- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਰੈਲੀ ਲਈ ਭੇਜੀਆਂ 137 ਸਰਕਾਰੀ ਬੱਸਾਂ, ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਮੋਗਾ ਜ਼ਿਲ੍ਹੇ ’ਚ ‘ਆਪ’ ਦੀ ਰੈਲੀ ਦੇ ਮੱਦੇਨਜ਼ਰ ਬਠਿੰਡਾ ਪੀਅਰਟੀਸੀ ਡਿਪੂ ਤੋਂ 137 ਬੱਸਾਂ ਭੇਜੇ ਜਾਣ ਕਾਰਨ ਸ਼ਹਿਰ ਦੇ ਬੱਸ ਅੱਡੇ ‘ਤੇ ਸੋਮਵਾਰ ਨੂੰ ਯਾਤਰੀ ਪਰੇਸ਼ਾਨ ਹੁੰਦੇ ਰਹੇ। ਪੀਆਰਟੀਸੀ ਬਠਿੰਡਾ ਡਿਪੂ ਦੀਆਂ ਕੁੱਲ 194 ਬੱਸਾਂ ’ਚੋਂ ਵੱਡੀ ਗਿਣਤੀ ’ਚ ਰੈਲੀ ਲਈ ਰਵਾਨਾ ਹੋਣ ਨਾਲ ਸਿਰਫ਼ ਥੋੜ੍ਹੀਆਂ ਬੱਸਾਂ ਹੀ ਰੋਜ਼ਾਨਾ ਰੂਟਾਂ ’ਤੇ ਚੱਲ ਸਕੀਆਂ, ਜਿਸ ਕਾਰਨ ਯਾਤਰੀਆਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਸਵੇਰੇ 7 ਵਜੇ ਤੋਂ ਹੀ ਬੱਸ ਅੱਡੇ ‘ਤੇ ਯਾਤਰੀਆਂ ਦੀ ਭੀੜ ਵੱਧਣੀ ਸ਼ੁਰੂ ਹੋ ਗਈ। ਦਫ਼ਤਰੀ ਮੁਲਾਜ਼ਮ, ਵਿਦਿਆਰਥੀ ਤੇ ਦਿਹਾੜੀਦਾਰ ਮਜ਼ਦੂਰ ਬੱਸਾਂ ਦੀ ਉਡੀਕ ਵਿਚ ਘੰਟਿਆਂ ਖੜ੍ਹੇ ਰਹੇ। ਬੱਸਾਂ ਦੀ ਆਵਾਜਾਈ ਘੱਟ ਹੋਣ ਕਰਕੇ ਕਈ ਰੂਟਾਂ ‘ਤੇ ਸਮੇਂ ਸਿਰ ਸੇਵਾ ਉਪਲੱਬਧ ਨਾ ਹੋ ਸਕੀ। ਮਲੋਟ, ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ ਤੇ ਹੋਰ ਨੇੜਲੇ ਸ਼ਹਿਰਾਂ ਵੱਲ ਜਾਣ ਵਾਲੇ ਯਾਤਰੀ ਖਾਸੇ ਪ੍ਰਭਾਵਿਤ ਹੋਏ। ਮਹਿਲਾਵਾਂ ਲਈ ਮੁਫ਼ਤ ਬੱਸ ਯਾਤਰਾ ਦੀ ਸਰਕਾਰੀ ਯੋਜਨਾ ਵੀ ਇਸ ਦੌਰਾਨ ਬੇਅਸਰ ਰਹੀ। ਕਈ ਮਹਿਲਾਵਾਂ ਨੇ ਦੱਸਿਆ ਕਿ ਬੱਸਾਂ ਨਾ ਮਿਲਣ ਕਾਰਨ ਉਨ੍ਹਾਂ ਨੂੰ ਨਿੱਜੀ ਬੱਸਾਂ ਜਾਂ ਆਟੋ ਰਿਕਸ਼ਾ ਰਾਹੀਂ ਸਫ਼ਰ ਕਰਨਾ ਪਿਆ ਤੇ ਕਿਰਾਇਆ ਭਰਨਾ ਪਿਆ। ਕੁਝ ਮਹਿਲਾਵਾਂ ਬੱਚਿਆਂ ਸਮੇਤ ਲੰਬੇ ਸਮੇਂ ਤਕ ਉਡੀਕ ਕਰਦੀਆਂ ਨਜ਼ਰ ਆਈਆਂ। ਜੇਕਰ ਸਰਕਾਰ ਰੈਲੀਆਂ ਲਈ ਬੱਸਾਂ ਮੁਹੱਈਆ ਕਰਵਾਉਦੀ ਹੈ ਤਾਂ ਮੁਸਾਫ਼ਰਾਂ ਲਈ ਵੀ ਪਹਿਲਾਂ ਤੋਂ ਹੀ ਪੁਖ਼ਤਾ ਪ੍ਰਬੰਧ ਹੋਣੇ ਚਾਹੀਦੇ ਹਨ। ਨੌਕਰੀ-ਪੇਸ਼ਾ ਲੋਕਾਂ ਵਿੱਚ ਵੀ ਰੋਸ ਦੇਖਣ ਨੂੰ ਮਿਲਿਆ।
ਨਵਦੀਪ ਸਿਢਾਣਾ ਨੇ ਕਿਹਾ ਕਿ ਉਹ ਰੋਜ਼ ਮਲੋਟ ਤੋਂ ਬਠਿੰਡਾ ਨੌਕਰੀ ਲਈ ਆਉਂਦੇ ਹਨ, ਪਰ ਅੱਜ ਬੱਸ ਨਾ ਮਿਲਣ ਕਾਰਨ ਉਨ੍ਹਾਂ ਨੂੰ ਨਿੱਜੀ ਵਾਹਨ ਰਾਹੀਂ ਆਉਣਾ ਪਿਆ, ਜਿਸ ਨਾਲ ਤੇਲ ਖਰਚ ਵੱਧ ਗਿਆ। ਇਕ ਹੋਰ ਯਾਤਰੀ ਗਗਨਦੀਪ ਨੇ ਕਿਹਾ ਕਿ ਰਾਜਨੀਤਕ ਸਮਾਗਮਾਂ ਲਈ ਆਮ ਲੋਕਾਂ ਨੂੰ ਤਕਲੀਫ਼ ਦੇਣਾ ਠੀਕ ਨਹੀਂ ਅਤੇ ਇਸ ਤਰ੍ਹਾਂ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਜਨਹਿਤ ਦਾ ਧਿਆਨ ਰੱਖਣਾ ਲਾਜ਼ਮੀ ਹੈ। ਨਿੱਜੀ ਬੱਸ ਆਪ੍ਰੇਟਰਾਂ ਨੇ ਵੀ ਦੱਸਿਆ ਕਿ ਸਰਕਾਰੀ ਬੱਸਾਂ ਦੀ ਘਾਟ ਕਾਰਨ ਉਨ੍ਹਾਂ ਦੀਆਂ ਬੱਸਾਂ ਵਿੱਚ ਸਮਰੱਥਾ ਤੋਂ ਵੱਧ ਯਾਤਰੀ ਸਵਾਰ ਹੋਏ, ਜਿਸ ਨਾਲ ਸੁਰੱਖਿਆ ਸਬੰਧੀ ਚਿੰਤਾਵਾਂ ਵੀ ਉੱਭਰੀਆਂ। ਕਈ ਥਾਵਾਂ ‘ਤੇ ਯਾਤਰੀਆਂ ਅਤੇ ਬੱਸ ਸਟਾਫ਼ ਵਿਚਕਾਰ ਤਕਰਾਰ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ। ਭਾਵੇਂ ਸਰਕਾਰੀ ਬੱਸਾਂ ਰੈਲੀ ਲਈ ਚਲੀਆਂ ਗਈਆਂ ਪਰ ਨਿੱਜੀ ਬੱਸਾਂ ਆਪਣੇ ਰੂਟਾਂ ਲਈ ਰਵਾਨਾ ਹੋਈਆਂ। ਕਈ ਸ਼ਹਿਰ ਤੇ ਕਸਬੇ ਅਜਿਹੇ ਹਨ, ਜਿਨ੍ਹਾਂ ਲਈ ਜ਼ਿਆਦਾਤਰ ਸਰਕਾਰੀ ਬੱਸਾਂ ਚੱਲਦੀਆਂ, ਪਰ ਸੋਮਵਾਰ ਨੂੰ ਸਰਕਾਰੀ ਬੱਸਾਂ ਨਾ ਮਿਲਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪਈ। ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਰੈਲੀ ਲਈ ਬੱਸਾਂ ਭੇਜਣ ਦੇ ਹੁਕਮ ਉੱਚ ਪੱਧਰ ਤੋਂ ਮਿਲੇ ਸਨ ਤੇ ਸ਼ਾਮ ਤਕ ਸਥਿਤੀ ਆਮ ਹੋਣ ਦੀ ਆਸ ਹੈ। ਹਾਲਾਂਕਿ ਸਥਾਨਕ ਲੋਕਾਂ ਨੇ ਕਿਹਾ ਕਿ ਭਵਿੱਖ ’ਚ ਅਜਿਹੀਆਂ ਸਥਿਤੀਆਂ ਤੋਂ ਬਚਣ ਲਈ ਵੱਖਰੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਜਨਤਕ ਆਵਾਜਾਈ ਪ੍ਰਭਾਵਿਤ ਨਾ ਹੋਵੇ। ਇਸ ਘਟਨਾ ਨੇ ਇਕ ਵਾਰ ਫਿਰ ਇਹ ਚਰਚਾ ਛੇੜ ਦਿੱਤੀ ਹੈ ਕਿ ਰੈਲੀਆਂ ਲਈ ਸਰਕਾਰੀ ਬੱਸਾਂ ਦਾ ਵੱਡੇ ਪੱਧਰ ’ਤੇ ਇਸਤੇਮਾਲ ਕਿੰਨਾ ਕੁ ਉੱਚਿਤ ਹੈ। ਯਾਤਰੀਆਂ ਦੀ ਮੰਗ ਹੈ ਕਿ ਸਰਕਾਰ ਤੇ ਟਰਾਂਸਪੋਰਟ ਵਿਭਾਗ ਵੱਲੋਂ ਢੁੱਕਵੇਂ ਬਦਲ ਪ੍ਰਬੰਧ ਤਿਆਰ ਕੀਤੇ ਜਾਣ ਤਾਂ ਜੋ ਆਮ ਲੋਕਾਂ ਨੂੰ ਭਵਿੱਖ ਵਿੱਚ ਇਸ ਤਰ੍ਹਾਂ ਦੀ ਪਰੇਸ਼ਾਨੀ ਨਾ ਝੱਲਣੀ ਪਵੇ।