- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਧੂ, ਕਾਂਗੜ ਅਤੇ ਮਲੂਕਾ ਨੇ ਇਕ-ਦੂਜੇ ਖ਼ਿਲਾਫ਼ ਸਿਆਸੀ ਮੋਰਚਾ ਖੋਲਿਆ

-ਹਲਕਾ ਰਾਮਪੁਰਾ ਫੂਲ ਵਿਖੇ ਸਿਆਸੀ ਬਿਆਨਬਾਜ਼ੀ ਕੀਤੀ ਤੇਜ਼
ਵੀਰਪਾਲ ਭਗਤਾ, ਪੰਜਾਬੀ ਜਾਗਰਣ
ਭਗਤਾ ਭਾਈਕਾ
ਅਗਾਮੀ ਵਿਧਾਨ ਸਭਾ ਚੋਣਾਂ ਨੂੰ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਆਗੂਆਂ ਵਿਚਕਾਰ ਸਿਆਸੀ ਬਿਆਨਬਾਜ਼ੀ ਤੇਜ ਹੋ ਗਈ ਹੈ। ਹਲਕਾ ਰਾਮਪੁਰਾ ਫੂਲ ਨਾਲ ਸਬੰਧਤ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਮੌਜੂਦਾ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਇਕ-ਦੂਜੇ ਖਿਲਾਫ ਸਿਆਸੀ ਮੋਰਚਾ ਖੋਲ ਦਿੱਤਾ ਹੈ। ਇਹ ਬਿਆਨਬਾਜ਼ੀ ਆਉਦੇ ਦਿਨਾਂ ’ਚ ਹੋਰ ਤਿੱਖੀ ਹੋਣ ਦੀ ਸੰਭਾਵਨਾ ਹੈ। ਇੱਥੇ ਜ਼ਿਕਰਯੋਗ ਹੈ ਕਿ ਉਕਤ ਆਗੂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਇਕ ਦੂਜੇ ਖਿਲਾਫ ਸਿਆਸੀ ਜੰਗ ਲੜ ਚੁੱਕੇ ਹਨ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ਮੁੜ ਇਕ ਦੂਜੇ ਨਾਲ ਸਿਆਸੀ ਪੇਚਾ ਪਾਉਣ ਲਈ ਯਤਨਸ਼ੀਲ ਹੈ। ‘ਆਪ’ ਵੱਲੋਂ ਟਿਕਟ ਲੈਣ ਲਈ ਬਲਕਾਰ ਸਿੱਧੂ ਤੋਂ ਇਲਾਵਾ ਇੰਦਰਜੀਤ ਸਿੰਘ ਮਾਨ ਚੇਅਰਮੈਨ ਮਾਰਕਫੈੱਡ ਪੰਜਾਬ, ਜਤਿੰਦਰ ਸਿੰਘ ਭੱਲਾ ਚੇਅਰਮੈਨ ਨਗਰ ਸੁਧਾਰ ਟਰੱਸਟ ਬਠਿੰਡਾ ਸਮੇਤ ਕੁਝ ਹੋਰ ਆਗੂ ਵੀ ਚਾਹਵਾਨ ਦੱਸੇ ਜਾਂਦੇ ਹਨ। ਕਾਂਗਰਸ ਦੀ ਟਿਕਟ ਹਾਸਲ ਕਰਨ ਲਈ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਸਮੇਤ ਜਸ਼ਨਦੀਪ ਸਿੰਘ ਚਹਿਲ ਬੁਲਾਰਾ ਪ੍ਰਦੇਸ਼ ਕਾਂਗਰਸ, ਕੁਲਵੰਤ ਸਿੰਘ ਮਲੂਕਾ ਚੇਅਰਮੈਨ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ, ਐਡਵੋਕੇਟ ਜਸਵਿੰਦਰ ਸਿੰਘ ਜੱਸ ਬੱਜੋਆਣਾ ਵੀ ਯਤਨ ਕਰ ਰਹੇ ਹਨ ਜਦਕਿ ਸ੍ਰੋਮਣੀ ਅਕਾਲੀ ਦਲ ਨੇ ਸਿਕੰਦਰ ਸਿੰਘ ਮਲੂਕਾ ਨੂੰ ਮੁੜ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਪਰ ਆਪ ਅਤੇ ਕਾਂਗਰਸ ਵੱਲੋਂ ਕਿਸ ਆਗੂ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪ੍ਰੰਤੂ ਹਲਕਾ ਰਾਮਪੁਰਾ ਫੂਲ ਵਿਚ ਇਸ ਵਾਰ ਦਿਲਚਸਪ ਸਿਆਸੀ ਮੁਕਾਬਲਾ ਹੋਵੇਗਾ।
-ਬਾਕਸ-
-ਸੂਬੇ ਵਿਚ ਮੁੜ ਆਪ ਸਰਕਾਰ ਬਣਨਾ ਤੈਅ ਹੈ: ਵਿਧਾਇਕ ਸਿੱਧੂ
ਸੱਤਾਧਾਰੀ ਧਿਰ ਨਾਲ ਸਬੰਧਤ ਹਲਕਾ ਵਿਧਾਇਕ ਬਲਕਾਰ ਸਿੱਧੂ ਨੇ ਦਾਅਵਾ ਕੀਤਾ ਕਿ ਜੋ ਅਕਾਲੀ ਅਤੇ ਕਾਂਗਰਸੀ 70 ਸਾਲ ਵਿਚ ਨਹੀ ਕਰ ਸਕੇ, ਪਰ ਆਪ ਸਰਕਾਰ ਨੇ ਪਿੰਡਾਂ ਵਿਚ ਬਹੁਤ ਜਿਆਦਾ ਵਿਕਾਸ ਹੋਇਆ ਹੈ ਕਿ ਪਿੰਡਾਂ ਦੀ ਨੁਹਾਰ ਹੀ ਬਦਲ ਗਈ। ਉਨ੍ਹਾਂ ਦਾਅਵਾ ਕੀਤਾ ਕਿ ਹਲਕੇ ਦੇ ਲੋਕ ਸੂਬਾ ਸਰਕਾਰ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਸਿੱਖਿਆ ਕ੍ਰਾਂਤੀ, ਰਸੋਈ ਰਾਸ਼ਨ ਅਤੇ ਮਹਿਲਾਵਾਂ ਲਈ ਪ੍ਰਤੀ ਮਹੀਨਾ ਮਿਲਣ ਵਾਲੀ ਰਾਸ਼ੀ ਤੋਂ ਬੇਹੱਦ ਖੁਸ ਹਨ। ਜਿਸ ਕਰਕੇ ਸੂਬੇ ਵਿਚ ਮੁੜ ‘ਆਪ’ ਦੀ ਸਰਕਾਰ ਬਣਨਾ ਤੈਅ ਹੈ। ਉਨ੍ਹਾਂ ਇਕ ਮੰਚ ਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੇ ਕਰੋੜਾਂ ਰੁਪਏ ਦੀ ਕਥਿਤ ਰਿਸ਼ਵਤ ਲੈਣ ਦੇ ਕਥਿਤ ਦੋਸ਼ ਵੀ ਲਗਾਏ, ਵਿਧਾਇਕ ਸਿੱਧੂ ਨੇ ਦਾਅਵਾ ਕੀਤਾ ਕਿ ਉਹ ਪਿੰਡਾਂ ਵਿਚ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਯਤਨ ਕਰ ਰਹੇ ਹਨ ਜਦ ਕਿ ਹਲਕੇ ਨਾਲ ਸਬੰਧਤ ਦੋਵੇਂ ਸਾਬਕਾ ਮੰਤਰੀਆਂ ਨੇ ਪਿੰਡਾਂ ਦੇ ਪਰਿਵਾਰਾਂ ਵਿਚ ਦੁਸ਼ਮਣੀਆ ਪਵਾ ਕੇ ਸਿਆਸੀ ਲਾਹਾ ਲਿਆ।
-ਬਾਕਸ-
-ਵਿਧਾਇਕ ਸਿੱਧੂ ਵਿਕਾਸ ਕਰਨ ਦੀ ਬਜਾਏ ਗੀਤ ਗਾਉਣ ਤਕ ਸੀਮਤ : ਕਾਂਗੜ
ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਹਲਕਾ ਵਿਧਾਇਕ ਬਲਕਾਰ ਸਿੱਧੂ ਨੂੰ ਲੰਮੇ ਹੱਥੀਂ ਲੈਦਿਆਂ ਕਿਹਾ ਕਿ ਉਹ ਹਲਕੇ ਦੇ ਪਿੰਡਾਂ ਵਿਚ ਵਿਕਾਸ ਕਰਨ ਦੀ ਝੂਠੀ ਬਿਆਨਬਾਜ਼ੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਸਿੱਧੂ ਹਲਕੇ ਦਾ ਵਿਕਾਸ ਕਰਨ ਦੀ ਬਜਾਏ ਗੀਤ ਗਾਉਣ ਤਕ ਸੀਮਤ ਰਹਿ ਗਿਆ ਤੇ ਵਿਰੋਧੀਆਂ ’ਤੇ ਝੂਠੇ ਪਰਚੇ ਕਰਵਾ ਰਿਹਾ ਹੈ। ਉਨ੍ਹਾਂ ਨੇ ਆਪਣੇ ’ਤੇ ਲਗਾਏ ਗਏ ਦੋਸ਼ਾਂ ਦੇ ਸਬੰਧ ਵਿਚ ਵਿਧਾਇਕ ਸਿੱਧੂ ਨੂੰ ਚੈਲੰਜ ਕੀਤਾ ਕਿ ਜੇਕਰ ਉਹ ਸੱਚੇ ਹਨ ਤਾਂ ਗੁਰਦੁਆਰਾ ਬਾਬਾ ਮਹਿਰ ਮਿੱਠਾ ਕਾਂਗੜ ਵਿਖੇ ਆ ਕੇ ਕਸਮ ਪਾਉਣ। ਇਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਕਈ ਸਾਲ ਪਹਿਲਾ ਉਨ੍ਹਾਂ ਬਲਕਾਰ ਸਿੱਧੂ ਦੀ ਪੁਲਿਸ ਕੋਲੋਂ ਜਾਨ ਛੁਡਵਾਈ ਸੀ ਪਰ ਹੁਣ ਬਲਕਾਰ ਮੁੱਕਰ ਰਿਹਾ ਹੈ। ਇਸੇ ਦੌਰਾਨ ਕਾਂਗੜ ਨੇ ਦਾਅਵਾ ਕੀਤਾ ਉਨ੍ਹਾਂ ਨੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਵਿਧਾਇਕ ਬਲਕਾਰ ਸਿੱਧੂ ਦੇ ਮੁਕਾਬਲੇ ਹਲਕੇ ਦੇ ਪਿੰਡਾਂ ਵਿਚ ਵੱਧ ਵਿਕਾਸ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਵੈਟਨਰੀ ਕਾਲਜ ਰਾਮਪੁਰਾ, ਯੂਨੀਵਰਸਿਟੀ, ਫਲਾਈਓਵਰ, ਬਿਜਲੀ ਦਾ ਸਬ ਸਟੋਰ ਭਗਤਾ, ਆਲੂ ਸਟੋਰ ਦਿਆਲਪੁਰਾ, ਕਿਸਾਨਾਂ ਲਈ ਪਾਣੀ ਦੇ 18 ਮੋਘੇ, ਪਿੰਡਾਂ ਵਿਚ ਪਾਰਕ ਅਤੇ ਆਈਟੀਆਈ ਦੀ ਸ਼ਾਨਦਾਰ ਬਿਲਡਿੰਗ ਬਣਵਾਈ ਹੈ ਅਤੇ ਪਿੰਡਾਂ ਵਿਚ ਕਰੋੜਾਂ ਰੁਪਏ ਦੀਆਂ ਗ੍ਰਾਟਾਂ ਨਾਲ ਪਿੰਡਾਂ ਦੀ ਨੁਹਾਰ ਬਦਲੀ ਹੈ।
-ਬਾਕਸ-
-ਲੋਕਾਂ ਦੀ ਮਰਜ਼ੀ ਹੈ ਕਿ ਉਹ ਕਿਸ ਨੇਤਾ ਨੂੰ ਚੰਗਾ ਆਖਦੇ ਹਨ : ਮਲੂਕਾ
ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸਾਬਕਾ ਮੰਤਰੀ ਕਾਂਗੜ ਵੱਲੋਂ ਕੀਤੇ ਗਏ ਦਾਅਵਿਆ ਤੋਂ ਬਾਅਦ ਸੋਸ਼ਲ ਮੀਡੀਆ ਰਾਹੀ ਆਪਣੇ ਵੱਲੋਂ ਹਲਕੇ ਵਿਚ ਸਭ ਤੋਂ ਵੱਧ ਵਿਕਾਸ ਕਾਰਜ ਕਰਨ ਦਾ ਦਾਅਵਾ ਕੀਤਾ। ਮਲੂਕਾ ਨੇ ਸਾਬਕਾ ਮੰਤਰੀ ਕਾਂਗੜ ਨੂੰ ਚੈਲਿੰਜ ਕਰਦੇ ਕਿਹਾ ਕਿ ਜੇਕਰ ਉਹ ਮੇਰੇ ਮੁਕਾਬਲੇ ਹਲਕੇ ਕੀਤੇ ਅੱਧੇ ਕੰਮ ਵੀ ਸਾਬਤ ਕਰ ਦੇਣ ਤਾ ਉਹ ਸਿਆਸਤ ਛੱਡ ਦੇਣਗੇ। ਮਲੂਕਾ ਕਿਹਾ ਕਿ ਲੋਕਾਂ ਦੀ ਮਰਜ਼ੀ ਹੁੰਦੀ ਹੈ ਕਿ ਉਹ ਕਿਸ ਨੇਤਾ ਨੂੰ ਚੰਗਾ ਕਹਿੰਦੇ ਹਨ, ਪਰ ਸਾਬਕਾ ਮੰਤਰੀ ਕਾਂਗੜ ਗੁੱਸਾ ਨਾ ਕਰਨ। ਮਲੂਕਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਕਾਰਜ ਕਾਲ ਸਮੇਂ ਨਹਿਰ ਵਿਚੋਂ ਪਹਿਲੀ ਵਾਰ ਮੋਘੇ ਲੱਗਣ ਲਾਏ ਸਨ, ਭਦੌੜ ਰਜਵਾਹਾ ਦੇ ਨਵੀਕਰਨ ਲਈ 34 ਕਰੋੜ ਖਰਚੇ, ਕੱਸੀਆਂ ਅਤੇ ਖਾਲ ਪੱਕੇ ਕੀਤੇ, ਹਲਕੇ ਦੇ ਕਈ ਪਿੰਡਾਂ ਦੀਆਂ ਸੜਕਾਂ ਚੌੜੀਆਂ ਕੀਤੀਆ, ਪਿੰਡ ਆਲੀਕੇ, ਰਾਈਆ, ਢਿਪਾਲੀ, ਸਲਾਬਤਪੁਰਾ, ਦਿਆਲਪੁਰਾ ਭਾਈ, ਆਕਲੀਆ, ਭਗਤਾ ਭਾਈ, ਕੋਠਾ ਗੁਰੂ, ਮਲੂਕਾ, ਗੁੰਮਟੀ ਕਲਾ, ਮਹਿਰਾਜ, ਦਿਆਲਪੁਰਾ ਮਿਰਜ਼ਾ ਆਦਿ ਪਿੰਡਾਂ ਦੇ ਸਕੂਲ ਅਪਗਰੇਡ ਕੀਤੇ, ਭਗਤਾ ਭਾਈ ‘ਚ ਐੱਸਜੀਪੀਸੀ ਦਾ ਕਾਲਜ ਅਤੇ ਬੱਸ ਸਟੈਂਡ ਬਣਾਏ, ਨਵਾਂ ਹਸਪਤਾਲ, ਬੀਡੀਪੀਓ ਦਫਤਰ, ਭਗਤਾ ਭਾਈ ਅਤੇ ਫੂਲ ਵਿਖੇ ਨਵੇਂ ਪੁਲਿਸ ਥਾਣੇ ਬਣਾਏ, ਭਗਤਾ ਅਤੇ ਰਾਮਪੁਰਾ ਵਿਖੇ ਐਕਸੀਅਨ ਦਫਤਰ ਬਣਾਏ, ਪਿੰਡਾਂ ਗਲੀਆਂ ਨਾਲੀਆਂ ਨਵੀਆਂ ਬਣਾਉਣ ਸਮੇਂ ਅਨੇਕਾਂ ਕੰਮਾਂ ਦਾ ਦਾਅਵਾ ਕੀਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਵੈਟਨਰੀ ਕਾਲਜ ਰਾਮਪੁਰਾ ਫੂਲ ਦੀ ਉਸਾਰੀ ਲਈ ਵੀ ਅਕਾਲੀ ਦਲ ਦੀ ਸਰਕਾਰ ਨੇ 100 ਕਰੋੜ ਰੁਪਏ ਰੱਖੇ ਸਨ। ਜ਼ਿਕਰਯੋਗ ਹੈ ਕਿ ਹਾਲੇ ਭਾਵੇਂ ਚੋਣਾਂ ਵਿਚ ਕਰੀਬ ਇਕ ਸਾਲ ਪਿਆ ਹੈ ਪਰ ਸਿਆਸੀ ਆਗੂਆਂ ਵੱਲੋਂ ਸੁਰੂ ਕੀਤੀ ਸਿਆਸੀ ਬਿਆਨਬਾਜੀ ਲੋਕਾਂ ਨੂੰ ਕਿਨ੍ਹਾਂ ਕੁ ਪ੍ਰਭਾਵਤ ਕਰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।