਕੀਤੀ ਗਈ ਸੀ। ਇਸ ਅਰਜ਼ੀ ਵਿੱਚ ਅੱਗ ਨਾਲ ਸਬੰਧਤ ਕੁੱਲ 15 ਬਿੰਦੂਆਂ ’ਤੇ ਜਾਣਕਾਰੀ ਮੰਗੀ ਗਈ ਸੀ। ਇਨ੍ਹਾਂ ਵਿੱਚ ਸੜੇ ਹੋਏ ਰਿਕਾਰਡਾਂ ਦੀ ਸੂਚੀ, ਹੋਏ ਨੁਕਸਾਨ ਦਾ ਵੇਰਵਾ, ਜਾਂਚ ਕਰਨ ਵਾਲੇ ਅਧਿਕਾਰੀਆਂ ਦੇ ਨਾਮ, ਰਿਕਾਰਡ ਰੂਮ ’ਚ ਲੱਗੇ ਫਾਇਰ ਸੇਫ਼ਟੀ ਉਪਕਰਨ, ਸੀਸੀਟੀਵੀ ਕੈਮਰਿਆਂ ਦੀ ਜਾਣਕਾਰੀ, ਰਿਕਾਰਡ ਦੀ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਦਾ ਵੇਰਵਾ ਤੇ ਜਾਂਚ ਕਮੇਟੀ ਨਾਲ ਸਬੰਧਤ ਦਸਤਾਵੇਜ਼ ਸ਼ਾਮਲ ਸਨ। ਦੋਸ਼ ਹੈ ਕਿ ਨਿਗਮ ਦੇ ਲੋਕ ਸੂਚਨਾ ਅਧਿਕਾਰੀ ਨੇ ਆਰਟੀਆਈ ਅਰਜ਼ੀ ਨੂੰ ਜਾਣ-ਬੁੱਝ ਕੇ ਫਾਇਰ ਬ੍ਰਿਗੇਡ ਦਫ਼ਤਰ ਭੇਜ ਦਿੱਤਾ। ਫਾਇਰ ਸਟੇਸ਼ਨ ਅਧਿਕਾਰੀ ਨੇ ਪੱਤਰ ਨੰਬਰ 157/475 ਮਿਤੀ 18/19 ਫਰਵਰੀ 2026 ਰਾਹੀਂ ਸਿਰਫ਼ ਇਕ ਬਿੰਦੂ ਦੀ ਜਾਣਕਾਰੀ ਦਿੱਤੀ, ਜਦਕਿ ਬਾਕੀ 14 ਬਿੰਦੂਆਂ ਬਾਰੇ ਲਿਖ ਦਿੱਤਾ ਕਿ ਇਹ ਜਾਣਕਾਰੀ ਨਗਰ ਨਿਗਮ ਬਠਿੰਡਾ ਨਾਲ ਸਬੰਧਤ ਹੈ।
-ਬਾਕਸ-
-ਆਰਟੀਆਈ ਕਾਰਕੁਨ ਨੇ ਲਗਾਏ ਦੋਸ਼
ਆਰਟੀਆਈ ਕਾਰਕੁਨ ਸੰਜੀਵ ਕੁਮਾਰ ਦਾ ਦੋਸ਼ ਹੈ ਕਿ ਨਿਗਮ ਦੇ ਸਬੰਧਤ ਅਧਿਕਾਰੀਆਂ ਨੇ ਜਾਣ-ਬੁੱਝ ਕੇ ਜਾਣਕਾਰੀ ਦੇਣ ਤੋਂ ਬਚਣ ਲਈ ਅਰਜ਼ੀ ਨੂੰ ਦੂਜੇ ਵਿਭਾਗ ਵੱਲ ਭੇਜ ਦਿੱਤਾ, ਜਦਕਿ ਜ਼ਿਆਦਾਤਰ ਜਾਣਕਾਰੀ ਨਗਰ ਨਿਗਮ ਕੋਲ ਹੀ ਉਪਲੱਬਧ ਹੈ। ਉਨ੍ਹਾਂ ਕਿਹਾ ਕਿ ਸੂਚਨਾ ਦਾ ਅਧਿਕਾਰ ਐਕਟ 2005 ਦੇ ਤਹਿਤ 30 ਦਿਨਾਂ ਦੇ ਅੰਦਰ ਜਾਣਕਾਰੀ ਦੇਣਾ ਲਾਜ਼ਮੀ ਹੈ, ਪਰ 36 ਦਿਨ ਬੀਤ ਜਾਣ ਦੇ ਬਾਵਜੂਦ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ। ਇਸ ਮਾਮਲੇ ’ਚ ਨਿਗਮ ਦੇ ਅਪੀਲੀਅਤ ਅਧਿਕਾਰੀ ਤੇ ਨਿਗਮ ਕਮਿਸ਼ਨਰ ਕੋਲ ਪਹਿਲੀ ਅਪੀਲ ਦਾਇਰ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ ਪਹਿਲੀ ਅਪੀਲ ਵਿੱਚ ਵੀ ਪੂਰੀ ਜਾਣਕਾਰੀ ਨਹੀਂ ਮਿਲਦੀ ਤਾਂ ਉਹ ਰਾਜ ਸੂਚਨਾ ਕਮਿਸ਼ਨ ਚੰਡੀਗੜ੍ਹ ਵਿੱਚ ਦੂਜੀ ਅਪੀਲ ਦਾਇਰ ਕਰਨਗੇ।