ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ ਪੱਥਰ
ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਰੱਖੇ ਗਏ ਵਿਕਾਸ ਕਾਰਜਾਂ ਦੇ ਨੀਂਹ ਪੱਥਰ
Publish Date: Fri, 03 Apr 2026 05:17 PM (IST)
Updated Date: Sat, 04 Apr 2026 04:05 AM (IST)
-ਕਿਹਾ, ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣ ਲਈ ਬਣਾਏ ਜਾ ਰਹੇ ਅੱਵਲ ਦਰਜੇ ਦੇ ਸਟੇਡੀਅਮ
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ
ਸੰਗਤ ਮੰਡੀ ਨੇੜਲੇ ਪਿੰਡ ਫੁੱਲੋ ਮਿੱਠੀ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ। ਕੈਬਨਿਟ ਮੰਤਰੀ ਖੁੱਡੀਆਂ ਵੱਲੋਂ ਨਵੀਂ ਉਸਾਰੀ ਲਈ ਲਿੰਕ ਸੜਕਾਂ ਪਿੰਡ ਫੁੱਲੋਂ ਮਿੱਠੀ ਤੋਂ ਘੁੱਦਾ ਲਈ ਲੰਬਾਈ 5.65 ਕਿਲੋਮੀਟਰ ਲਾਗਤ 194.11 ਲੱਖ ਰੁਪਏ, ਫੁੱਲੋ ਮਿੱਠੀ ਤੋਂ ਕੋਟਗੁਰੂ ਲਈ ਲੰਬਾਈ 2.70 ਕਿਲੋਮੀਟਰ ਲਾਗਤ 92.74 ਲੱਖ, ਫੁੱਲੋ ਮਿੱਠੀ ਤੋਂ ਗਹਿਰੀ ਬੁੱਟਰ ਲੰਬਾਈ 1.80 ਕਿਲੋਮੀਟਰ ਲਾਗਤ 61.80 ਅਤੇ ਲਿੰਕ ਸੜਕਾਂ ਦੀ ਰਿਪੇਅਰ ਲਈ ਪਿੰਡ ਗਹਿਰੀ ਬੁੱਟਰ ਦੀ ਫਿਰਨੀ ਲੰਬਾਈ 2.24 ਕਿਲੋਮੀਟਰ ਲਾਗਤ 46.99 ਲੱਖ, ਬਠਿੰਡਾ-ਡੱਬਵਾਲੀ ਰੋਡ ਤੋਂ ਗਹਿਰੀ ਬੁੱਟਰ ਗੁਰਦੁਆਰਾ ਸਾਹਿਬ ਤੱਕ ਲੰਬਾਈ 0.53 ਕਿਲੋਮੀਟਰ ਲਾਗਤ 10.53 ਲੱਖ ਦੇ ਕੰਮਾਂ ਸਬੰਧੀ ਨੀਂਹ ਪੱਥਰ ਰੱਖੇ ਗਏ।
ਇਸ ਮੌਕੇ ਹਲਕਾ ਬਠਿੰਡਾ ਦਿਹਾਤੀ ਇੰਚਾਰਜ ਜਸਵਿੰਦਰ ਸਿੰਘ ਛਿੰਦਾ ਨੰਦਗੜ੍ਹ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਕੈਬਨਿਟ ਮੰਤਰੀ ਖੁੱਡੀਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੀ ਭਲਾਈ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੂੰ ਪੱਕੇ ਤੌਰ ਤੇ ਰੁਜ਼ਗਾਰ ਦਿੰਦਿਆਂ ਹੁਣ ਤੱਕ 65000 ਤੋਂ ਵੱਧ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸੇ ਤਰ੍ਹਾਂ ਹੀ ਸੂਬੇ ਦੇ ਆਮ ਲੋਕਾਂ ਨੂੰ 600 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾ ਰਹੀ ਹੈ, ਜਿਸ ਤਹਿਤ 90 ਫੀਸਦੀ ਘਰਾਂ ਦੇ ਬਿੱਲ ਜ਼ੀਰੋ ਆ ਰਹੇ ਹਨ।
ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪਿੰਡਾਂ ਵਿੱਚ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਅੱਵਲ ਦਰਜੇ ਦੇ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ ਤਾਂ ਕਿ ਨੌਜਵਾਨਾਂ ਨੂੰ ਖੇਡਣ ਲਈ ਦੂਰ-ਦਰਾਡੇ ਨਾ ਜਾਣਾ ਪਵੇ। ਇਸ ਤੋਂ ਇਲਾਵਾ ਸੂਬੇ ਦੇ ਲੋਕਾਂ ਲਈ ਮੁੱਖ ਮੰਤਰੀ ਸਿਹਤ ਯੋਜਨਾ ਲਿਆਂਦੀ ਗਈ ਹੈ, ਜਿਸ ਤਹਿਤ ਸੂਬੇ ਦੇ ਲੋਕਾਂ ਦੁਆਰਾ ਆਪਣਾ ਜਾਂ ਆਪਣੇ ਪੂਰੇ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ 10 ਲੱਖ ਰੁਪਏ ਦਾ ਇਲਾਜ ਕਿਸੇ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲਾਂ ਵਿੱਚ ਕਰਵਾਇਆ ਜਾ ਸਕਦਾ ਹੈ ਅਤੇ ਇਸ ਦਾ ਭੁਗਤਾਨ ਸੂਬਾ ਸਰਕਾਰ ਦੁਆਰਾ ਕੀਤਾ ਜਾਵੇਗਾ। ਇਸ ਮੌਕੇ ਹਲਕੇ ਦੇ ਆਗੂਆਂ ਤੋਂ ਇਲਾਵਾ ਹੋਰ ਲੋਕ ਵੀ ਹਾਜ਼ਰ ਸਨ।