ਸਰਕਾਰ ਵਪਾਰੀਆਂ ਤੇ ਦੁਕਾਨਦਾਰਾਂ ਦੇ ਮੁੱਦੇ ਸੁਲਝਾਉਣ ਲਈ ਵਚਨਬੱਧ : ਵਿਧਾਇਕ ਗਿੱਲ
ਪੰਜਾਬ ਸਰਕਾਰ ਵਪਾਰੀਆਂ ਅਤੇ ਦੁਕਾਨਦਾਰਾਂ ਦੇ ਮੁੱਦਿਆਂ ਨੂੰ ਤਰਜੀਹੀ ਤੌਰਤੇ ਸੁਲਝਾਉਣ ਲਈ ਵਚਨਬੱਧ : ਵਿਧਾਇਕ ਜਗਰੂਪ ਸਿੰਘ ਗਿੱਲ
Publish Date: Wed, 18 Feb 2026 06:58 PM (IST)
Updated Date: Thu, 19 Feb 2026 04:07 AM (IST)

-ਸੂਬਾ ਸਰਕਾਰ ਦੇ ਹੁਕਮਾਂ ’ਤੇ ਵਪਾਰੀਆਂ ਦੀਆਂ ਮੁਸਕਲਾਂ ਦਾ ਕੀਤਾ ਜਾ ਰਿਹੈ ਹੱਲ : ਡੀਸੀ ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ ਪੰਜਾਬ ਸਰਕਾਰ ਵੱਲੋਂ ਵਪਾਰੀਆਂ ਸਬੰਧੀ ਮੁੱਦਿਆਂ ਨੂੰ ਤਰਜੀਹ ਤੌਰ ਤੇ ਸੁਲਝਾਉਣ ਲਈ ਜ਼ਿਲ੍ਹਾ ਪੱਧਰੀ ਵਪਾਰੀ ਮੀਟਿੰਗ ਸਥਾਨਕ ਗਾਂਧੀ ਮਾਰਕੀਟ ਨੇੜੇ ਰੇਲਵੇ ਸਟੇਸ਼ਨ ਵਿਖੇ ਕੀਤੀ ਗਈ। ਇਸ ਬੈਠਕ ’ਚ ਵੱਖ-ਵੱਖ ਵਪਾਰੀਆਂ ਅਤੇ ਉਨ੍ਹਾਂ ਸਬੰਧੀ ਸੰਗਠਨਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਵਪਾਰੀਆਂ ਅਤੇ ਦੁਕਾਨਦਾਰਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਜਗਰੂਪ ਸਿੰਘ ਗਿੱਲ ਵਿਧਾਇਕ ਬਠਿੰਡਾ ਨੇ ਕਿਹਾ ਕਿ ਪੰਜਾਬ ਸਰਕਾਰ ਵਪਾਰੀਆਂ ਅਤੇ ਦੁਕਾਨਦਾਰਾਂ ਦੇ ਮੁੱਦਿਆਂ ਨੂੰ ਤਰਜੀਹੀ ਤੌਰ ’ਤੇ ਸੁਲਝਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਮੀਟਿੰਗ ਨਿਵੇਕਲੀ ਪਹਿਲ ਹੈ, ਜਿਸ ਵਿਚ ਸਰਕਾਰ ਖੁਦ ਲੋਕਾਂ ਦੇ ਵਿਚਕਾਰ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਕੇ ਮੌਕੇ ਉੱਤੇ ਹੀ ਹੱਲ ਕਰ ਰਹੀ ਹੈ। ਇਸ ਦੌਰਾਨ ਵਿਧਾਇਕ ਭੁੱਚੋ ਮਾਸਟਰ ਜਗਸੀਰ ਸਿੰਘ ਨੇ ਕਿਹਾ ਕਿ ਵਪਾਰੀਆਂ ਦੀਆਂ ਸਮੱਸਿਆਵਾਂ ਸਮੇਂ-ਸਮੇਂ ’ਤੇ ਮੁੱਢਲੇ ਆਧਾਰ ’ਤੇ ਹੱਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਪਾਰੀ ਵਰਗ ਦੇ ਮੋਢੇ ਨਾਲ ਮੋਢਾ ਜੋੜ ਕੇ ਹਰ ਪਲ ਖੜੀ ਹੈ। ਵਿਧਾਇਕ ਮੌੜ ਸੁਖਵੀਰ ਸਿੰਘ ਮਾਇਸਰਖਾਨਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਹਰ ਇਕ ਪੰਜਾਬ ਵਾਸੀ ਨੂੰ ਲੋੜੀਂਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਸੂਬੇ ਦੇ ਹਰ ਵਸਨੀਕ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਅਤੇ ਕੈਸ਼ਲੈੱਸ ਇਲਾਜ ਦਿੱਤਾ ਜਾ ਰਿਹਾ ਹੈ। ਇਸ ਯੋਜਨਾ ਵਿੱਚ 2000 ਤੋਂ ਵੱਧ ਬਿਮਾਰੀਆਂ ਅਤੇ ਵੱਡੇ ਆਪਰੇਸ਼ਨ ਕਵਰ ਕੀਤੇ ਗਏ ਹਨ, ਜੋ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਕਰਵਾਏ ਜਾ ਸਕਦੇ ਹਨ। ਡੀਸੀ ਬਠਿੰਡਾ ਰਾਜੇਸ਼ ਧੀਮਾਨ ਨੇ ਇਸ ਮੌਕੇ ਬੋਲਦਿਆਂ ਭਰੋਸਾ ਦਵਾਇਆ ਕਿ ਵਪਾਰੀਆਂ ਸਬੰਧੀ ਸਾਰੀਆਂ ਮੁਸ਼ਕਲਾਂ ਨੂੰ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਹੱਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਪਾਰੀਆਂ ਨਾਲ ਸਬੰਧਿਤ ਸਾਰੇ ਵਿਭਾਗਾਂ ਦੇ ਮੁਖੀ ਮੀਟਿੰਗ ਚ ਹਾਜ਼ਰ ਨੇ ਜਿਨ੍ਹਾਂ ਨੂੰ ਸਬੰਧਿਤ ਮੰਗਾਂ ਬਾਰੇ ਜਾਣੂ ਕਰਵਾਇਆ ਗਿਆ ਹੈ। ਪ੍ਰਭਦੀਪ ਕੌਰ ਸਹਾਇਕ ਕਮਿਸ਼ਨਰ ਜੀਐੱਸਟੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਪਾਰੀਆਂ ਲਈ ਵਨ ਟਾਈਮ ਸੈਟਲਮੇਟ ਸਕੀਮ ਸ਼ੁਰੂ ਕੀਤੀ ਹੈ। ਇਸ ਤਹਿਤ ਜੀ.ਐੱਸ.ਟੀ ਤੋਂ ਪਹਿਲਾਂ ਵਾਲੇ ਸਮੇਂ ਦੌਰਾਨ ਲਈ ਬਣਦੀ ਬਕਾਇਆ ਰਕਮ ਜਮ੍ਹਾਂ ਕਰਵਾਉਣ ਲਈ ਸਰਕਾਰ ਵੱਲੋਂ 25 ਫੀਸਦੀ, 50 ਫੀਸਦੀ ਤੇ 75 ਫੀਸਦੀ ਛੋਟ ਵੱਖ-ਵੱਖ ਕੈਟਾਗਰੀਆਂ ਚ ਦਿੱਤੀ ਗਈ ਹੈ। ਉਨ੍ਹਾਂ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀ ਇਸ ਸਕੀਮ ਦਾ ਲਾਹਾ ਲੈਣ। ਨਾਲ ਹੀ ਉਨ੍ਹਾਂ ਕਿਹਾ ਕਿ ਵਪਾਰੀ ਨਿਯਮਾਂ ਅਨੁਸਾਰ ਆਪਣੀ ਜੀਐੱਸਟੀ ਰਿਟਰਨ ਹਰ ਮਹੀਨੇ ਭਰਨ। ਉਨ੍ਹਾਂ ਕਿਹਾ ਕਿ ਕਿਸੇ ਵੀ ਵਪਾਰੀ ਨੂੰ ਇਸ ਸਬੰਧੀ ਸਮੱਸਿਆ ਆਉਂਦੀ ਹੈ ਤਾਂ ਉਹ ਜੀ.ਐੱਸ.ਟੀ. ਦਫ਼ਤਰ ਨਾਲ ਸੰਪਰਕ ਜ਼ਰੂਰ ਕਰਨ। ਇਸ ਮੌਕੇ ਚੇਅਰਮੈਨ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਅਨਿਲ ਠਾਕੁਰ, ਚੇਅਰਮੈਨ, ਸ਼ੂਗਰਫੈੱਡ ਐਡਵੋਕੇਟ ਨਵਦੀਪ ਸਿੰਘ ਜੀਦਾ, ਚੇਅਰਮੈਨ ਕੇਂਦਰੀ ਸਹਿਕਾਰਤਾ ਬੈਂਕ ਅਮਰਦੀਪ ਸਿੰਘ ਰਾਜਨ ਬਠਿੰਡਾ, ਹਲਕਾ ਇੰਚਾਰਜ ਬਠਿੰਡਾ ਦਿਹਾਤੀ ਜਸਵਿੰਦਰ ਸਿੰਘ ਸ਼ਿੰਦਾ, ਚੇਅਰਮੈਨ ਮਾਰਕੀਟ ਕਮੇਟੀ ਬਠਿੰਡਾ ਬਲਜੀਤ ਸਿੰਘ ਬੱਲੀ, ਡਾ. ਤਰਸੇਮ ਗਰਗ ਸਟੇਟ ਸਕੱਤਰ ਮਾਲਵਾ ਪੱਛਮੀ, ਵਿਕਰਮ ਲਵਲੀ ਚੇਅਰਮੈਨ ਕਰ ਤੇ ਆਬਕਾਰੀ ਵਿਭਾਗ ਕਮੇਟੀ, ਵਧੀਕ ਡਿਪਟੀ ਕਮਿਸਨਰ ਜਨਰਲ ਮੈਡਮ ਪੂਨਮ ਸਿੰਘ, ਉੱਪ ਮੰਡਲ ਮਜਿਸਟ੍ਰੇਟ ਬਠਿੰਡਾ ਬਲਕਰਨ ਸਿੰਘ, ਜਗਦੀਸ਼ ਬਿਸ਼ਨੋਈ ਐਸਪੀ. (ਹੈਡਕੁਆਰਟਰ) ਬਠਿੰਡਾ, ਹਰਪਾਲ ਸਿੰਘ ਖੁਰਮੀ ਆਦਿ ਹਾਜ਼ਰ ਸਨ।