ਮੇਲੇ ਪੁਰਾਣੀ ਵਿਰਾਸਤ ਨਾਲ ਜੋੜਨ ਦਾ ਕਰਦੇ ਨੇ ਕੰਮ : ਜਥੇ. ਖੁੱਡੀਆਂ
ਵਿਰਾਸਤੀ ਮੇਲੇ ਸਾਨੂੰ ਸਾਡੀ ਪੁਰਾਣੀ ਵਿਰਾਸਤ ਨਾਲ ਜੋੜਨ ਦਾ ਕੰਮ ਕਰਦੇ ਹਨ : ਜਥੇਦਾਰ ਗੁਰਮੀਤ ਸਿੰਘ ਖੁੱਡੀਆਂ
Publish Date: Sat, 21 Mar 2026 06:57 PM (IST)
Updated Date: Sun, 22 Mar 2026 04:11 AM (IST)
-ਕਲਾਕਾਰ ਬੀਨੂ ਢਿੱਲੋਂ, ਕਰਮਜੀਤ ਅਨਮੋਲ ਨੇ ਵਿਸ਼ੇਸ਼ ਤੌਰ ’ਤੇ ਕੀਤੀ ਸ਼ਿਰਕਤ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ 19 ਵੇਂ ਵਿਰਾਸਤ ਦਾ ਆਗਾਜ਼ ਸ਼ਾਨੋ-ਸ਼ੌਕਤ ਨਾਲ ਅੱਜ ਕੀਤਾ ਗਿਆ। ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਅੱਜ ਮੇਲੇ ਦੇ ਪਹਿਲੇ ਦਿਨ ਲੋਕਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਜੱਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਅਜਿਹੇ ਵਿਰਾਸਤੀ ਮੇਲੇ ਸਾਡੀ ਪੁਰਾਣੀ ਵਿਰਾਸਤ ਨੂੰ ਸੰਭਾਲਣ ’ਚ ਪੂਰਾ ਸਹਿਯੋਗ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਮੇਲਿਆਂ ਦੀ ਧਰਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਰਾਸਤੀ ਮੇਲਿਆਂ ਨਾਲ ਬੱਚਿਆਂ ਨੂੰ ਚੰਗੀ ਜਾਣਕਾਰੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਪੰਜਾਬ ਦੇ ਲੋਕ ਵਿਰਾਸਤ ਤੋਂ ਦੂਰ ਹੋ ਰਹੇ ਹਨ ਪਰ ਅਜਿਹੇ ਵਿਰਾਸਤੀ ਮੇਲੇ ਸਾਨੂੰ ਵਿਰਾਸਤ ਨਾਲ ਜੁੜਨ ਦੀ ਯਾਦ ਦਿਵਾ ਰਹੇ ਹਨ। ਇਸ ਮੌਕੇ ਕਲਾਕਾਰ ਬੀਨੂ ਢਿੱਲੋਂ ਅਤੇ ਕਰਮਜੀਤ ਅਨਮੋਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਉਨ੍ਹਾਂ ਆਪਣੇ ਲੋਕ ਸੰਦੇਸ਼ ਦੌਰਾਨ ਹਾਜ਼ਰੀਨ ਦਾ ਮਨੋਰੰਜਨ ਕੀਤਾ। ਚੰਡੀਗੜ੍ਹ ਤੋਂ ਵਿਸ਼ੇਸ਼ ਰੂਪ ’ਚ ਆਏ ਜੁਗਨੀ ਗਰੁੱਪ ਨੇ ਭੰਗੜਾ ਪੇਸ਼ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ, ਮੇਅਰ ਬਠਿੰਡਾ ਪਦਮਜੀਤ ਮਹਿਤਾ, ਮਾਲਵਾ ਫਾਊਂਡੇਸ਼ਨ ਦੇ ਸਰਪ੍ਰਸਤ ਹਰਵਿੰਦਰ ਸਿੰਘ ਖਾਲਸਾ ਅਤੇ ਹੋਰ ਮੋਹਤਵਰ ਲੋਕ ਹਾਜ਼ਰ ਸਨ।
-60 ਸੈਲਫ ਹੈਲਪ ਗਰੁੱਪਾਂ ਵੱਲੋਂ ਲਗਾਏ ਗਏ ਹਨ ਸਟਾਲ
ਜ਼ਿਲ੍ਹਾ ਬਠਿੰਡਾ ਦੀ ਵੱਖ ਵੱਖ ਸਵੈ-ਸੇਵੀ ਗਰੁੱਪਾਂ ਵੱਲੋਂ ਆਪਣੇ ਵੱਲੋਂ ਬਣਾਏ ਉਤਪਾਦ ਮੇਲੇ ਵਿਖੇ ਵੇਚੇ ਜਾ ਰਹੇ ਹਨ। ਉਨ੍ਹਾਂ ਗਰੁੱਪਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਫ਼ਤ ਚ ਸਟਾਲ ਦਿੱਤੇ ਗਏ ਹਨ ਤਾਂ ਜੋ ਇਨ੍ਹਾਂ ਨੂੰ ਆਪਣੀਆਂ ਬਣਾਈਆਂ ਚੀਜਾਂ ਵੇਚਣ ਲਈ ਢੁੱਕਵੀਂ ਥਾਂ ਅਤੇ ਬਜਾਰ ਮਿਲੇ। ਨੌਜਵਾਨ ਪੀੜ੍ਹੀ ਨੂੰ ਸੱਭਿਆਚਾਰ ਅਤੇ ਵਿਰਾਸਤ ਨਾਲ ਜੋੜਨ ਲਈ ਮੇਲੇ ਚ ਚਾਰ ਵਿਸ਼ੇਸ਼ ਸੈਲਫੀ ਪੁਆਇੰਟ ਬਣਾਏ ਗਏ ਹਨ ਜਿਹੜੇ ਮੇਲੇ ਤੇ ਆਏ ਲੋਕਾਂ ਲਈ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਸੀਨੀਅਰ ਪੁਲੀਸ ਕਪਤਾਨ ਮੈਡਮ ਜਯੋਤੀ ਯਾਦਵ ਬੈਂਸ, ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ, ਅਮਰਦੀਪ ਸਿੰਘ ਰਾਜਨ ਬਠਿੰਡਾ, ਮੇਅਰ ਪਦਮਜੀਤ ਮਹਿਤਾ, ਚੇਅਰਮੈਨ, ਚੇਅਰਮੈਂਨ ਜਤਿੰਦਰ ਸਿੰਘ ਭੱਲਾ, ਚੇਅਰਮੈਨ ਨੀਲ ਗਰਗ, ਰਾਕੇਸ਼ ਪੁਰੀ, ਹਰਦੀਪ ਸਿੰਘ ਸਰਾਂ ਆਦਿ ਹਾਜ਼ਰ ਸਨ।