ਮੇਅਰ ਦੀ ਅਗਵਾਈ ਹੇਠ ਉਤਸ਼ਾਹ ਨਾਲ ਮਨਾਈ ਲੋਹੜੀ
ਨਗਰ ਨਿਗਮ ਵਿਖੇ ਮੇਅਰ ਦੀ ਅਗਵਾਈ ਹੇਠ ਬੜੇ ਉਤਸ਼ਾਹ ਨਾਲ ਮਨਾਈ ਲੋਹੜੀ
Publish Date: Tue, 13 Jan 2026 06:23 PM (IST)
Updated Date: Wed, 14 Jan 2026 04:07 AM (IST)
-ਲੋਹੜੀ ਦਾ ਤਿਉਹਾਰ ਲੋਕਾਂ ਲਈ ਨਵੀਂ ਖੁਸ਼ੀ, ਊਰਜਾ ਤੇ ਤਰੱਕੀ ਲਿਆਵੇ : ਮੇਅਰ
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਲੋਹੜੀ ਤੇ ਮਾਘੀ ਦੇ ਸ਼ੁੱਭ ਮੌਕੇ 'ਤੇ ਬਠਿੰਡਾ ਨਿਗਮ ਦੇ ਵਿਹੜੇ ’ਚ ਸ਼ਾਨਦਾਰ ਸਮਾਗਮ ਕਰਵਾਇਆ। ਸਮਾਗਮ ਦੀ ਅਗਵਾਈ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕੀਤੀ ਤੇ ਨਿਗਮ ਪਰਿਵਾਰ ਦੇ ਸਾਰੇ ਕੌਂਸਲਰਾਂ ਤੇ ਮੁਲਾਜ਼ਮਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਨਿਗਮ ਕਮਿਸ਼ਨਰ ਮੈਡਮ ਕੰਚਨ, ਸੀਨੀਅਰ ਡਿਪਟੀ ਮੇਅਰ ਸ਼ਾਮ ਲਾਲ ਜੈਨ ਤੇ ਨਿਗਮ ਦੇ ਵੱਡੀ ਗਿਣਤੀ ’ਚ ਸੀਨੀਅਰ ਅਧਿਕਾਰੀ ਤੇ ਕਰਮਚਾਰੀ ਇਸ ਸਮਾਗਮ ਵਿੱਚ ਮੌਜੂਦ ਸਨ। ਸਮਾਗਮ ਦੌਰਾਨ ਲੋਹੜੀ ਰਵਾਇਤੀ ਢੰਗ ਨਾਲ ਜਗਾਈ ਗਈ ਤੇ ਸਾਰਿਆਂ ਨੇ ਇਕ ਦੂਜੇ ਨੂੰ ਲੋਹੜੀ ਤੇ ਮਾਘੀ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਮਾਹੌਲ ਲੋਕ ਗੀਤਾਂ ਤੇ ਖੁਸ਼ੀ ਨਾਲ ਭਰਿਆ ਹੋਇਆ ਸੀ। ਨਗਰ ਨਿਗਮ ਦੇ ਪਰਿਸਰ ਵਿੱਚ ਤਿਉਹਾਰ ਵਾਲਾ ਮਾਹੌਲ ਦੇਖਣਯੋਗ ਸੀ, ਹਰ ਕੋਈ ਭਾਈਚਾਰੇ ਅਤੇ ਏਕਤਾ ਦਾ ਸੰਦੇਸ਼ ਫੈਲਾ ਰਿਹਾ ਸੀ। ਇਸ ਮੌਕੇ ਮੇਅਰ ਮਹਿਤਾ ਨੇ ਸਾਰੇ ਨਾਗਰਿਕਾਂ ਨੂੰ ਲੋਹੜੀ ਅਤੇ ਮਾਘੀ ਦੀ ਵਧਾਈ ਦਿੰਦਿਆਂ ਕਿਹਾ ਕਿ ਨਵਾਂ ਸਾਲ ਅਤੇ ਲੋਹੜੀ ਦਾ ਤਿਉਹਾਰ ਬਠਿੰਡਾ ਲਈ ਨਵੀਂ ਖੁਸ਼ੀ, ਨਵੀਂ ਊਰਜਾ ਅਤੇ ਨਵੀਂ ਤਰੱਕੀ ਲੈ ਕੇ ਆਉਣਾ ਚਾਹੀਦਾ ਹੈ। ਨਿਗਮ ਦੀ ਟੀਮ ਸ਼ਹਿਰ ਦੇ ਵਿਕਾਸ ਲਈ ਪੂਰੀ ਲਗਨ ਤੇ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਬਠਿੰਡਾ ਹੋਰ ਵੀ ਸਾਫ਼, ਸੁੰਦਰ ਅਤੇ ਵਿਕਸਤ ਹੋਵੇਗਾ। ਨਗਰ ਨਿਗਮ ਕਮਿਸ਼ਨਰ ਮੈਡਮ ਕੰਚਨ ਨੇ ਵੀ ਸਾਰਿਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਲੋਹੜੀ ਸਿਰਫ਼ ਇੱਕ ਤਿਉਹਾਰ ਨਹੀਂ ਹੈ, ਸਗੋਂ ਏਕਤਾ, ਸਦਭਾਵਨਾ ਅਤੇ ਸਮੂਹਿਕ ਯਤਨਾਂ ਦਾ ਪ੍ਰਤੀਕ ਹੈ। ਉਨ੍ਹਾਂ ਨਗਰ ਨਿਗਮ ਦੇ ਸਾਰੇ ਕਰਮਚਾਰੀਆਂ ਦੇ ਸਹਿਯੋਗ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਇਸ ਟੀਮ ਵਰਕ ਰਾਹੀਂ ਹੀ ਬਠਿੰਡਾ ਵਿਕਾਸ ਦੀਆਂ ਨਵੀਆਂ ਉਚਾਈਆਂ 'ਤੇ ਪਹੁੰਚ ਰਿਹਾ ਹੈ। ਪ੍ਰੋਗਰਾਮ ਦੇ ਅੰਤ ਵਿੱਚ ਸਾਰੇ ਕੌਂਸਲਰਾਂ ਅਤੇ ਕਰਮਚਾਰੀਆਂ ਨੇ ਰਵਾਇਤੀ ਮੂੰਗਫਲੀ, ਰਿਓੜੀ ਤੇ ਗੱਚਕ ਵੰਡ ਕੇ ਖ਼ੁਸ਼ੀ ਸਾਂਝੀ ਕੀਤੀ।